SBI ਦਾ ਗੈਸਟ ਹਾਊਸ ਖੁਲਵਾਉਣ ਦੀ ਆੜ ''ਚ ਮਾਰੀ ਠੱਗੀ, ਪੁਲਸ ਜਾਂਚ ''ਚ ਜੁਟੀ
Sunday, Dec 21, 2025 - 10:20 AM (IST)
ਅੰਮ੍ਰਿਤਸਰ(ਛੀਨਾ)- ਅੰਮ੍ਰਿਤਸਰ ’ਚ ਇਕ ਵਿਅਕਤੀ ਨਾਲ ਸਟੇਟ ਬੈਂਕ ਆਫ ਇੰਡੀਆ ਦਾ ਗੈਸਟ ਹਾਊਸ ਖੁਲਵਾਉਣ ਦੀ ਆੜ ਹੇਠ ਪੂਰੇ ਫਿਲਮੀ ਅੰਦਾਜ ’ਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਹਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਨੇ ਦੱਸਿਆ ਕਿ ਇਕ ਨੌਸਰਬਾਜ਼ ਸਾਡੇ ਹੈਲਥ ਕਲੱਬ ’ਚ ਆਉਂਦਾ ਸੀ, ਜਿਸ ਨੇ ਸਾਨੂੰ ਆਖਿਆ ਕਿ ਸਟੇਟ ਬੈਂਕ ਆਫ ਇੰਡੀਆ ’ਚ ਮੇਰੀ ਚੰਗੀ ਜਾਣ ਪਹਿਚਾਣ ਹੈ ਜੇਕਰ ਤੁਸੀਂ ਕਹੋ ਤਾਂ ਹੈਲਥ ਕਲੱਬ ਦੇ ਜੋ ਉਪਰ ਕਮਰੇ ਬਣੇ ਹਨ, ਉਨ੍ਹਾਂ ਨੂੰ ਐੱਸ.ਬੀ.ਆਈ.ਬੈਂਕ ਦਾ ਗੈਸਟ ਹਾਉਸ ਬਣਵਾ ਦਵਾਂ, ਜਿਸ ਨਾਲ ਤੁਹਾਨੂੰ ਹਰੇਕ ਮਹੀਨਾ ਚੰਗਾ ਕਿਰਾਇਆ ਵੀ ਮਿਲ ਜਾਏਗਾ।
ਇਹ ਵੀ ਪੜ੍ਹੋ- 24 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਹਰਮੀਤ ਸਿੰਘ ਨੇ ਕਿਹਾ ਕਿ ਅਸੀਂ ਉਕਤ ਨੌਸਰਬਾਜ਼ ਦੀਆਂ ਗੱਲਾਂ ’ਚ ਆ ਕੇ ਉਸ ਨੂੰ ਹਾਂ ਕਰ ਦਿੱਤੀ ਅਤੇ ਕੁਝ ਹੀ ਸਮੇਂ ਬਾਅਦ ਸਾਨੂੰ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਈਸਟ ਮੋਹਨ ਨਗਰ ਵਿਖੇ ਲੈ ਗਿਆ ਤੇ ਉਥੇ ਡਿਪਟੀ ਮੈਨੇਜਰ ਸੰਦੀਪ ਕੁਮਾਰ ਨੂੰ ਸਾਡੀ ਬਿਲਡਿੰਗ ਦੀ ਰਜਿਸ਼ਟਰੀ ਤੇ ਹੋਰ ਕਾਗਜ਼ਾਤ ਸੋਂਪ ਦਿੱਤੇ ਤਾਂ ਜੋ ਗੈਸਟ ਹਾਊਸ ਵਾਸਤੇ ਟੈਂਡਰ ਲਗਾਉਣ ਦੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ
ਹਰਮੀਤ ਸਿੰਘ ਨੇ ਕਿਹਾ ਕਿ ਡਿਪਟੀ ਮੈਨੇਜਰ ਸੰਦੀਪ ਕੁਮਾਰ ਨੇ ਸਾਡੀ ਬਿਲਡਿੰਗ ਦੇ ਕਾਗਜ਼ਾਤ ਚੈਕ ਕਰਕੇ ਉਨ੍ਹਾਂ ’ਤੇ ਬੈਂਕ ਦੀਆਂ ਮੋਹਰਾਂ ਲੱਗਾ ਦਿੱਤੀਆਂ, ਜਿਸ ਨਾਲ ਸਾਡਾ ਨੌਸਰਬਾਜ਼ ਵਿਅਕਤੀ ਦੀਆਂ ਆਖੀਆਂ ਸਾਰੀਆਂ ਗੱਲਾਂ ’ਤੇ ਭਰੋਸਾ ਹੋਰ ਪੱਕਾ ਹੋ ਗਿਆ ਕਿ ਸਾਡੀ ਬਿਲਡਿੰਗ ਜਲਦ ਹੀ ਬੈਂਕ ਦਾ ਗੈਸਟ ਹਾਉਸ ਬਣ ਜਾਵੇਗੀ। ਹਰਮੀਤ ਸਿੰਘ ਨੇ ਦੋਸ਼ ਲਗਾਉਦਿਆਂ ਕਿਹਾ ਕਿ ਫਿਰ ਬਿਲਡਿੰਗ ਨੂੰ ਬੈਂਕ ਦੇ ਨਿਯਮਾਂ ਅਨੁਸਾਰ ਗੈਸਟ ਹਾਉਸ ਬਣਾਉਣ ਦੀ ਸ਼ਰਤ ਰੱਖੀ ਗਈ, ਜਿਸ ਲਈ ਉਕਤ ਨੌਸਰਬਾਜ਼ ਆਪਣੇ ਨਾਲ ਬੈਂਕ ਮੈਨੇਜਰ ਅਮਰਜੀਤ ਥਾਪਾ ਤੇ ਡਿਪਟੀ ਮੈਨੇਜਰ ਸੰਦੀਪ ਕੁਮਾਰ ਨੂੰ ਬਿਲਡਿੰਗ ਦਾ ਦੌਰਾ ਕਰਨ ਵਾਸਤੇ ਲੈ ਆਇਆ ਅਤੇ ਫਿਰ ਗੈਸਟ ਹਾਊਸ ਤਿਆਰ ਕਰਨ ਸਮੇਤ ਸਟਾਫ ਰੱਖਣ ਦੀ ਸਾਰੀ ਗੱਲ ਵੀ ਤਹਿ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ; ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਪਰਿਵਾਰ ਦੇ 7 ਮੈਂਬਰ ਝੁਲਸੇ
ਹਰਮੀਤ ਸਿੰਘ ਨੇ ਕਿਹਾ ਕਿ ਗੈਸਟ ਹਾਉਸ ਨੂੰ ਬੈਂਕ ਦੇ ਅਧਿਕਾਰੀਆਂ ਕੋਲੋਂ ਪਾਸ ਕਰਵਾਉਣ ਤੇ ਸਾਰੀਆਂ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਉਕਤ ਨੌਸਰਬਾਜ਼ ਨੇ ਲੈ ਲਈ, ਜਿਸ ਵਾਸਤੇ ਉਹ ਮੇਰੇ ਕੋਲੋਂ ਬਹਾਨੇ ਨਾਲ ਲੱਖਾਂ ਰੁਪਏ ਵੀ ਲੈ ਗਿਆ। ਹਰਮੀਤ ਸਿੰਘ ਨੇ ਕਿਹਾ ਕਿ ਗੈਸਟ ਹਾਉਸ ਨੂੰ ਬੈਂਕ ਦੇ ਨਿਯਮਾਂ ਅਨੁਸਾਰ ਸਭ ਸਹੂਲਤਾਂ ਨਾਲ ਲੈਸ ਕਰਕੇ ਤਿਆਰ ਕਰਨ ’ਚ ਮੇਰਾ 1 ਕਰੋੜ 10 ਲੱਖ ਰੁਪਏ ਖਰਚ ਕਰਵਾ ਦਿੱਤਾ ਗਿਆ, ਜਿਸ ਤੋਂ ਬਾਅਦ ਉਦਘਾਟਨ ਲਈ ਬੈਂਕ ਦੇ ਸੀ.ਜੀ.ਐਮ.ਕ੍ਰਿਸ਼ਨ ਕੁਮਾਰ ਦੇ ਨਾਮ ਵਾਲਾ ਬੋਰਡ ਵੀ ਭੇਜ ਦਿੱਤਾ ਗਿਆ ਪਰ ਉਦਘਾਟਨ ਕਰਨ ਲਈ ਡਿਪਟੀ ਮੈਨੇਜਰ ਸੰਦੀਪ ਕੁਮਾਰ ਆਪਣੇ ਨਾਲ ਬੈਂਕ ਦੇ ਕੁਝ ਹੋਰ ਅਧਿਕਾਰੀਆਂ ਨੂੰ ਲੈ ਕੇ ਪਹੁੰਚ ਗਏ ਅਤੇ ਕਹਿਣ ਲੱਗੇ ਕਿ ਸੀ.ਜੀ.ਐਮ.ਸਾਹਿਬ ਬਿਜੀ ਹਨ ਇਸ ਲਈ ਉਦਘਾਟਨ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਹਰਮੀਤ ਸਿੰਘ ਨੇ ਕਿਹਾ ਕਿ ਗੈਸਟ ਹਾਉਸ ਤਿਆਰ ਹੋਣ ਤੋਂ ਬਾਅਦ ਬੈਂਕ ਦੇ ਕੁਝ ਅਧਿਕਾਰੀ ਵੀ ਸਾਡੀ ਬਿਲਡਿੰਗ ’ਚ ਆ ਕੁਝ ਦਿਨ ਰੁਕੇ ਸਨ ਪਰ ਉਸ ਤੋਂ ਬਾਅਦ ਜਦੋਂ 4 ਮਹੀਨੇ ਬੀਤ ਜਾਣ ’ਤੇ ਬੈਂਕ ਵਲੋਂ ਸਾਨੂੰ ਕਿਰਾਇਆ ਨਹੀਂ ਮਿਲਿਆ ਅਤੇ ਨਾ ਹੀ ਸਟਾਫ ਦੀਆਂ ਤਨਖਾਹਾਂ ਦਾ ਕੋਈ ਖਰਚਾ ਦਿੱਤਾ ਗਿਆ ਤਾਂ ਸਾਨੂੰ ਛੱਕ ਹੋਇਆ ਜਿਸ ਤੋਂ ਬਾਅਦ ਅਸੀਂ ਆਪਣੇ ਪੱਧਰ ’ਤੇ ਘੋਖ ਕੀਤੀ ਗਈ ਤਾਂ ਇਹ ਸਾਰਾ ਮਾਮਲਾ ਹੀ ਧੋਖਾਧੜੀ ਦਾ ਨਿਕਲਿਆ। ਹਰਮੀਤ ਸਿੰਘ ਨੇ ਕਿਹਾ ਕਿ ਗੈਸਟ ਹਾਉਸ ਬਣਾਉਣ ਦੀ ਆੜ ਹੇਠ ਸਾਡੇ ਨਾਲ ਧੋਖਾਧੜੀ ਕਰਨ ਵਾਲੇ ਉਕਤ ਨੌਸਰਬਾਜ਼ ਤੇ ਬੈਂਕ ਅਧਿਕਾਰੀਆਂ ਦੇ ਖਿਲਾਫ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਜਾਂਚ ਹੁਣ ਏ.ਸੀ.ਪੀ.ਪੱਧਰ ਦੇ ਇਕ ਅਧਿਕਾਰੀ ਕਰ ਰਹੇ ਹਨ। ਇਸ ਸਬੰਧ ’ਚ ਜਦੋਂ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਈਸਟ ਮੋਹਨ ਨਗਰ ਦੇ ਮੈਨੇਜਰ ਅਮਰਜੀਤ ਥਾਪਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਾਡੀ ਬੈਂਕ ਦੇ ਨਾਮ ਦੀ ਦੁਰਵਰਤੋਂ ਕੀਤੀ ਗਈ ਹੈ, ਜਿਸ ਲਈ ਅਸੀਂ ਪਹਿਲਾਂ ਹੀ ਪੁਲਸ ਥਾਣਾ ਬੀ.ਡਵੀਜਨ ਵਿਖੇ ਸ਼ਿਕਾਇਤ ਦੇ ਦਿੱਤੀ ਹੈ।
ਡਿਪਟੀ ਮੈਨੇਜਰ ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਮਾਮਲੇ ਤੋਂ ਅਣਜਾਣ ਹੋਣ ਬਾਰੇ ਆਖਿਆ ਪਰ ਜਦੋਂ ਉਨ੍ਹਾਂ ਨੂੰ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਦੀਆਂ ਫੋਟੋ ਦਿਖਾਈਆ ਗਈਆਂ ਤਾਂ ਉਹ ਅੱਗੋਂ ਕਹਿਣ ਲੱਗੇ ਕਿ ਮੈਂ ਤਾਂ ਉਧਰੋਂ ਲੰਘ ਰਿਹਾ ਸੀ ਮੈਨੂੰ ਅਚਾਨਕ ਬੁਲਾ ਕੇ ਸਨਮਾਨਤ ਕਰ ਦਿੱਤਾ ਗਿਆ। ਇਸ ਸਬੰਧ ’ਚ ਏ.ਸੀ.ਪੀ.ਲਲਿਤ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਧੋਖਾਧੜੀ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਾਂਚ ਦੌਰਾਨ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਹੈ, ਉਸ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।
