ਮੱਧ ਪ੍ਰਦੇਸ਼ ਸਰਕਾਰ ਸਿਕਲੀਗਰ ਸਿੱਖਾਂ ’ਤੇ ਅਣਮਨੁੱਖੀ ਤਸ਼ੱਦਦ ਬੰਦ ਕਰੇ : ਗਿ. ਹਰਪ੍ਰੀਤ ਸਿੰਘ

12/06/2018 1:55:00 PM

ਅੰਮ੍ਰਿਤਸਰ (ਅਣਜਾਣ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿਕਲੀਗਰ ਸਿੱਖਾਂ ’ਤੇ ਹੋ ਰਹੇ ਅੱਤਿਆਚਾਰ ਸਬੰਧੀ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮੱਧ ਪ੍ਰਦੇਸ਼ ’ਚ ਰਹਿ ਰਹੇ ਸਿਕਲੀਗਰ ਸਿੱਖਾਂ ਦੀ ਅਾਬਾਦੀ ਨਾਮਾਤਰ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਿੱਖੀ ਸਰੂਪ ਵਿਚ ਰਹਿਣ ਕਰ ਕੇ ਸਥਾਨਕ ਸਰਕਾਰ ਉਨ੍ਹਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੇ ਸਮੱਗਲਰ ਕਹਿ ਕੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕਰ ਰਹੀ ਹੈ, ਜੋ ਕਿ ਅਤਿ-ਨਿੰਦਣਯੋਗ ਹੈ। ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੀ ਪੁਲਸ ਵੱਲੋਂ ਪਿੰਡ ਸਿੰਦੂਰ ਜ਼ਿਲਾ ਖਰਗੋਨ ਦੇ ਸਿਕਲੀਗਰ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ, ਜਿਸ ਕਰ ਕੇ ਉਥੇ ਵੱਸਦੇ ਸਮੁੱਚੇ ਸਿਕਲੀਗਰ ਸਿੱਖਾਂ ’ਚ ਇਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਜੇਕਰ ਸਰਕਾਰ ਵੱਲੋਂ ਇਸ ਘਿਨੌਣੀ ਕਾਰਵਾਈ ’ਤੇ ਰੋਕ ਲਾਉਂਦਿਆਂ ਦੋਸ਼ੀ ਪੁਲਸ ਅਫਸਰਾਂ/ਕਰਮਚਾਰੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਹਨ, ਜਿਸ ਦੀ ਜ਼ਿੰਮੇਵਾਰੀ ਮੁਕੰਮਲ ਰੂਪ ਵਿਚ ਸਥਾਨਕ ਸਰਕਾਰ ਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਸਬੰਧੀ ਸ਼੍ਰੋ. ਗੁ. ਪ੍ਰ. ਕ., ਦਿੱਲੀ ਸਿੱਖ ਗੁ. ਪ੍ਰ. ਕਮੇਟੀ ਤੇ ਸਿੱਖ ਪੰਥ ਦੀਅਾਂ ਨੁਮਾਇੰਦਾ ਜਥੇਬੰਦੀਆਂ ਨੂੰ ਅੱਗੇ ਆ ਕੇ ਇਨ੍ਹਾਂ ਸਿੱਖਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਨਾਲ ਗੱਲਬਾਤ ਕਰ ਕੇ ਸਿੱਖਾਂ ’ਤੇ ਹੋ ਰਹੇ ਅੱਤਿਆਚਾਰ ਨੂੰ ਠੱਲ੍ਹ ਪਾਈ ਜਾਵੇ।


Related News