‘ਦਿਨ-ਪ੍ਰਤੀ-ਦਿਨ ਅਪਰਾਧੀਆਂ ਦੇ ਵਧਦੇ ਹੌਸਲੇ’, ‘ਹੁਣ ਕਰ ਰਹੇ ਪੁਲਸ ’ਤੇ ਵੀ ਹਮਲੇ’
Tuesday, Mar 18, 2025 - 05:59 PM (IST)

ਦੇਸ਼ ’ਚ ਅਪਰਾਧੀਆਂ ਦੇ ਹੌਸਲੇ ਦਿਨ-ਪ੍ਰਤੀ-ਦਿਨ ਵਧਦੇ ਜਾ ਰਹੇ ਹਨ ਅਤੇ ਹੁਣ ਤਾਂ ਅਪਰਾਧੀ ਤੱਤਾਂ ਨੇ ਦਿਨ-ਦਿਹਾੜੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ’ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੀਆਂ ਪਿਛਲੇ ਸਿਰਫ 5 ਦਿਨਾਂ ਦੀ ਮਿਸਾਲਾਂ ਹੇਠਾਂ ਦਰਜ ਹਨ :
* 12 ਮਾਰਚ ਨੂੰ ‘ਅਰਰੀਆ’ (ਬਿਹਾਰ) ’ਚ ਇਕ ਅਪਰਾਧੀ ਨੂੰ ਪੁਲਸ ਟੀਮ ਨਾਲ ਫੜਨ ਗਏ ਏ. ਐੱਸ. ਆਈ. ’ਤੇ ਗੁੱਸੇ ’ਚ ਆਏ ਪਿੰਡ ਵਾਲਿਆਂ ਨੇ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ।
* 15 ਮਾਰਚ ਨੂੰ ‘ਮੁੰਗੇਰ’ (ਬਿਹਾਰ) ਦੇ ‘ਨੰਦਨਪੁਰ’ ਪਿੰਡ ’ਚ 2 ਧੜਿਆਂ ’ਚ ਹੱਥੋਪਾਈ ਦੇ ਮਾਮਲੇ ਦੀ ਜਾਂਚ ਕਰਨ ਪੁੱਜੇ ਏ. ਐੱਸ. ਆਈ. ‘ਸੰਤੋਸ਼ ਕੁਮਾਰ ਸਿੰਘ’ ’ਤੇ ਇਕ ਧਿਰ ਦੇ ਲੋਕਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਅਤੇ ਜ਼ਖਮੀ ਹਾਲਤ ’ਚ ਉਸ ਨੂੰ ਘਟਨਾ ਸਥਾਨ ਤੋਂ ਲਗਭਗ 40 ਮੀਟਰ ਤੱਕ ਘਸੀਟ ਕੇ ਕਿਸੇ ਦੂਜੇ ਦੇ ਦਰਵਾਜ਼ੇ ਅੱਗੇ ਸੁੱਟ ਕੇ ਫਰਾਰ ਹੋ ਗਏ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।
* 15 ਮਾਰਚ ਨੂੰ ਹੀ ‘ਜਹਾਨਾਬਾਦ’ (ਬਿਹਾਰ) ’ਚ ‘ਮਟਕਾ ਤੋੜਨ’ ਨੂੰ ਲੈ ਕੇ ਹੋਏ ਝਗੜੇ ’ਚ ਕੁਝ ਲੋਕਾਂ ਨੇ ਪੁਲਸ ’ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਇਕ ਪੁਲਸ ਮੁਲਾਜ਼ਮ ਦਾ ਸਿਰ ਫਟ ਗਿਆ ਅਤੇ ਕਈ ਹੋਰ ਜ਼ਖਮੀ ਹੋ ਗਏ।
* 15 ਮਾਰਚ ਨੂੰ ਹੀ ਦਰਜਨਾਂ ਮੋਟਰਸਾਈਕਲਾਂ ’ਤੇ ਆਏ ਨੌਜਵਾਨਾਂ ਨੇ ‘ਊਨਾ’ (ਹਿਮਾਚਲ) ’ਚ ਟ੍ਰੈਫਿਕ ਡਿਊਟੀ ’ਤੇ ਤਾਇਨਾਤ ਹੋਮਗਾਰਡ ਜਵਾਨ ਨਾਲ ਮਾਰਕੁੱਟ ਕੀਤੀ।
* 16 ਮਾਰਚ ਨੂੰ ‘ਭਾਗਲਪੁਰ’ (ਬਿਹਾਰ) ਦੇ ‘ਅੰਤੀਚੱਕ’ ਪਿੰਡ ’ਚ 2 ਧੜਿਆਂ ਦਰਮਿਆਨ ਝਗੜਾ ਖਤਮ ਕਰਨ ਗਈ ਪੁਲਸ ਪਾਰਟੀ ’ਤੇ ਭੀੜ ਦੇ ਹਮਲੇ ’ਚ 5 ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ।
* 16 ਮਾਰਚ ਨੂੰ ਹੀ ‘ਮਊਗੰਜ’ (ਮੱਧ ਪ੍ਰਦੇਸ਼) ’ਚ ਇਕ ਅਗਵਾ ਵਿਅਕਤੀ ਨੂੰ ਛੁਡਵਾਉਣ ਪੁੱਜੀ ਪੁਲਸ ਟੀਮ ’ਤੇ ਇਕ ਸਮੂਹ ਨੇ ਲਾਠੀਆਂ-ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਇਕ ਏ. ਐੱਸ. ਆਈ. ਰਾਮਚਰਨ ਗੌਤਮ ਦੀ ਮੌਤ ਹੋ ਗਈ।
ਡਿਊਟੀ ਨਿਭਾਅ ਰਹੇ ਪੁਲਸ ਮੁਲਾਜ਼ਮਾਂ ’ਤੇ ਹਮਲਿਆਂ ਦੀਆਂ ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਪਰਾਧੀਆਂ ਦੇ ਹੌਸਲੇ ਕਿੰਨੇ ਵਧਦੇ ਜਾ ਰਹੇ ਹਨ। ਇਨ੍ਹਾਂ ਨੂੰ ਨੱਥ ਪਾਉਣ ਲਈ ਅਜਿਹੇ ਮਾਮਲਿਆਂ ਦੀ ਜਾਂਚ ਤੇਜ਼ ਕਰਨ ਅਤੇ ਅਪਰਾਧੀਆਂ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਇਸ ਗਲਤ ਰੁਝਾਨ ’ਤੇ ਰੋਕ ਲੱਗ ਸਕੇ, ਨਹੀਂ ਤਾਂ ਪੁਲਸ ਛੋਟੇ-ਮੋਟੇ ਮਾਮਲਿਆਂ ’ਚ ਦਖਲ ਦੇਣਾ ਹੀ ਬੰਦ ਕਰ ਦੇਵੇਗੀ ਜਿਸ ਨਾਲ ਲੋਕਾਂ ਦੀ ਹੀ ਹਾਨੀ ਹੋਵੇਗੀ।
–ਵਿਜੇ ਕੁਮਾਰ