‘ਪਾਕਿਸਤਾਨ ਦੀ ਸਿਆਸਤ ’ਚ ਭੂਚਾਲ’ ‘ਇਮਰਾਨ ਦੇ ਹੱਥੋਂ ਖਿਸਕ ਰਹੀ ਸੱਤਾ’

10/22/2020 3:01:41 AM

ਜਿਵੇਂ ਕਿ ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ, ਆਪਣੀ ਹੋਂਦ ’ਚ ਆਉਣ ਦੇ ਸਮੇਂ ’ਚੋਂ ਹੀ ਪਾਕਿਸਤਾਨ ਦੇ ਸ਼ਾਸਕਾਂ ਨੇ ਆਪਣਾ ਭਾਰਤ ਵਿਰੋਧੀ ਏਜੰਡਾ ਜਾਰੀ ਰੱਖਿਆ ਹੋਇਆ ਹੈ, ਜਦਕਿ ਭਾਰਤ ਦਾ ਵਤੀਰਾ ਪਾਕਿਸਤਾਨ ਦੇ ਪ੍ਰਤੀ ਮਿੱਤਰਤਾ ਵਾਲਾ ਰਿਹਾ ਹੈ।

ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ 1965 ਦੀ ਜੰਗ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਯੂਬਖਾਨ ਦੇ ਦਰਮਿਆਨ 11 ਜਨਵਰੀ, 1966 ਨੂੰ ਉਜਬੇਕਿਸਤਾਨ ’ਚ ਸਮਝੌਤਾ ਹੋਇਆ।

ਇਸ ’ਚ ਦੋਵੇਂ ਦੇਸ਼ ਇਕ ਦੂਸਰੇ ਦੇ ਵਿਰੁਧ ਤਾਕਤ ਦੀ ਵਰਤੋਂ ਨਾ ਕਰਨ ਅਤੇ ਆਪਣੇ ਆਪਸੀ ਵਿਵਾਦ ਸ਼ਾਂਤੀਪੂਰਵਕ ਹੱਲ ਕਰਨ ’ਤੇ ਸਹਿਮਤ ਹੋਏ । ਦੋਵਾਂ ਦੇਸ਼ਾਂ ਨੇ ਆਪਣੀਅਾਂ ਫੌਜਾਂ 5 ਅਗਸਤ 1965 ਦੀ ਸਥਿਤੀ ’ਤੇ ਪਿੱਛੇ ਹਟਾਉਣ ਦੀ ਸਹਿਮਤੀ ਪ੍ਰਗਟ ਕੀਤੀ।

ਸ਼ਾਸਤਰੀ ਜੀ ਦੇ ਨਾਲ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਵੀ ਗਏ ਸਨ, ਜਿਨ੍ਹਾਂ ਨੂੰ ਸ਼ਾਸਤਰੀ ਜੀ ਨੇ ਭਾਰਤ ’ਚ ਪ੍ਰਤੀਕਿਰਿਆ ਜਾਣਨ ਲਈ ਕਿਹਾ। ਨਈਅਰ ਨੇ ਇਕ ਫੋਨ ਮੈਨੂੰ ਵੀ ਕੀਤਾ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਲੋਕਾਂ ਦੀ ਪ੍ਰਤੀਕਿਰਿਆ ਚੰਗੀ ਨਹੀਂ ਹੈ।

ਐਲਾਨ ’ਤੇ ਦਸਤਖਤ ਦੇ ਕੁਝ ਘੰਟਿਅਾਂ ਬਾਅਦ ਸ਼ਾਸਤਰੀ ਜੀ ਦੀ ਮੌਤ ਹੋ ਗਈ ਅਤੇ ਪਾਕਿਸਤਾਨ ਆਪਣੇ ਵਚਨ ’ਤੇ ਕਾਇਮ ਨਹੀਂ ਰਿਹਾ।

ਫਿਰ 1971 ਦੀ ਭਾਰਤ-ਪਾਕਿ ਜੰਗ ਦੇ ਬਾਅਦ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ (ਆਪਣੀ ਬੇਟੀ ਬੇਨਜ਼ੀਰ ਭੁੱਟੋ ਦੇ ਨਾਲ) ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਰਮਿਆਨ 2 ਜੁਲਾਈ, 1972 ਨੂੰ ਸ਼ਿਮਲਾ ’ਚ ਸ਼ਾਂਤੀ ਸਮਝੌਤੇ ’ਤੇ ਦਸਤਖਤ ਹੋਏ, ਜਿਸ ’ਚ ਪਾਕਿਸਤਾਨ ਨੇ ਇਕ ਵਾਰ ਫਿਰ ਦੋਵਾਂ ਦੇਸ਼ਾਂ ਦੇ ਦਰਮਿਆਨ ਕਸ਼ਮੀਰ ਸਮੇਤ ਸਾਰੇ ਮੁੱਦੇ ਗੱਲਬਾਤ ਰਾਹੀਂ ਹੱਲ ਕਰਨ ਦਾ ਭਰੋਸਾ ਦਿੱਤਾ ਪਰ ਇਸਦੇ ਬਾਅਦ ਵੀ ਕੌਮਾਂਤਰੀ ਮੰਚਾਂ ’ਤੇ ਭਾਰਤ ਵਿਰੁੱਧ ਮੁੱਦੇ ਉਠਾਏ ਜਾਂਦੇ ਰਹੇ ਹਨ।

ਭਾਰਤੀ ਨੇਤਾ ਸਦਾ ਪਾਕਿਸਤਾਨ ਦੇ ਨਾਲ ਬਿਹਤਰ ਰਿਸ਼ਤਿਅਾਂ ਦੀ ਲੋੜ ’ਤੇ ਜ਼ੋਰ ਦਿੰਦੇ ਰਹੇ, ਓਧਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ’ਚ ਵੀ ਗੱਲਬਾਤ ਜਾਰੀ ਰੱਖੀ : ਉਨ੍ਹਾਂ ਦੀ ਸੋਚ ਸੀ ਕਿ ਜਿਸ ਤਰ੍ਹਾਂ ਪਾਕਿਸਤਾਨ ਨਾਲੋਂ ਬੰਗਲਾਦੇਸ਼ ਟੁੱਟਿਆ ਹੈ, ਉਸੇ ਤਰ੍ਹਾਂ ਇਕ ਦਿਨ ਪਾਕਿਸਤਾਨ ਵੀ ਸਾਡੇ ਕੋਲ ਆ ਜਾਵੇਗਾ। ਇਸ ਲਈ ‘ਦਿਲ ਮਿਲੇਂ ਯਾ ਨਾ ਮਿਲੇਂ, ਹਾਥ ਮਿਲਾਤੇ ਰਹਨਾ ਚਾਹੀਏ।’’ ਮੁਲਾਕਾਤਾਂ ਜਾਰੀ ਰੱਖੋ, ਇਸ ਦਾ ਸੁਖਾਵਾਂ ਨਤੀਜਾ ਜ਼ਰੂਰ ਮਿਲੇਗਾ।

1988 ’ਚ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੇਖਿਆ ਕਿ ਭਾਰਤ ਦੇ ਵਿਰੁੱਧ ਤਿੰਨ-ਤਿੰਨ ਜੰਗਾਂ ਲੜ ਕੇ ਵੀ ਪਾਕਿਸਤਾਨ ਹਾਰ ਜਾਂਦਾ ਹੈ ਤਾਂ ਉਨ੍ਹਾਂ ਨੇ ਭਾਰਤ ਵਲ ਦੋਸਤੀ ਦਾ ਹੱਥ ਵਧਾਇਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਆਪਸੀ ਮਿੱਤਰਤਾ ਤੇ ਸ਼ਾਂਤੀ ਲਈ 21 ਫਰਵਰੀ, 1999 ਨੂੰ ਲਾਹੌਰ ਐਲਾਨ ਪੱਤਰ ’ਤੇ ਦਸਤਖਤ ਕੀਤੇ।

ਪਰ ਤਤਕਾਲੀਨ ਫੌਜ ਮੁਖੀ ਪ੍ਰਵੇਜ਼ ਮੁਸ਼ਰਫ ਨੇ ਵਾਜਪਾਈ ਜੀ ਨਾਲ ਮਿਲਣ ’ਤੇ ਪ੍ਰੋਟੋਕਾਲ ਦੀ ਉਲੰਘਣਾ ਕਰਦੇ ਹੋਏ ਨਾ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਵਾਜਪਾਈ ਜੀ ਦੇ ਸਨਮਾਨ ’ਚ ਦਿੱਤੇ ਗਏ ਭੋਜ ’ਚ ਸ਼ਾਮਲ ਹੋਇਆ।

ਮੁਸ਼ਰਫ 2001 ’ਚ ਸ਼੍ਰੀ ਵਾਜਪਾਈ ਨਾਲ ਗੱਲਬਾਤ ਕਰਨ ਲਈ ‘ਆਗਰਾ’ ਆਇਆ ਪਰ ਗੱਲਬਾਤ ਅਧੂਰੀ ਛੱਡ ਕੇ ਵਾਪਸ ਚਲਾ ਗਿਆ।

ਬਾਅਦ ’ਚ ਮੁਸ਼ਰਫ ਨੇ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੱਤਾ ਅਤੇ ਸੱਤਾ ਹਥਿਆਉਣ ਦੇ ਬਾਅਦ ਦੇਸ਼ ਨਿਕਾਲਾ ਦੇ ਕੇ ਭਾਰਤ ’ਚ ਅੱਤਵਾਦ ਨੂੰ ਸ਼ਹਿ ਦੇਣ ਦੇ ਲਈ ਜੰਮੂ-ਕਸ਼ਮੀਰ ’ਚ ਵੱਡੀ ਗਿਣਤੀ ’ਚ ਅੱਤਵਾਦੀ ਭੇਜਣੇ ਸ਼ੁਰੂ ਕਰ ਦਿੱਤੇ ਤੇ 1999 ਨੂੰ ਕਾਰਗਿਲ ’ਤੇ ਹਮਲਾ ਕਰ ਦਿੱਤਾ।

ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸੰਬੰਧਾਂ ’ਚ ਸੁਧਾਰ ਦੇ ਲਈ ਅਮਰੀਕਾ ’ਚ ਵੀ ਗੱਲਬਾਤ ਦਾ ਦੌਰ ਚੱਲਿਆ ਅਤੇ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਾਰਨ ’ਤੇ ਸਹਿਮਤੀ ਬਣੀ ਪਰ ਅਜਿਹਾ ਨਹੀਂ ਹੋਇਆ।

ਹੁਣ ਇਸ ਦਿਸ਼ਾ ’ਚ ਇਕ ਕਦਮ ਇਮਰਾਨ ਖਾਨ ਨੇ ਵੀ ਵਧਾਇਆ ਅਤੇ 18 ਅਗਸਤ, 2018 ਨੂੰ ਆਪਣੇ ਸਹੁੰ ਚੁੱਕ ਸਮਾਰੋਹ ’ਚ ਭਾਰਤੀ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੱਧੂ ਨੂੰ ਸੱਦਿਆ ਅਤੇ ਭਾਰਤ ਨਾਲ ਸਬੰਧ ਸੁਧਾਰਨ ਲਈ ਕਰਤਾਰਪੁਰ ਗਲਿਆਰਾ ਖੋਲ੍ਹਿਆ।

ਉਨ੍ਹਾਂ ਨੇ ਸਿੱਖ ਪਿਛੋਕੜ ਵਾਲੇ ਜਨਰਲ ਕਮਰ ਜਾਵੇਦ ਬਾਜਵਾ ਨੂੰ ਫੌਜ ਮੁਖੀ ਬਣਾਇਆ ਅਤੇ ਆਪਣੇ ਸਲਾਹਕਾਰ ਲੈਫ. ਜਨਰਲ (ਰਿਟਾ.) ਆਸਿਮ ਸਲੀਮ ਬਾਜਵਾ ਦੀ ‘ਭ੍ਰਿਸ਼ਟਾਚਾਰ ਦੋਸ਼ਾਂ’ ਦੇ ਕਾਰਨ ਛੁੱਟੀ ਕਰ ਦਿੱਤੀ। ਪਾਕਿਸਤਾਨ ’ਚ ਵਧ ਰਹੇ ਆਪਣੇ ਵਿਰੋਧ ਦੇ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ।

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ‘ਮਰੀਅਮ ਨਵਾਜ਼’ ਦੀ ਅਗਵਾਈ ’ਚ 11 ਵਿਰੋਧੀ ਪਾਰਟੀਅਾਂ ਨੇ ਰਲ ਕੇ ਇਮਰਾਨ ਦੇ ਵਿਰੁੱਧ ਬਗਾਵਤ ਦੀ ਆਵਾਜ਼ ਬੁਲੰਦ ਕਰ ਦਿੱਤੀ ਹੈ। ‘ਮਰੀਅਮ ਦੇ ਪਤੀ ਕੈਪਟਨ ਸਫਦਰ’ ਦੀ ਅੱਧੀ ਰਾਤ ਦੇ ਸਮੇਂ ਗ੍ਰਿਫਤਾਰੀ ਦ ੇ ਬਾਅਦ ਸਿਆਸਤ ’ਚ ਭੂਚਾਲ ਆ ਗਿਆ ਹੈ ਅਤੇ ਇਮਰਾਨ ਖਾਨ ਸਰਕਾਰ ਦਾ ਬਚਾਅ ਕਰਨਾ ਪਾਕਿਸਤਾਨ ਦੀ ਫੌਜ ਲਈ ਅਸੰਭਵ ਹੋ ਗਿਆ ਹੈ।

ਪਾਕਿਸਤਾਨ ’ਚ ਲਗਾਤਾਰ ਧਮਾਕੇ ਹੋ ਰਹੇ ਹਨ ਅਤੇ 21 ਅਕਤੂਬਰ ਨੂੰ ਕਰਾਚੀ ’ਚ ਇਕ ਇਮਾਰਤ ’ਚ ਧਮਾਕੇ ਦੇ ਕਾਰਨ 5 ਵਿਅਕਤੀ ਮਾਰੇ ਗਏ।

ਹਾਲਾਤ ਇੰਨੇ ਖਰਾਬ ਹਨ ਕਿ ਜਿਥੇ ਸਿੰਧ ਸੂਬੇ ’ਚ ਫੌਜ ਅਤੇ ਪੁਲਸ ਦੇ ਦਰਮਿਆਨ ਝੜਪਾਂ ਹੋ ਰਹੀਅਾਂ ਹਨ, ਉਥੇ ਸਿੰਧ ਪੁਲਸ ਨੇ ਸਮੂਹਿਕ ਛੁੱਟੀਅਾਂ ਲਈ ਬਿਨੈ ਕਰ ਦਿੱਤਾ ਹੈ ਅਤੇ ਪੁਲਸ ਨੂੰ ਸ਼ਾਂਤ ਕਰਨ ਦੀਅਾਂ ਕੋਸ਼ਿਸ਼ਾਂ ਅਸਫਲ ਹੋ ਰਹੀਅਾਂ ਹਨ ਅਤੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਇੰਝ ਜਾਪਦਾ ਹੈ ਕਿ ਜਿਵੇਂ ਪਾਕਿਸਤਾਨ ਖਾਨਾ ਜੰਗੀ ਵਲ ਵਧ ਰਿਹਾ ਹੈ।

ਪਾਕਿਸਤਾਨ ਦੀ ਸਿਆਸਤ ’ਚ ਜੋ ਭੂਚਾਲ ਆਇਆ ਹੈ, ਰੁਕਦਾ ਦਿਖਾਈ ਨਹੀਂ ਦਿੰਦਾ ਅਤੇ ਇਸ ’ਚ ‘ਇਮਰਾਨ ਖਾਨ ਦੇ ਹੱਥਾਂ ’ਚੋਂ ਸੱਤਾ ਤਿਲਕਦੀ ਜਾ ਰਹੀ ਹੈ।

–ਵਿਜੇ ਕੁਮਾਰ


Bharat Thapa

Content Editor

Related News