‘ਬੰਦ ਕਰੋ ਅਜਿਹੀਆਂ ਗੱਲਾਂ’ ਇਹ ਦੇਸ਼ਹਿੱਤ ’ਚ ਨਹੀਂ

01/15/2020 1:25:50 AM

ਇਕ ਪਾਸੇ ਦੇਸ਼ ਨਾਗਰਿਕਤਾ ਸੋਧ ਕਾਨੂੂੰਨ ਅਤੇ ਹੋਰ ਨਾਜ਼ੁਕ ਮੁੱਦਿਆਂ ਨੂੰ ਲੈ ਕੇ ਅੰਦੋਲਨਾਂ ਅਤੇ ਪ੍ਰਦਰਸ਼ਨਾਂ ਦੀ ਅੱਗ ’ਚ ਝੁਲਸ ਰਿਹਾ ਹੈ ਤਾਂ ਦੂਜੇ ਪਾਸੇ ਰਾਜਨੇਤਾਵਾਂ ਨੇ ਇਸ ਬਾਰੇ ਵਾਦ-ਵਿਵਾਦ ਵਾਲੇ ਅਤੇ ਤਣਾਅ ਪੈਦਾ ਕਰਨ ਵਾਲੇ ਬਿਆਨ ਦੇ ਕੇ ਦੇਸ਼ ਦਾ ਮਾਹੌਲ ਵਿਗਾੜਨਾ ਸ਼ੁਰੂ ਕੀਤਾ ਹੋਇਆ ਹੈ, ਜੋ ਹੇਠ ਲਿਖੀਆਂ ਕੁਝ ਉਦਾਹਰਣਾਂ ਤੋਂ ਨਜ਼ਰ ਆਉਂਦਾ ਹੈ :

* 06 ਜਨਵਰੀ ਨੂੰ ‘ਸ਼ਿਵ ਸੈਨਾ’ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਦੇ ਸੰਪਾਦਕੀ ’ਚ ਦੋਸ਼ ਲਾਇਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਚਾਹੁੰਦੇ ਸਨ, ਉਹੀ ਹੋ ਰਿਹਾ ਹੈ। ਇੰਨੀ ਘਟੀਆ ਰਾਜਨੀਤੀ ਕਦੇ ਕਿਸੇ ਨੇ ਨਹੀਂ ਕੀਤੀ। ਭਾਜਪਾ ਹਿੰਦੂ-ਮੁਸਲਿਮ ਦੰਗੇ ਹੁੰਦੇ ਦੇਖਣਾ ਚਾਹੁੰਦੀ ਹੈ। ਸੀ. ਏ. ਏ. ਕਾਨੂੰਨ ਉੱਤੇ ਅਲੱਗ-ਥਲੱਗ ਪੈਣ ਕਾਰਣ ਹੁਣ ਕਈ ਗੱਲਾਂ ਬਦਲੇ ਦੀ ਭਾਵਨਾ ਨਾਲ ਹੋ ਰਹੀਆਂ ਹਨ।’’

* 07 ਜਨਵਰੀ ਨੂੰ ਕਾਂਗਰਸ ਦੇ ਸੋਸ਼ਲ ਮੀਡੀਆ ਮੁਖੀ ਰੋਹਨ ਗੁਪਤਾ ਨੇ ਪਾਰਟੀ ਦੇ ਅਧਿਕਾਰਤ ਟਵਿਟਰ ਹੈਂਡਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਜਰਮਨੀ ਦੇ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕਰਦੇ ਹੋਏ ਲਿਖਿਆ, ‘‘ਭਾਜਪਾ ਦਾ ਪ੍ਰਚਾਰ ਤੰਤਰ ਅਤੇ ਕੰਮ ਸਾਨੂੰ ਜਰਮਨੀ ਦੇ ਨਾਜ਼ੀ ਸ਼ਾਸਨ ਵਾਲੀ ਤਾਨਾਸ਼ਾਹੀ ਦੀ ਯਾਦ ਦਿਵਾਉਂਦੇ ਹਨ...।’’

* 07 ਜਨਵਰੀ ਨੂੰ ਹੀ ਆਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਤਰੁਣ ਗੋਗੋਈ ਨੇ ਕਿਹਾ, ‘‘ਨਰਿੰਦਰ ਮੋਦੀ ਵੀ ਭਾਰਤ ਦੀ ਧਰਮ ਦੇ ਆਧਾਰ ’ਤੇ ਵੰਡ ਕਰਨ ਵਾਲੇ ਮੁਹੰਮਦ ਅਲੀ ਜਿੱਨਾਹ ਦੀ ਦੋ ਰਾਸ਼ਟਰਾਂ ਦੀ ਥਿਊਰੀ ਉੱਤੇ ਚੱਲ ਰਹੇ ਹਨ।’’

* 11 ਜਨਵਰੀ ਨੂੰ ਰਾਕਾਂਪਾ ਦੇ ਨੇਤਾ ਅਮੋਲ ਮਿਟਕਰੀ ਬੋਲੇ, ‘‘ਚਾਹ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੈ। ਚਾਹ ਪੀਣ ਨਾਲ ਵਿਅਕਤੀ ਨੂੰ ਡਾਇਬਟੀਜ਼ ਅਤੇ ਹੋਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸੇ ਤਰ੍ਹਾਂ ਜਦੋਂ ਤੋਂ ਦੇਸ਼ ਦੇ ਮੁੱਖ ਅਹੁਦੇ ’ਤੇ ਚਾਹ ਵਾਲਾ ਬੈਠਾ ਹੈ, ਉਦੋਂ ਤੋਂ ਦੇਸ਼ ਦਾ ਮਾਹੌਲ ਵਿਗੜ ਗਿਆ ਹੈ। ਇਸ ਲਈ ਦੇਸ਼ ਦੇ ਪ੍ਰਮੁੱਖ ਅਹੁਦੇ ’ਤੇ ਬੈਠੇ ਚਾਹ ਵਾਲੇ ਨੂੰ ਹਟਾਉਣਾ ਜ਼ਰੂਰੀ ਹੈ।’’

* 12 ਜਨਵਰੀ ਨੂੰ ਉੱਤਰ ਪ੍ਰਦੇਸ਼ ਕਿਰਤ ਵਿਭਾਗ ਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਰਘੁਰਾਜ ਸਿੰਘ (ਭਾਜਪਾ) ਨੇ ਅਲੀਗੜ੍ਹ ਵਿਚ ਕਿਹਾ, ‘‘ਜੇਕਰ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਨਾਅਰੇ ਲਾਓਗੇ ਤਾਂ ਤੁਹਾਨੂੰ ਜ਼ਿੰਦਾ ਦਫਨ ਕਰ ਦੇਵਾਂਗਾ।’’

‘‘ਮੈਂ ਇਨ੍ਹਾਂ ਮੁੱਠੀ ਭਰ ਅਤੇ ਇਕ ਫੀਸਦੀ ਅਪਰਾਧੀ ਅਤੇ ਭ੍ਰਿਸ਼ਟ ਲੋਕਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਯੋਗੀ ਆਦਿੱਤਿਆਨਾਥ ਵਿਰੁੱਧ ‘ਮੁਰਦਾਬਾਦ’ ਦੇ ਨਾਅਰੇ ਨਾ ਲਾਉਣ। ਮੈਂ ਤੁਹਾਨੂੰ ਜ਼ਿੰਦਾ ਦਫਨ ਕਰ ਦੇਵਾਂਗਾ। ਯੋਗੀ ਅਤੇ ਮੋਦੀ ਅਜਿਹੇ ਲੋਕ ਨਹੀਂ ਹਨ, ਜੋ ਡਰ ਜਾਣਗੇ। ਇਹ ਦੇਸ਼ ਨੂੰ ਚਲਾਉਣਗੇ ਅਤੇ ਇਸੇ ਤਰ੍ਹਾਂ ਚਲਾਉਣਗੇ।’’

* 13 ਜਨਵਰੀ ਨੂੰ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ, ‘‘ਸੀ. ਏ. ਏ. ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪਬਲਿਕ ਪ੍ਰਾਪਰਟੀ ਤੋੜਨ ਵਾਲੇ ‘ਰਾਖਸ਼ਸਾਂ’ ਨੂੰ ਭਾਜਪਾ ਸ਼ਾਸਿਤ ਸੂਬਿਆਂ ਵਿਚ ਘਸੀਟ ਕੇ ਕੁੱਤਿਆਂ ਵਾਂਗ ਗੋਲੀਆਂ ਨਾਲ ਮਾਰਿਆ ਗਿਆ ਕਿਉਂਕਿ ਇਹ ਉਨ੍ਹਾਂ ਦੇ ਬਾਪ ਦੀ ਸੰਪਤੀ ਨਹੀਂ ਸੀ ਅਤੇ ਉਨ੍ਹਾਂ ਦੇ ਉਪਰ ਕੇਸ ਵੀ ਪਾ ਦਿੱਤੇ।’’

‘‘ਤੁਸੀਂ ਲੋਕ ਇਥੇ ਆਓਗੇ, ਇਥੇ ਖਾਓਗੇ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਓਗੇ। ਅਸੀਂ ਤੁਹਾਨੂੰ ਲਾਠੀਆਂ-ਗੋਲੀਆਂ ਨਾਲ ਮਾਰਾਂਗੇ, ਤੁਹਾਡੀਆਂ ਖੋਪੜੀਆਂ ਤੋੜ ਦੇਵਾਂਗੇ ਅਤੇ ਜੇਲਾਂ ਵਿਚ ਡੱਕ ਦੇਵਾਂਗੇ। ਸਾਡੀ ਸਰਕਾਰ ਨੇ ਇਹੀ ਕੀਤਾ ਹੈ।’’

‘‘ਦੀਦੀ (ਮਮਤਾ ਬੈਨਰਜੀ) ਵਿਚ ਦਮ ਨਹੀਂ ਹੈ। ਉਨ੍ਹਾਂ ਦੀ ਪੁਲਸ ਨੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਉਨ੍ਹਾਂ ਦੇ ਵੋਟਰ ਸਨ।’’

ਦੂਜੇ ਪਾਸੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ (ਭਾਜਪਾ) ਦੇ ਅਨੁਸਾਰ, ‘‘ਦਿਲੀਪ ਦਾ ਨੇ ਜੋ ਕੁਝ ਕਿਹਾ ਹੈ, ਉਸ ਨਾਲ ਭਾਜਪਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਉਨ੍ਹਾਂ ਦੀ ਕਾਲਪਨਿਕ ਸੋਚ ਹੈ। ਉੱਤਰ ਪ੍ਰਦੇਸ਼ ਅਤੇ ਆਸਾਮ ਵਿਚ ਭਾਜਪਾ ਸਰਕਾਰ ਕਦੇ ਵੀ ਅਤੇ ਕਿਸੇ ਵੀ ਕਾਰਣ ਲੋਕਾਂ ਨੂੰ ਗੋਲੀ ਨਹੀਂ ਮਾਰਦੀ ਅਤੇ ਇਹ ਦਿਲੀਪ ਘੋਸ਼ ਦਾ ਬੇਹੱਦ ਗੈਰ-ਜ਼ਿੰਮੇਵਾਰਾਨਾ ਬਿਆਨ ਹੈ।’’

‘‘ਇਸ ਦੇ ਜਵਾਬ ਵਿਚ ਦਿਲੀਪ ਘੋਸ਼ ਨੇ ਕਿਹਾ ਕਿ ‘‘ਲੋਕ ਆਪਣੀ ਸੋਚ ਅਤੇ ਸਮਝ ਅਨੁਸਾਰ ਕੋਈ ਵੀ ਗੱਲ ਕਹਿੰਦੇ ਹਨ। ਮੈਂ ਆਪਣੀ ਸੋਚ ਅਤੇ ਸਮਝ ਅਨੁਸਾਰ ਆਪਣੀ ਗੱਲ ਕਹੀ ਹੈ। ਮੇਰਾ ਮੰਨਣਾ ਹੈ ਕਿ ਸਾਡੀਆਂ ਸਰਕਾਰਾਂ ਨੇ ਅਜਿਹਾ ਕੀਤਾ ਹੈ ਅਤੇ ਜੇਕਰ ਸਾਨੂੰ ਇਕ ਮੌਕਾ ਮਿਲਿਆ (ਬੰਗਾਲ ਵਿਚ) ਤਾਂ ਅਸੀਂ ਵੀ ਇਹੀ ਕਰਾਂਗੇ।’’

ਇਨ੍ਹਾਂ ਬਿਆਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਲੋਕਤੰਤਰ ਦੀ ਮਰਿਆਦਾ ਦੇ ਅਨੁਰੂਪ ਨਹੀਂ ਕਿਹਾ ਜਾ ਸਕਦਾ। ਇਸ ਲਈ ਲੋਕਤੰਤਰ ਦਾ ਕਥਿਤ ਤੌਰ ’ਤੇ ਨਾਂ ਲੈਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹੇ ਬਿਆਨਾਂ ਨਾਲ ਸਮਾਜ ’ਚ ਕੁੜੱਤਣ ਅਤੇ ਨਫਰਤ ਪੈਦਾ ਕਰ ਕੇ ਉਹ ਦੇਸ਼ ਅਤੇ ਲੋਕਤੰਤਰ ਦੀ ਕਿਹੜੀ ਸੇਵਾ ਕਰ ਰਹੇ ਹਨ!

–ਵਿਜੇ ਕੁਮਾਰ\\\


Bharat Thapa

Content Editor

Related News