ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਬਰਸੀ ਮਨਾਈ

Saturday, Mar 14, 2026 - 10:20 PM (IST)

ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਬਰਸੀ ਮਨਾਈ

ਅੰਮ੍ਰਿਤਸਰ, (ਸਰਬਜੀਤ)- ਸਿੱਖ ਕੌਮ ਦੇ ਮਹਾਨ ਜਰਨੈਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਧੜਕ ਜਥੇਦਾਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖ਼ਤ) ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ’ਚ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਬਾਬਾ ਹਰਜੀਤ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ (ਸੁਖਮਨੀ ਸੇਵਾ ਸਸਾਇਟੀ) ਨੇ ਕੀਰਤਨ ਕੀਤਾ। ਕਵੀਸ਼ਰ ਭਾਈ ਧਰਮ ਸਿੰਘ ਅਤੇ ਕਥਾਵਾਚਕ ਭਾਈ ਸੁਖਜੀਤ ਸਿੰਘ ਕਨ੍ਹੱਈਆ ਨੇ ਸੰਗਤ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ।

ਇਸ ਦੌਰਾਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਖਾਲਸਾ ਰਾਜ ਦੇ ਥੰਮ੍ਹ ਸਨ, ਜਿਨ੍ਹਾਂ ਦੀ ਸ਼ਹਾਦਤ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਵਿਰਾਗ ’ਚ ਆ ਕੇ ਕਿਹਾ ਸੀ ਕਿ ਸਿੱਖ ਰਾਜ ਦਾ ਇਕ ਮਹਾਨ ਨਾਇਕ ਤੁਰ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਜੀ ਦਾ ਸਾਰਾ ਜੀਵਨ ਪੰਥ ਦੀ ਸਲਾਮਤੀ ਵਾਸਤੇ ਸੀ, ਜਿਸ ਤੋਂ ਵਰਤਮਾਨ ਪੀੜ੍ਹੀ ਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਹੋਣਾ ਦੈਵੀ ਗੁਣਾਂ ਅਤੇ ਕਰਤਾਰੀ ਸ਼ਕਤੀ ਦਾ ਲਖਾਇਕ ਹੈ।

ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅੱਜ ਸੋਸ਼ਲ ਮੀਡੀਆ ਯੁੱਗ ’ਚ ਅਗਿਆਨੀ ਲੋਕਾਂ ਵੱਲੋਂ ਪਰੋਸਿਆ ਜਾ ਰਿਹਾ ਵਿਚਾਰ ਸਮਾਜ ਲਈ ਖ਼ਤਰਨਾਕ ਹੈ, ਇਸ ਲਈ ਨੌਜਵਾਨੀ ਨੂੰ ਆਪਣੇ ਅਮੀਰ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਨਾਨਕਸ਼ਾਹੀ ਸੰਮਤ 558 ਅਤੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਸਟੇਜ ਦੀ ਸੇਵਾ ਭਗਵਾਨ ਸਿੰਘ ਜੌਹਲ ਨੇ ਨਿਭਾਈ।

ਇਸ ਮੌਕੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿ. ਗੁਰਬਚਨ ਸਿੰਘ, ਬਾਬਾ ਗੁਰਮੇਲ ਸਿੰਘ ਇੰਚਾਰਜ ਬੁੱਢਾ ਦਲ ਕਨੇਡਾ, ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ ਬੁੱਢਾ ਦਲ ਯੂ. ਐੱਸ. ਏ, ਬਾਬਾ ਸਤਨਾਮ ਸਿੰਘ ਖਡੂਰ ਸਾਹਿਬ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਬਾਬਾ ਮਨਜੀਤ ਸਿੰਘ ਗੁਰ ਨਾਨਕ ਦਲ ਮੜੀਆਂ ਵਾਲੇ, ਇੰਦਰਪਾਲ ਸਿੰਘ ਫੌਜੀ ਹਜ਼ੂਰ ਸਾਹਿਬ, ਐੱਸ. ਪੀ. ਸਿੰਘ, ਹਰਪਾਲ ਸਿੰਘ ਆਹਲੂਵਾਲੀਆ, ਬਾਬਾ ਕੁਲਦੀਪ ਸਿੰਘ ਕੋਟਦੂਲਾ, ਹਰਦਿਆਲ ਸਿੰਘ ਬਾਜਵਾ ਆੜ੍ਹਤੀ, ਮੈਨੇਜਰ ਪਰਮਜੀਤ ਸਿੰਘ ਬਾਜਵਾ, ਬਾਬਾ ਭਗਤ ਸਿੰਘ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਜੋਗਾ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਗੁਰਲਾਲ ਸਿੰਘ, ਬਾਬਾ ਗਗਨਦੀਪ ਸਿੰਘ ਵੀ ਹਾਜ਼ਰ ਸਨ।


author

Rakesh

Content Editor

Related News