ਅਮਰੀਕਾ : ‘ਰਾਸ਼ਟਰੀ ਅਜ਼ਾਦੀ ਪਰੇਡ’ ’ਚ ਸ਼ਾਮਲ ਸਿੱਖਸ ਆਫ਼ ਅਮੈਰਿਕਾ ਦੇ ‘ਸਿੱਖ ਫਲੋਟ’ ਨੇ ਜਿੱਤਿਆ ਦਿਲ
Thursday, Jul 06, 2023 - 01:26 AM (IST)

ਵਾਸ਼ਿੰਗਟਨ (ਰਾਜ ਗੋਗਨਾ) : ਅਮਰੀਕਾ 'ਚ ਵਸਦੇ ਸਮੂਹ ਭਾਈਚਾਰਿਆਂ ਲਈ 4 ਜੁਲਾਈ ਭਾਵ ਅਮਰੀਕਾ ਦੀ ਅਜ਼ਾਦੀ ਦਾ ਦਿਨ ਬਹੁਤ ਹੀ ਖੁਸ਼ੀਆਂ ਵਾਲਾ ਹੁੰਦਾ ਹੈ ਅਤੇ ਇਸ ਦਿਨ ਰਾਜਧਾਨੀ ਵਾਸ਼ਿੰਗਟਨ ਡੀ.ਸੀ. 'ਚ ਰਾਸ਼ਟਰੀ ਪੱਧਰ ਦੀ ਇਕ ਅਜ਼ਾਦੀ ਪਰੇਡ ਕੱਢੀ ਜਾਂਦੀ ਹੈ। ਕਿਸੇ ਵੀ ਭਾਈਚਾਰੇ ਨੂੰ ਇਸ ਪਰੇਡ ਵਿੱਚ ਫਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲਣਾ ਬਹੁਤ ਵੱਡਾ ਕੰਮ ਮੰਨਿਆ ਜਾਂਦਾ ਹੈ। ਸਿੱਖਸ ਆਫ਼ ਅਮੈਰਿਕਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਪਣਾ ਫਲੋਟ ਇਸ ਪਰੇਡ 'ਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ : 'Star Wars' ਤੋਂ ਪ੍ਰੇਰਿਤ ਸੀ ਮਹਾਰਾਣੀ ਐਲਿਜ਼ਾਬੈਥ II ਦੇ ਕਤਲ ਦੀ ਇੱਛਾ ਰੱਖਣ ਵਾਲਾ ਬ੍ਰਿਟਿਸ਼ ਸਿੱਖ
ਇਸ ਸਾਲ ਵੀ ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਸਿੱਖਸ ਆਫ਼ ਅਮੈਰਿਕਾ ਨੂੰ ਅਜ਼ਾਦੀ ਦੀ ਰਾਸ਼ਟਰੀ ਪਰੇਡ ਵਿੱਚ ਸਿੱਖ ਫਲੋਟ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲੀ ਤੇ ਸਿੱਖਸ ਆਫ਼ ਅਮੈਰਿਕਾ ਨੇ ਇਸ ਪਰੇਡ 'ਚ ਸਿੱਖ ਫਲੋਟ ਸ਼ਾਮਲ ਕਰਕੇ ਸਾਰੇ ਭਾਈਚਾਰਿਆਂ ਦੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਫਲੋਟ ਨੂੰ ਐੱਲ.ਈ.ਡੀ. ਸਕਰੀਨ ਨਾਲ ਸਜਾਇਆ ਗਿਆ ਸੀ, ਜਿਸ ਵਿੱਚ ਸਿੱਖ ਧਰਮ ਦੇ ਪੁਰਾਤਨ ਅਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ ਸੀ। ਫਲੋਟ ਦੇ ਅੱਗੇ-ਅੱਗੇ ਭੰਗੜਾ ਟੀਮ ਸੱਭਿਆਚਾਰਕ ਰੰਗ ਪੇਸ਼ ਕਰ ਰਹੀ ਸੀ। ਇਕ ਅੰਦਾਜ਼ੇ ਮੁਤਾਬਕ ਸੜਕ ਦੇ ਦੋਵੇਂ ਪਾਸੇ ਬੈਠੇ ਇਕ ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਅਤੇ ਟੈਲੀਵਿਜ਼ਨ ’ਤੇ ਕਈ ਮਿਲੀਅਨ ਲੋਕਾਂ ਨੇ ਸਿੱਖ ਫਲੋਟ ਨੂੰ ਦੇਖਿਆ।
ਇਹ ਵੀ ਪੜ੍ਹੋ : ਕਤਲ ਕੇਸ 'ਚ ਫਸੇ ਪੰਜਾਬੀ ਨੌਜਵਾਨ ਨੂੰ ਸਜ਼ਾ ਪੂਰੀ ਹੋਣ 'ਤੇ ਵੀ ਨਹੀਂ ਭੇਜਿਆ ਜਾ ਰਿਹਾ ਭਾਰਤ
ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖਸ ਆਫ਼ ਅਮੈਰਿਕਾ ਦਾ ਮੁੱਖ ਮਕਸਦ ਦੂਜੇ ਭਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ ’ਚ ਫੌਜ, ਪੁਲਸ, ਅਕਾਦਮਿਕ, ਆਰਥਿਕ ਖੇਤਰ, ਬਿਜ਼ਨੈੱਸ ਅਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ। ਸਿੱਖ ਫਲੋਟ ਦੇ ਨਾਲ ਲਾਲ ਪੱਗਾਂ, ਚਿੱਟੀਆਂ ਕਮੀਜ਼ਾਂ, ਨੀਲੀਆਂ ਪੈਂਟਾਂ ਤੇ ਅਮਰੀਕੀ ਫਲੈਗ ਦੀ ਟਾਈ ਪਹਿਨੇ ਮਰਦ ਅਤੇ ਅਮਰੀਕੀ ਝੰਡੇ ਦੇ ਸਕਾਰਫ ਅਤੇ ਚਿੱਟੇ ਕੱਪੜੇ ਪਹਿਨੀ ਔਰਤਾਂ ਫਲੋਟ ਦੀ ਸ਼ਾਨ ਨੂੰ ਵਧਾ ਰਹੇ ਸਨ।
ਇਹ ਵੀ ਪੜ੍ਹੋ : ਸਾਬਕਾ ਐਕਟ੍ਰੈੱਸ ਸਨਾ ਖਾਨ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੂੰ ਦਿੱਤਾ ਜਨਮ
ਸਿੱਖ ਫਲੋਟ 'ਚ ਸਿੱਖਸ ਆਫ਼ ਅਮੈਰਿਕਾ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਮੀਤ ਪ੍ਰਧਾਨ, ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਦੇ ਚੇਅਰਮੈਨ ਚਰਨਜੀਤ ਸਿੰਘ ਸਰਪੰਚ, ਦਿਲਵੀਰ ਸਿੰਘ, ਸਾਜਿਦ ਤਰਾਰ, ਵਰਿੰਦਰ ਸਿੰਘ, ਸੁਖਪਾਲ ਧਨੋਆ, ਸਰਬਜੀਤ ਸਿੰਘ ਬਖਸ਼ੀ, ਇੰਦਰਜੀਤ ਗੁਜਰਾਲ, ਜਸਵਿੰਦਰ ਸਿੰਘ ਜੌਨੀ, ਮਾਸਟਰ ਧਰਮਪਾਲ ਸਿੰਘ, ਜਸਵਿੰਦਰ ਸਿੰਘ ਰਾਇਲ ਤਾਜ, ਜੋਗਿੰਦਰ ਸਿੰਘ ਸਮਰਾ, ਜਰਨੈਲ ਸਿੰਘ ਟੀਟੂ, ਸੁਖਵਿੰਦਰ ਸਿੰਘ ਘੋਗਾ, ਜਸਵੰਤ ਸਿੰਘ ਜੱਸੀ, ਸੁਰਮੁੱਖ ਸਿੰਘ ਮਣਕੂ, ਬੀਬੀ ਅਮਨ ਸ਼ੇਰਗਿੱਲ, ਪ੍ਰਭਜੋਤ ਬੱਤਰਾ, ਰਤਨ ਸਿੰਘ ਤੇ ਰਾਜ ਰਾਠੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸਿੱਖਸ ਆਫ਼ ਅਮੈਰਿਕਾ ਦੇ ਸੱਦੇ ’ਤੇ ਪੀ.ਜੀ. ਕਾਉਂਟੀ ਦੇ ਸਿੱਖ ਪੁਲਸਮੈਨ ਕੈਪਟਨ ਸੰਧੂ, ਕੈਪਟਨ ਬਾਠ ਅਤੇ ਕੈਪਟਨ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਪਰੌਂਠਿਆਂ ਦੇ ਲੰਗਰ ਦੀ ਸੇਵਾ ਸਿੱਖਸ ਆਫ਼ ਅਮੈਰਿਕਾ ਦੇ ਡਾਇਰੈਕਟਰ ਸਿੰਘ ਅਤੇ ਕਈ ਸਬਵੇਜ਼ ਦੇ ਮਾਲਕ ਸਿੱਖਸ ਆਫ਼ ਅਮੈਰਿਕਾ ਦੇ ਡਾਇਰੈਕਟਰ ਵਰਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਲੱਕੀ ਨੇ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8