ਵੀਡੀਓ ਵਾਇਰਲ ਹੋਣ ਮਗਰੋਂ ‘ਖਾਕੀ’ ’ਤੇ ਡਿੱਗੀ ਗਾਜ਼, 5 ਪੁਲਸ ਇੰਸਪੈਕਟਰਾਂ ਖ਼ਿਲਾਫ਼ ਸਖ਼ਤ ਐਕਸ਼ਨ
Saturday, Aug 26, 2023 - 02:33 PM (IST)
ਅੰਮ੍ਰਿਤਸਰ (ਇੰਦਰਜੀਤ, ਸੰਜੀਵ) : ਸਮਾਗਮ ’ਚ ਪੁਲਸ ਮੁਲਾਜ਼ਮਾਂ ਦੀ ਦੜੇ-ਸੱਟੇ ਦੇ ਮੁਲਜ਼ਮ ਕਮਲ ਬੋਰੀ ਨਾਲ ਨੱਚਣ-ਗਾਉਣ ਦੀ ਵੀਡੀਓ ਵਾਇਰਲ ਹੋਣ ’ਤੇ ‘ਖਾਕੀ’ ’ਤੇ ਗਾਜ਼ ਡਿੱਗ ਗਈ ਹੈ। ਇਸ ਕਾਰਨ ਡੀ. ਜੀ. ਪੀ. ਪੰਜਾਬ ਵੱਲੋਂ ਅੰਮ੍ਰਿਤਸਰ ਦੇ ਪੁਲਸ ਥਾਣੇ ’ਚ ਤਾਇਨਾਤ 5 ਐੱਸ. ਐੱਚ. ਓ. ਰੈਂਕ ਦੇ ਅਧਿਕਾਰੀਆਂ ਨੂੰ ਲੈ ਕੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਬਠਿੰਡਾ-ਪਟਿਆਲਾ ਰੇਂਜ ’ਚ ਟਰਾਂਸਫਰ ਕਰ ਦਿੱਤਾ। ਦੱਸਣਯੋਗ ਹੈ ਕਿ ਇਕ ਪਾਸੇ 2 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨਾਲ 5 ਥਾਣਿਆਂ ਦੇ ਮੁਖੀ ਨੱਚਦੇ-ਗਾਉਂਦੇ ਵਿਖਾਈ ਦੇ ਰਹੇ ਹਨ, ਜਦੋਂ ਕਿ ਦੂਜੇ ਪਾਸੇ ਦੜੇ-ਸੱਟੇ ਦਾ ਮੁਲਜ਼ਮ ਕਮਲ ਬੋਰੀ ਹੱਥ ’ਚ ਮਾਈਕ ਫੜ ਕੇ ਗਾਣਾ ਗਾ ਰਿਹਾ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਸਰਕਾਰ, ਜਾਰੀ ਕੀਤੇ ਇਹ ਆਦੇਸ਼
ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਸਾਰੇ ਥਾਣਾ ਮੁਖੀਆਂ ਨੂੰ ਆਪਣਾ-ਆਪਣਾ ਚਾਰਜ ਛੱਡ ਕੇ ਲਾਈਨ ਹਾਜ਼ਰ ਹੋਣ ਦੇ ਹੁਕਮ ਦੇ ਪੂਰੇ ਮਾਮਲੇ ਦੀ ਜਾਂਚ ਖੋਲ੍ਹ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਵੀਡੀਓ ’ਚ ਵਿਖਾਈ ਦੇ ਰਹੇ ਦੋਵੇਂ ਡੀ. ਐੱਸ. ਪੀ. ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ’ਚ ਤਾਇਨਾਤ ਹਨ, ਜਿਨ੍ਹਾਂ ’ਤੇ ਐੱਸ. ਐੱਸ. ਪੀ. ਦਿਹਾਤੀ ਵੱਲੋਂ ਚੁੱਪ ਵੱਟੀ ਹੋਈ ਹੈ।
ਇਸ ਕਾਰਨ ਤਬਦੀਲ ਕੀਤੇ ਗਏ ਇਸ ਪੁਲਸ ਅਧਿਕਾਰੀਆਂ ਨੂੰ ਨਾ ਸਿਰਫ਼ ਅੱਜ ਸਵੇਰੇ ਪਹਿਲਾਂ ਪੜਾਅ ’ਚ ਕਿਸੇ ਹੋਰ ਥਾਣਿਆਂ ’ਚ ਤਬਦੀਲ ਕਰ ਕੇ ਉਨ੍ਹਾਂ ’ਤੇ ਸੰਕੇਤਕ ਕਾਰਵਾਈ ਕੀਤੀ, ਜਦੋਂ ਕਿ ਇਸ ਉਪਰੰਤ ਹੋਏ ਸਖ਼ਤ ਐਕਸ਼ਨ ’ਚ ਇਨ੍ਹਾਂ ਐੱਸ. ਐੱਚ. ਓ. ਰੈਂਕ ਦੇ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ। ਦੇਰ ਸ਼ਾਮ 5 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਡੀ. ਜੀ. ਪੀ. ਪੰਜਾਬ ਦੇ ਹੁਕਮ ’ਤੇ ਅੰਮ੍ਰਿਤਸਰ ਕਮਿਸ਼ਨਰੇਟ ਏਰੀਆ ਅਤੇ ਅੰਮ੍ਰਿਤਸਰ ਬਾਰਡਰ ਰੇਂਜ ਤੋਂ 300 ਕਿਲੋਮੀਟਰ ਦੀ ਲੰਮੀ ਦੂਰੀ ’ਤੇ ਟਰਾਂਸਫਰ ਕਰਦੇ ਹੋਏ ਬਠਿੰਡਾ ਅਤੇ ਪਟਿਆਲਾ ਰੇਂਜ ’ਚ ਭੇਜਣ ਦੇ ਹੁਕਮ ਦਿੱਤੇ ਗਏ। ਮਾਮਲੇ ’ਚ ਵਾਇਰਲ ਹੋਈ ਵੀਡੀਓ ’ਚ ਕਿਹਾ ਗਿਆ ਸੀ ਕਿ ਕਮਲ ਬੋਰੀ, ਜੋ ਅਪਰਾਧਿਕ ਪਿਛੋਕੜ ਰੱਖਦਾ ਹੈ ਅਤੇ ਉਸ ਦੇ ਕਈ ਪੁਲਸ ਅਧਿਕਾਰੀਆਂ ਨਾਲ ਗੂੜ੍ਹੇ ਸਬੰਧ ਹਨ।
ਇਹ ਵੀ ਪੜ੍ਹੋ : ਭੈਣ ਦੇ ਇਸ ਕਦਮ ਨੇ ਦਿੱਤਾ ਸਦਮਾ, ਮਿਹਣਿਆਂ ਤੋਂ ਦੁਖੀ ਭਰਾ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ
ਜਾਣਕਾਰੀ ਮੁਤਾਬਕ ਕਮਲ ਉਰਫ ਬੋਰੀ ਇਕ ਪਾਰਟੀ ’ਚ ਸ਼ਾਮਲ ਹੋਇਆ ਸੀ। ਇਸ ਦਰਮਿਆਨ ਅੰਮ੍ਰਿਤਸਰ ਦੇ ਕਮਿਸ਼ਨਰੇਟ ਦੇ ਕਈ ਪੁਲਸ ਥਾਣਿਆਂ ਦੇ ਇੰਸਪੈਕਟਰ ਐੱਸ. ਐੱਚ. ਓ. ਰੈਂਕ ਅਤੇ ਕੁਝ ਹੋਰ ਅਧਿਕਾਰੀ ਉੱਥੇ ਪੁੱਜੇ ਅਤੇ ਉਨ੍ਹਾਂ ਨੇ ਕਥਿਤ ਕਮਲ ਕੁਮਾਰ ਬੋਰੀ ਨਾਲ ਇਸ ਮਨਾਏ ਜਾ ਰਹੇ ਜਸ਼ਨ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਕਮਲ ਬੋਰੀ ਦੀ ਮੌਜੂਦਗੀ ’ਚ ਆਯੋਜਿਤ ਪਾਰਟੀ, ਜਿਸ ’ਚ ਬੋਰੀ ਅਤੇ ਪੁਲਸ ਵਾਲੇ ਜਸ਼ਨ ਮਨਾ ਰਹੇ ਸਨ, ਦੀ ਵਾਇਰਲ ਵੀਡੀਓ ’ਚ ਕਿਹਾ ਅਤੇ ਵਿਖਾਇਆ ਗਿਆ ਸੀ ਕਿ ਕਮਲ ਬੋਰੀ ਨਾਮਕ ਵਿਅਕਤੀ ਅਪਰਾਧਿਕ ਪਿਛੋਕੜ ਰੱਖਦਾ ਹੈ ਅਤੇ ਥਾਣਾ ਪੱਧਰ ਦੇ ਅਧਿਕਾਰੀ ਉੱਥੇ ਗਾਣੇ ਗਾ ਰਹੇ ਸਨ ਅਤੇ ਫੰਕਸ਼ਨ ’ਚ ਸੰਗੀਤ ਦੀਆਂ ਧੁਨਾਂ ’ਤੇ ਭੰਗੜਾ ਪਾਉਣ ’ਚ ਰੁੱਝੇ ਸਨ। ਵੇਖਦੇ ਹੀ ਵੇਖਦੇ ਇਹ ਵੀਡੀਓ ‘ਜੰਗਲ ਦੀ ਅੱਗ’ ਵਾਂਗ ਪੂਰੇ ਸ਼ਹਿਰ ਅਤੇ ਕਈ ਹੋਰ ਸੂਬਿਆਂ ’ਚ ਫੈਲ ਗਈ। ਵੀਡੀਓ ਨੂੰ ਵੇਖ ਕੇ ਕੋਈ ਇਸ ਗੱਲ ’ਤੇ ਭਰੋਸਾ ਨਹੀਂ ਕਰ ਪਾ ਰਿਹਾ ਸੀ ਕਿ ਅੰਮ੍ਰਿਤਸਰ ਕਮਿਸ਼ਨਰੇਟ ’ਚ ਥਾਣਿਆਂ ’ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਰੈਂਕ ਦੇ ਅਧਿਕਾਰੀ ਉੱਥੇ ਕਿਸ ਤਰ੍ਹਾਂ ਇਕ ਅਪਰਾਧਿਕ ਪਿਛੋਕੜ ਰੱਖਣ ਵਾਲੇ ਵਿਅਕਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਸ਼ਨ ਮਨਾ ਰਹੇ ਹਨ ਅਤੇ ਮਾਈਕ ਲੈ ਕੇ ਗਾਣੇ ਗਾ ਰਹੇ ਹਨ।
ਇਹ ਵੀ ਪੜ੍ਹੋ : ਸਰਕਾਰ ਨੂੰ ਚੂਨਾ ਲਾ ਰਹੇ ਸਰਕਾਰੀ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ
ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਅਤੇ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਫੰਕਸ਼ਨ ’ਚ ਸ਼ਾਮਲ ਹੋਏ ਕਈ ਥਾਣਿਆਂ ਦੇ ਐੱਸ. ਐੱਚ. ਓਜ਼ ਨੂੰ ਇਧਰੋਂ ਓਧਰ ਕਰ ਦਿੱਤਾ। ਸਵੇਰੇ ਜਦੋਂ ਥਾਣਿਆਂ ਦੇ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਤਾਂ ਆਮ ਜਨਤਾ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਇਹ ਤਬਦੀਲੀਆਂ ਸਾਧਾਰਣ ਹਨ ਜਾਂ ਕਿਸੇ ਕਾਰਨ ਕਰ ਕੇ ਹੋਈਆਂ ਹਨ ਪਰ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ।
ਸ਼ੁੱਕਰਵਾਰ ਦੀ ਸਵੇਰ ਪੁਲਸ ਕਮਿਸ਼ਨਰ ਨੇ ਫੰਕਸ਼ਨ ’ਚ ਮੌਜੂਦ ਹੋਏ ਅਧਿਕਾਰੀਆਂ ਦੇ ਕਮਲ ਕੁਮਾਰ ਬੋਰੀ ਦੇ ਸਬੰਧਾਂ ਦੀ ਜਾਂਚ ਨੂੰ ਲੈ ਕੇ 5 ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਕਰਨ ਦੇ ਹੁਕਮ ਦਿੱਤੇ ਅਤੇ ਡੀ. ਸੀ. ਪੀ. ਹੈੱਡਕੁਆਰਟਰ ਮੈਡਮ ਵਤਸਲਾ ਗੁਪਤਾ ਨੂੰ ਸਬੰਧਤ ਇੰਸਪੈਕਟਰ ਅਤੇ ਹੋਰ ਰੈਂਕ ਦੇ ਪੁਲਸ ਅਧਿਕਾਰੀਆਂ ਅਤੇ ਕਮਲ ਬੋਰੀ ਵਿਚਾਲੇ ਸਬੰਧਾਂ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਇਨ੍ਹਾਂ ਅਧਿਕਾਰੀਆਂ ’ਚ ਇੰਸਪੈਕਟਰ ਗੁਰਵਿੰਦਰ ਸਿੰਘ ਪੁਲਸ ਸਟੇਸ਼ਨ ਛੇਹਰਟਾ, ਇੰਸਪੈਕਟਰ ਗਗਨਦੀਪ ਸਿੰਘ ਪੁਲਸ ਸਟੇਸ਼ਨ ਸਿਵਲ ਲਾਈਨ, ਇੰਸਪੈਕਟਰ ਹਰਿੰਦਰ ਸਿੰਘ ਥਾਣਾ ਕੈਂਟੋਨਮੈਂਟ, ਇੰਸਪੈਕਟਰ ਧਰਮਿੰਦਰ ਥਾਣਾ ਏਅਰਪੋਰਟ, ਨੀਰਜ ਕੁਮਾਰ ਇੰਚਾਰਜ ਸਪੈਸ਼ਲ ਬ੍ਰਾਂਚ ਸ਼ਾਮਲ ਸਨ।
ਇਹ ਵੀ ਪੜ੍ਹੋ : ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਪੁਲਸ ਅਧਿਕਾਰੀਆਂ ਦੇ ਪਾਰਟੀ ’ਚ ਸ਼ਾਮਲ ਹੋਣ ਦੀ ਪੁਸ਼ਟੀ ਅਤੇ ਗਤੀਵਿਧੀਆਂ ਦੇ ਸਬੰਧਤ ਕਈ ਮਜ਼ਬੂਤ ਅਤੇ ਪੁਖਤਾ ਸਬੂਤ ਮਿਲਣ ’ਤੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਈ ਪਹਿਲੂਆਂ ’ਤੇ ਖੁਫੀਆ ਅਤੇ ਹੋਰ ਵਸੀਲਿਆਂ ਤੋਂ ਮਿਲੀਆਂ ਕਈ ਜਾਣਕਾਰੀਆਂ ਤੋਂ ਬਾਅਦ ਫ਼ੈਸਲਾ ਲੈਂਦੇ ਹੋਏ ਉਪਰੋਕਤ ਅਧਿਕਾਰੀਆਂ ਨੂੰ ਅੰਮ੍ਰਿਤਸਰ ਤੋਂ ਦੂਰ ਹੋਰ ਰੇਂਜ ’ਚ ਟਰਾਂਸਫਰ ਕਰਨ ਦੀ ਸਿਫਾਰਿਸ਼ ਪੰਜਾਬ ਪੁਲਸ ਦੇ ਡੀ. ਜੀ. ਪੀ. ਨੂੰ ਕੀਤੀ। ਦੇਰ ਸ਼ਾਮ ਨੂੰ ਡੀ. ਜੀ. ਪੀ. ਪੰਜਾਬ ਵੱਲੋਂ ਇਸ ਸਿਫਾਰਿਸ਼ ’ਤੇ ਪ੍ਰਵਾਨਗੀ ਦਿੰਦੇ ਹੋਏ ਉਪਰੋਕਤ ਅਧਿਕਾਰੀਆਂ ਨੂੰ ਬਠਿੰਡਾ ਅਤੇ ਪਟਿਆਲਾ ਰੇਂਜ ’ਚ ਟਰਾਂਸਫਰ ਕਰਨ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ’ਚ ਇੰਸਪੈਕਟਰ ਗੁਰਵਿੰਦਰ ਸਿੰਘ 397/ਸੀ. ਆਰ., ਇੰਸਪੈਕਟਰ ਨੀਰਜ ਕੁਮਾਰ 432/ਬੀ. ਆਰ., ਇੰਸਪੈਕਟਰ ਗਗਨਦੀਪ ਸਿੰਘ 418/ਬੀ. ਆਰ. (ਤਿੰਨਾਂ ਨੂੰ) ਪਟਿਆਲਾ ਰੇਂਜ ਮਾਲੇਰਕੋਟਲਾ ’ਚ ਟਰਾਂਸਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇੰਸਪੈਕਟਰ ਧਰਮਿੰਦਰ 33/ਆਰ. ਤੇ ਇੰਸਪੈਕਟਰ ਹਰਿੰਦਰ ਸਿੰਘ 438/ਬੀ. ਆਰ. ਨੂੰ ਬਠਿੰਡਾ ਰੇਂਜ ਮਾਨਸਾ ’ਚ (ਕੁੱਲ 5 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ) ਟਰਾਂਸਫਰ ਕੀਤਾ ਗਿਆ। ਉੱਥੇ ਹੀ ਸੂਤਰਾਂ ਦੀ ਮੰਨੀਏ ਤਾਂ ਅਜੇ ਕੁਝ ਹੋਰ ਲੋਕਾਂ ’ਤੇ ਵੀ ਗਾਜ਼ ਡਿੱਗ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8