ਮੁੱਖ ਮੰਤਰੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਘੋਖਣ ਅਤੇ ਹੱਲ ਲੱਭਣ : ਪ੍ਰੋ. ਸਰਚਾਂਦ

Saturday, Dec 24, 2022 - 11:01 AM (IST)

ਮੁੱਖ ਮੰਤਰੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਘੋਖਣ ਅਤੇ ਹੱਲ ਲੱਭਣ : ਪ੍ਰੋ. ਸਰਚਾਂਦ

ਅੰਮ੍ਰਿਤਸਰ (ਜ. ਬ.) : ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੇ ਸਨਅਤਕਾਰਾਂ ਵਲੋਂ ਗੁਆਂਢੀ ਸੂਬਿਆਂ ’ਚ ਹਿਜਰਤ ਕੀਤੇ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਤਵੱਜੋਂ ਦੇਣ ਲਈ ਕਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੈਦਰਾਬਾਦ ਦੇ ਕਾਰੋਬਾਰੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਸੱਦਾ ਦੇਣ ਅਤੇ ਦੂਜੇ ਪਾਸੇ ਪੰਜਾਬ ਦੇ ਉੱਦਮੀਆਂ ਵਲੋਂ ਯੂ. ਪੀ. ਦੇ ਮੁੱਖ ਮੰਤਰੀ ਨਾਲ ਮੁਲਾਕਾਤ ’ਤੇ ਟਿੱਪਣੀ ਕਰਦਿਆਂ ਪੰਜਾਬ ਦੇ ਉਦਯੋਗ ਮਾਡਲ ਨੂੰ ‘ਅੱਗਾ ਦੌੜ ਪਿੱਛਾ ਚੌੜ’ ਵਾਲਾ ਗਰਦਾਨਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਕਾਰੋਬਾਰੀਆਂ ਲਈ ਵਧੀਆ ਮਾਹੌਲ ਉਸਾਰਨ ਵਿਚ ਨਾਕਾਮ ਰਹੀ ਹੈ। ਪੰਜਾਬ ਦੀ ਅਮਨ-ਕਾਨੂੰਨ ਦੀ ਖ਼ਰਾਬ ਸਥਿਤੀ, ਨੌਜਵਾਨਾਂ ਦਾ ਨਸ਼ਿਆਂ ਵਿਚ ਗ਼ਲਤਾਨ ਹੋਣਾ ਅਤੇ ਪੰਜਾਬ ’ਚ ਕਾਰੋਬਾਰ ਪੱਖੀ ਨੀਤੀਆਂ ਦਾ ਨਾ ਹੋਣਾ ਕਾਰੋਬਾਰੀਆਂ ਨੂੰ ਪੰਜਾਬ ਤੋਂ ਹਿਜਰਤ ਲਈ ਮਜਬੂਰ ਕਰ ਰਿਹਾ ਹੈ। ਪੁਲਸ ਦੀ ਹਾਜ਼ਰੀ ਵਿਚ ਸ਼ਰੇਆਮ ਹੋ ਰਹੇ ਕਤਲਾਂ ਨੇ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਸਹਿਮ ਦੇ ਸਾਏ ਹੇਠ ਪੰਜਾਬ ’ਚ ਕੋਈ ਨਵਾਂ ਨਿਵੇਸ਼ ਨਹੀਂ ਹੋ ਰਿਹਾ। ਸਰਕਾਰੀ ਦਾਅਵੇ ਦੇ ਉਲਟ ਪੰਜਾਬ ਦੇ ਕਾਰੋਬਾਰੀਆਂ ਦੇ ਵਿਸਥਾਰ ਲਈ ਅਨੁਕੂਲ ਮਾਹੌਲ ਅਤੇ ਵਿਵਸਥਾ ਦੇਣ ’ਚ ਸਰਕਾਰ ਨੂੰ ਆਪਣੀ ਨਾਕਾਮੀ ਕਬੂਲਣੀ ਹੋਵੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਬੇਵਜ੍ਹਾ ਸੈਰ ਕਰਨ ਦੀ ਥਾਂ ਪੰਜਾਬ ਵਿਚ ਰਹਿ ਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਘੋਖਣ ਅਤੇ ਹੱਲ ਤਲਾਸ਼ਣ ਦੀ ਲੋੜ ’ਤੇ ਜ਼ੋਰ ਦਿੱਤਾ।
 


author

Harnek Seechewal

Content Editor

Related News