ਪਤੀ ਤੋਂ ਸਤਾਈ 3 ਬੱਚਿਆਂ ਦੀ ਮਾਂ ਨੇ ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ

Saturday, Oct 27, 2018 - 05:34 PM (IST)

ਪਤੀ ਤੋਂ ਸਤਾਈ 3 ਬੱਚਿਆਂ ਦੀ ਮਾਂ ਨੇ ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ

ਅੰਮ੍ਰਿਤਸਰ(ਅਗਨੀਹੋਤਰੀ)-ਫਤਿਹਗਡ਼੍ਹ ਚੂਡ਼ੀਆਂ ਰੋਡ ਵਾਸੀ ਇਕ ਪੀਡ਼ਤ ਅੌਰਤ ਨੇ ਮਾਨਵ ਅਧਿਕਾਰੀ ਸੰਘਰਸ਼ ਕਮੇਟੀ ਇੰਡੀਆ ਦੇ ਪੰਜਾਬ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਦੀ ਅਗਵਾਈ ’ਚ ਇਕ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਉਸ ਦਾ ਵਿਆਹ 14 ਸਾਲ ਪਹਿਲਾਂ ਪ੍ਰਮੋਦ ਨਾਂ ਦੇ ਵਿਅਕਤੀ ਨਾਲ ਹੋਇਆ ਸੀ ਤੇ ਉਸ ਦੇ 3 ਬੱਚੇ (ਇਕ ਲਡ਼ਕਾ ਤੇ 2 ਲਡ਼ਕੀਆਂ) ਹਨ। ਪੀਡ਼ਤਾ ਨੇ ਦੱਸਿਆ ਕਿ ਮੇਰੇ ਘਰਦਿਆਂ ਨੇ ਮੇਰੇ ਵਿਆਹ ਸਮੇਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ, ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਆਪਣੇ ਸਹੁਰੇ ਪਰਿਵਾਰ ’ਤੇ ਵਿਆਹ ’ਚ ਦਾਜ ਘੱਟ ਲਿਆਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਪਤੀ ਆਪਣੀ ਮਾਂ ਤੇ ਭਰਾਵਾਂ ਦੀ ਸ਼ਹਿ ’ਤੇ ਰੋਜ਼ਾਨਾ ਸ਼ਰਾਬ ਪੀ ਕੇ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਮੇਰੇ ਨਾਲ ਕੁੱਟ-ਮਾਰ ਕਰਦਾ ਹੈ ਤੇ ਮੈਨੂੰ ਘਰੋਂ ਕੱਢ ਦਿੰਦੇ ਹਨ, ਜਿਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਰਾਜ਼ੀਨਾਮਾ ਵੀ ਕੀਤਾ ਜਾ ਚੁੱਕਾ ਹੈ। ਪੀਡ਼ਤਾ ਨੇ ਕਿਹਾ ਕਿ ਉਸ ਦੀ ਸੱਸ ਨੇ ਪ੍ਰਸ਼ਾਸਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੇ ਬੇਟੇ ਨੂੰ ਬੇਦਖ਼ਲੀ ਦਾ ਨੋਟਿਸ ਦਿੱਤਾ ਹੋਇਆ ਹੈ ਤੇ ਜਦ ਵੀ ਉਹ ਆਪਣੇ ਪਤੀ ਵਿਰੁੱਧ ਕੁੱਟ-ਮਾਰ ਕਰਨ ਤੋਂ ਦੁਖੀ ਹੋ ਕੇ ਪੁਲਸ ਸਟੇਸ਼ਨ ਜਾਂ ਸਬੰਧਤ ਪੁਲਸ ਚੌਕੀ ’ਚ ਦਰਖਾਸਤ ਦਿੰਦੀ ਹੈ ਤਾਂ ਉਸ ਦੀ ਸੱਸ ਤੇ ਭਰਾ ਉਸ ਨੂੰ ਛੁਡਵਾ ਲਿਆਉਂਦੇ ਹਨ। ਕੁਝ ਦਿਨ ਪਹਿਲਾਂ ਉਸ ਦੇ ਪਤੀ ਨੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ, ਇਸ ਸਬੰਧੀ ਉਸ ਨੇ ਸਬੰਧਤ ਥਾਣੇ ’ਚ ਦਰਖਾਸਤ ਦੇ ਦਿੱਤੀ ਹੈ। ਪੀਡ਼ਤ ਅੌਰਤ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਕਿ ਮੇਰੇ ਤੇ ਮੇਰੇ ਬੱਚਿਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਮੈਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਸੁਜਿੰਦਰ ਬਿਡਲਾਨ, ਨੀਲਮ ਠਾਕੁਰ, ਗੋਵਿੰਦਪਾਲ ਸਿੰਘ, ਸ਼ੰਕਰ, ਗੁਡ਼ੀਆ, ਸਾਬਕਾ ਸਰਪੰਚ ਗੁਰਮੇਜ ਸਿੰਘ, ਸੋਨੀਆ ਦੇਵੀ ਆਦਿ ਹਾਜ਼ਰ ਸਨ। ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ- ਇਸ ਸਬੰਧੀ ਜਦ ਸਬੰਧਤ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਆਈ ਹੈ, ਪਹਿਲਾਂ ਵੀ ਪੀਡ਼ਤਾ ਦੇ ਪਤੀ ’ਤੇ ਪੁਲਸ ਵੱਲੋਂ ਝਗਡ਼ੇ ਸਬੰਧੀ ਕਾਰਵਾਈ ਕੀਤੀ ਗਈ ਹੈ, ਦੋਵਾਂ ਧਿਰਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।


Related News