ਕੋਰੋਨਾ ਵਾਇਰਸ ਪ੍ਰਤੀ ਵਧੇਰੇ ਚੇਤਨਤਾ 'ਚ ਹੀ ਲੁਕੀ ਹੈ ਇਸ ਨਾਲ ਨਜਿੱਠਣ ਦੀ ਕੁੰਜੀ

04/08/2020 3:34:49 PM

ਡਾ ਸੰਨੀ ਕੁਮਾਰ
ਪੰਜਾਬ ਖੇਤੀਬਾੜੀ ਯੂਨੀਵਰਸੀਟੀ

ਅੱਜ ਪੂਰੀ ਦੁਨਿਆ ਕੋਰੋਨਾ ਵਿਸ਼ਾਣੂ ਦੇ ਡੂੰਘੇ ਸਕੰਟ ਵਿੱਚੋਂ ਗੁਜ਼ਰ ਰਹੀ ਹੈ। ਪਿਛਲੇ ਲੰਮੇਂ ਸਮੇਂ ਤੋਂ ਇਸ ਉੱਤੇ ਕਾਫੀ ਚਰਚਾ ਵੀ ਹੋ ਰਹੀ ਹੈ ਤੇ ਸ਼ਾਇਦ ਲੰਮੇਂ ਸਮੇਂ ਤੱਕ ਹੁੰਦੀ ਵੀ ਰਹੇਗੀ। ਸਕੰਟ ਆਇਆ ਹੈ ਤੇ ਲੰਘ ਵੀ ਜਾਏਗਾ। ਪਰ ਸਕੰਟ ਦੇ ਹੱਲ ਲਈ ਮਨੁੱਖ ਜਾਤੀ ਵੱਲੋਂ ਲਏ ਗਏ ਫੈਸਲੇ ਸਿਰਫ ਦੁਨਿਆ ਦੇ ਸਿਹਤ ਸੰਭਾਲ ਦੇ ਢੰਗ-ਤਰਿਕਿਆਂ ਨੂੰ ਹੀ ਨਹੀਂ ਸਗੋਂ ਸੰਸਾਰ ਦੀ ਸੋਚ-ਵਿਚਾਰ ਸਮਾਜਿਕ ਰਹਿਣ-ਸਹਿਣ, ਕੰਮ ਕਰਨ ਦੇ ਢੰਗ, ਆਰਥਿਕ, ਰਾਜਨੀਤੀ ਆਦਿ ਸਭ ਕਾਸੇ ਨੂੰ ਮੁੱੜ ਤੋਂ ਹੀ ਤਬਦੀਲ ਕਰਕੇ ਰੱਖ ਦੇਣਗੇ। ਪਰ ਹੁਣ ਤੱਕ ਇਸ ਸਭ ਤੋਂ ਉਲਟ ਬਣਦੇ ਹਾਲਾਤ ਸਾਹਮਣੇ ਵੇਖਣ ਨੂੰ ਮਿਲੇ। 24 ਮਾਰਚ ਦਿਨ ਮੰਗਲਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਵਿੱਚ ਅਗਲੇ 21 ਦਿਨਾਂ ਤੱਕ ਲਾਕਡਾਊਨ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਨਿੱਤ ਆਉਂਦੀਆਂ ਖਬਰਾਂ ਤੋਂ ਲੋਕਾਂ ਦੇ ਇਸ ਕਹਿਰ ਕੋਵਿਡ-19 ਪ੍ਰਤੀ ਅਣਜਾਣ ਹੋਣ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਕਿਤੇ ਨਾ ਕਿਤੇ ਕੋਰੋਨਾ ਵਾਇਰਸ ਦੇ ਭਿਆਨਕ ਨਤੀਜਿਆਂ ਤੋਂ ਬਿਲਕੁਲ ਹੀ ਅਣਜਾਣ ਜਾਪਦੇ ਹਨ ਨਹੀਂ ਤਾਂ ਉਹਨਾਂ ਨੂੰ ਇਸ ਚੱਲ ਰਹੇ ਵਰਤਾਰੇ ਤੋਂ ਹੁਣ ਤੱਕ ਸਮਝ ਜਾਣਾ ਚਾਹੀਦਾ ਸੀ।

ਇਸ ਲੇਖ ਦਾ ਮੁੱਖ ਮਕਸਦ ਉਹਨਾਂ ਲੋਕਾਂ ਨੂੰ ਭਲੀਭਾਂਤੀ ਇਸ ਪ੍ਰਕੋਪ ਨਾਲ ਨਜਿੱਠਣ ਲਈ ਜਾਗਰੂਕ ਕਰਨਾ ਅਤੇ ਉਹਨਾਂ ਦੇ ਦੇਸ਼ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਪ੍ਰਤੀ ਬਣਦੇ ਫਰਜ਼ ਦੱਸਣ ਦਾ ਹੈ ਤਾਂ ਜੋ ਆਉਣ ਵਾਲੀਆਂ ਚੁਣੌਤੀਆਂ 'ਤੇ ਖਰੇ ਉਤਰ ਸਕਣ ਅਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਸਮਝਣ ਅਤੇ ਮੰਨਣ ਵਿੱਚ ਸਫਲ ਹੋ ਸਕਣ। ਪਿਛਲੇ ਲਾਕਡਾਊਨ ਦੇ ਕੁੱਝ ਦਿਨਾਂ ਦੌਰਾਨ ਲੋਕਾਂ ਵਲੋਂ ਬਹੁਤ ਹੀ ਬੁਰੇ ਤਰੀਕੇ ਨਾਲ ਉਲਘੰਣਾ ਕੀਤੀ ਗਈ ਅਤੇ ਇਸ ਦੇ ਨਤੀਜੇ ਵੀ ਸਾਨੂੰ ਦੇਖਣ ਨੂੰ ਵੀ ਮਿਲ ਰਹੇ ਹਨ। ਸਭ ਤੋਂ ਪਹਿਲੀ ਗਲਤੀ ਲੋਕਾਂ ਨੇ ਆਪਣੀਆਂ ਗਲੀਆਂ ਵਿੱਚ ਉਤਰ ਆਉਣਾ, ਬਿਨਾਂ ਮਤਬਲ ਆਪਣੀ ਦੇਸ਼ ਭਗਤੀ ਦੇ ਸਬੂਤ ਦੇਣ ਦੇ ਬਹਾਨੇ, ਕਿ ਅਸੀਂ ਇਸ ਕੋਰੋਨਾ ਪ੍ਰਤੀ ਇੱਕ ਦਿਨ ਘਰ ਰਹਿ ਕੇ ਜੰਗ ਨਹੀਂ ਜਿੱਤੀ, ਸਭ ਤੋਂ ਵੱਡੀ ਬੇਕੂਫੀ ਦਾ ਸਬੂਤ ਪੇਸ਼ ਕੀਤਾ। ਇਸ ਤੋਂ ਇਲਾਵਾ ਦੇਸ਼ ਭਗਤੀ ਦੇ ਗੀਤ ਗਾਏ, ਇੱਕਠੇ ਹੋ ਕੇ ਦੇਸ਼ ਦਾ ਝੰਡਾ ਲਹਿਰਾਇਆ  ਘਰੋਂ ਬਾਹਰ ਨਿਕਲ ਕੇ ਉਹਨਾਂ ਨੇ ਉਲੰਘਣਾ ਕੀਤੀ ਹੈ। ਇਹ ਸਭ ਕਰ ਲੋਕਾਂ ਨੇ ਇਸ ਕਹਿਰ ਦੇ ਨੇੜੇ ਲੈ ਕੇ ਜਾਣ ਲਈ ਪੂਰਾ ਵੱਧ ਚੜ ਕੇ ਹਿੱਸਾ ਪਾਇਆ। ਇਹ ਤਾੜੀ, ਥਾਲੀ, ਘੰਟੀ, ਸ਼ੰਕ ਬਜਾਉਣ ਦਾ ਸੱਦਾ ਹੱਲੇ ਮੁੱਕਿਆ ਨਹੀਂ ਸੀ ਕਿ ਨਾਲ ਹੀ ਨਾਲ ਹੀ ਇੱਕ ਹੋਰ ਸੱਦਾ ਦਿੱਤਾ ਗਿਆ ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ 5 ਅ੍ਰਪੈਲ ਰਾਤ ਨੂੰ 9 ਵੱਜ ਕੇ 9 ਮਿੰਟ ਤੱਕ, ਦੀਵਾ, ਮੋਮਬੱਤੀ, ਟਾਰਚ ਜਾਂ ਮੋਬਾਇਲ ਦੀ ਟਾਰਚ ਜਲਾ ਕੇ ਇੱਕ ਜੁੱਟ ਹੋਣ ਲਈ ਕਿਹਾ ਗਿਆ ਪਰ ਲੋਕਾਂ ਨੇ ਪਟਾਕੇ ਚਲਾ ਕੇ ਇੱਕ ਵਾਰ ਫਿਰ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਤੋਂ ਮੂੰਹ ਫੇਰਿਆ। ਕੀ ਉਹ ਬਾਕੀ ਦੇਸ਼ਾਂ ਦੇ ਵਿੱਚ ਨਿੱਤ ਹੋ ਰਹੀਆਂ ਮੌਤਾਂ ਤੋਂ ਬਿਲਕੁਲ ਅਣਜਾਣ ਹਨ ਜਿਹੜੇ ਕਿ ਕਿਸੇ ਟਾਇਮ ਆਪਣੇ ਆਪ ਨੂੰ ਲੰਬੜਦਾਰ ਕਹਾਉਂਦੇ ਸਨ ਤੇ ਉਹ ਸਾਰੇ ਦੇਸ਼ ਸਿਹਤ ਸੇਵਾਵਾਂ ਅਤੇ ਪ੍ਰਬੰਧਨ ਤੰਤਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਅਤੇ ਕਾਰਗਾਰ ਬਣਾਉਣ ਵਿੱਚ ਲੱਗੇ ਅਤੇ ਆਪਣੀ ਹੋਂਦ ਬਚਾਉਣ ਲਈ ਜੱਦੋ-ਜਹਿਦ ਵਿੱਚ ਹਨ। ਆਪਣੇ ਲੋਕ ਸ਼ਾਇਦ ਇੱਕ ਗੱਲ ਭੁੱਲ ਗਏ ਹਨ ਕਿ ਇਹ ਕੋਰੋਨਾ ਨਾਂਅ ਦਾ ਵਿਸ਼ਾਣੂ ਨਾ ਹੀ ਸਮਾਂ ਦੇਖਦਾ ਹੈ, ਨਾ ਹੀ ਉਮਰ, ਨਾ ਹੀ ਰੰਗ ਤੇ ਨਾ ਹੀ ਨਸਲ। ਇਸ ਸਭ ਦੇ ਦੌਰਾਨ ਹੁਣ ਤੱਕ ਦੀਆਂ ਖੁਸ਼ੀ ਵਾਲੀਆਂ ਖਬਰਾਂ ਅੱਗੇ ਆਈਆਂ ਕਿ ਕੁੱਝ ਸਮਾਜਿਕ ਸੰਸਥਾਵਾਂ ਜੋ ਗਰੀਬ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੀ ਬਹੁਤ ਵਧੀਆ ਪਹਿਲਕਦਮੀ ਕਰ ਰਹੀਆਂ ਹਨ, ਜਿਸ ਦੀ ਅਤਿਅੰਤ ਜ਼ਰੂਰਤ ਵੀ ਸੀ ਪਰ ਪੰਜਾਬ ਨੂੰ ਉੱਥੇ ਵੀ ਕੁੱਝ ਕੀਤੀਆਂ ਗਲਤੀਆਂ ਉਹਨਾਂ ਦੇ ਕਿੱਤੇ ਉਪਕਾਰਾਂ ਨੂੰ ਦਬਾ ਗਈਆਂ, ਕਿਉਂ ਕਿ ਉਹ ਕਿਤੇ ਨਾ ਕਿਤੇ ਇਹ ਸਭ ਹੋ ਰਹੇ ਵਰਤਾਰੇ ਪਿੱਛੇ ਦੀ ਅਸਲੀਅਤ ਤੋਂ ਅਣਜਾਣ ਹਨ। ਜ਼ਰੂਰੀ ਸੰਸਥਾਵਾਂ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਾ ਕਰ ਆਪਣੇ ਚੰਗੇ ਕਰਮਾਂ ਨੂੰ ਦਬਾ ਗਈਆਂ ਅਤੇ ਅਖੀਰ ਬੁਰੀਆਂ ਸਾਬਤ ਹੋਈਆਂ। ਕਿਉਂਕਿ ਇਹਨਾਂ ਹਾਲਾਤਾਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣਾ ਸਿਰਫ ਹੋਰਾਂ ਲਈ ਨਹੀਂ ਬਲਕਿ ਖੁਦ ਲਈ ਵੀ ਜ਼ਰੂਰੀ ਹੈ। ਮੈਂ ਇੱਥੇ ਉਹਨਾਂ ਸਭ ਸੰਸਥਾਵਾਂ ਦੇ ਸਭ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸੇਵਾ ਕਰਨ ਜ਼ਰੂਰ ਕਰਨ ਪਰ ਜ਼ਰੂਰੀ ਦਿੱਤੀਆਂ ਸਾਰੀਆਂ ਹਦਾਇਤਾਂ ਨਾਲ ਪੂਰੀ ਸਾਵਧਾਨੀ ਨਾਲ।

ਡਬਲਿਓ.ਐੱਚ.ਓ.ਨੇ ਕੁੱਝ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ 'ਤੇ ਅਮਲ ਕਰਨ ਨਾਲ ਦੁਨਿਆ ਭਰ ਦੇ ਲੋਕ ਆਪਣੀ ਮਾਨਸਿਕ ਸ਼ਰੀਰਕ ਸਿਹਤ ਨੂੰ ਸਹੀ ਦਿਸ਼ਾ ਦੇ ਸਕਦੇ ਹਨ ਅਤੇ ਲਾਕਡਾਊਨ ਦੇ ਦਿਨ ਆਸਾਨੀ ਨਾਲ ਕੱਟੇ ਜਾ ਸਕਦੇ ਹਨ। ਸਭ ਤੋਂ ਪਹਿਲੀ ਹਦਾਇਤ ਜਿਸ ਦੇ ਮੰਨੇ ਬਿਨਾਂ ਆਪਣਾ ਬਿਲਕੁਲ ਗੁਜ਼ਾਰਾ ਨਹੀਂ ਹੋਣਾ, ਜਿਹੜੀ ਕਿ ਲੋਕਾਂ ਨਾਲ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਸਲਾਹ ਹੈ। ਡਬਲਿਓ.ਐੱਚ.ਓ. ਦੇ ਮੁਤਾਬਕ ਸਾਨੂੰ 6 ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ, ਹੱਥ ਮਿਲਾਉਣ ਜਾਂ ਗਲੇ ਮਿਲਣ ਦੀ ਰਸਮ ਨੂੰ ਰੋਕਨਾ ਬਹੁਤ ਜ਼ਰੂਰੀ ਹੈ। ਜਨਤਕ ਪੱਧਰ ਤੇ ਸਰਕਾਰਾਂ ਵੱਲੋਂ ਘਰ ਰਹਿਣ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਖੁੱਲ ਦਾ ਨਜ਼ਾਇਜ਼ ਫਾਇਦਾ ਨਾ ਚੁੱਕਦੇ ਹੋਏ, ਜ਼ਖੀਰੇਬਾਜ਼ੀ ਬਣਾਉਟੀ ਤੁੱਠ ਪੈਦਾ ਕਰਕੇ ਨਵੀਂ ਹਫੜਾ-ਦਫੜੀ ਕਰਕੇ ਖੁਦ ਨੂੰ ਬਿਮਾਰੀ ਦਾ ਸ਼ਿਕਾਰ ਬਣਨ ਤੋਂ ਵੀ ਰੋਕਨ ਦੀ ਲੋੜ ਹੈ। ਜੇਕਰ ਤੁਸੀਂ ਕਿਸੇ ਮਜਬੂਰੀ ਤਹਿਤ ਬਾਹਰ ਨਿਕਲ ਵੀ ਰਹੇ ਹੋ ਤਾਂ ਆਪਣੇ ਮੂੰਹ ਨੂੰ ਢੱਕ ਕੇ ਅਤੇ ਪੂਰੇ ਕਪੜੇ ਪਾ ਕੇ ਹੀ ਨਿਕਲੋ। ਘਰ ਵਿੱਚ ਬੰਦ ਰਹਿਣਾ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣਾ, ਖੰਘ ਤੇ ਨਿੱਛ ਵੇਲੇ ਮੂੰਹ ਨੂੰ ਰੁਮਾਲ ਆਦਿ ਨਾਲ ਢੱਕਣਾ, ਘਰ ਦੇ ਦਰਵਾਜ਼ੇ ਆਦਿ ਖੱਬੇ ਹੱਥ ਨਾਲ ਖੋਲ੍ਹਣਾ ਤਾਂ ਕਿ ਉਹ ਹੱਥ ਬਾਰ-ਬਾਰ ਮੂੰਹ ਨੂੰ ਨਾ ਲੱਗੇ, ਹੱਥ ਬਾਰ-ਬਾਰ ਧੋਣੇ ਅਤੇ ਰੋਕਥਾਮ ਦੇ ਉਪਰੋਕਤ ਕਦਮ ਬਿਮਾਰੀ 'ਤੇ ਕਾਬੂ ਪਾਉਣ ਦੀ ਪਹਿਲੀ ਪਲਾਂਘ ਹੈ ਤੇ ਹਾਂ ਪਰ ਸਭ ਕੁੱਝ ਨਹੀਂ। ਇੱਕ ਘਰ ਤੋਂ ਦੂਜੇ ਘਰ ਜ਼ਰੂਰੀ ਵਸਤਾਂ ਦੀ ਲੈਣ-ਦੇਣ ਨੂੰ ਘਟਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਘਰ ਵਿੱਚ ਕਿਸੇ ਤੀਸਰੇ ਨੂੰ ਨਾ ਆਉਣ ਦਿਓ। ਇਸ ਮੰਤਵ ਨੂੰ ਲੈ ਕੇ ਕੁੱਝ ਚੰਗੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ, ਜਿਸ ਵਿੱਚ ਕੁੱਝ ਕਸਬਿਆਂ ਦੇ ਲੋਕਾਂ ਵਲੋਂ ਗਲੀਆਂ ਦੀਆਂ ਨੁਕਰਾਂ 'ਤੇ ਬੈਨਰ ਟੰਗ ਆਪਣੀ ਸੂਝਵਾਨ ਸੋਚ ਦੇ ਸਬੂਤ ਦਿੱਤੇ। ਇਸ ਕਹਿਰ ਖਿਲਾਫ ਜੰਗ ਨੂੰ ਜਿੱਤਣ ਲਈ ਤੁਹਾਡਾ ਆਸ਼ਾਵਾਦੀ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਕਿਸੀ ਵੀ ਤਰ੍ਹਾਂ ਖੁਦ ਨੂੰ ਖੁਸ਼ ਰੱਖ ਸਕਦੇ ਹੋ। ਤੁਹਾਨੂੰ ਨਿਰਾਸ਼ਾਵਾਦੀ ਹੋਣ ਦੀ ਬਜਾਏ ਇਸ ਖੂਬਸੂਰਤ ਸਮੇਂ ਵਿੱਚੋਂ ਕੁੱਝ ਵਧੀਆ ਕਰਨ ਦੀ ਕੋਸ਼ਿਸ਼ ਕਰਨੀ ਪੈਣੀ ਹੈ। ਜਿਵੇਂ ਕਿ -: ਗੁਰਬਾਣੀ ਪੜ੍ਹ ਉਸਦੇ ਅਰਥਾਂ ਨੂੰ ਸਮਝਣਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਮਝਾਉਣਾ, ਸਭ ਤੋਂ ਵੱਡਾ ਅਤੇ ਨੇਕ ਕਰਮ ਹੋ ਸਕਦਾ ਹੈ। ਇਸ ਤੋਂ ਇਲਾਵਾ ਚੰਗੀਆਂ ਕਿਤਾਬਾਂ ਪੜ੍ਹ ਕੇ ਇਸ ਚੰਗੇ ਅਨੁਭਵ ਦਾ ਆਨੰਦ ਲੈ ਸਕਦੇ ਹੋ। ਕਿਉਂਕਿ ਭਾਈ ਵੀਰ ਸਿੰਘ ਜੀ ਜੋ ਕਿ ਇੱਕ ਮਹਾਨ ਕਵੀ ਸਨ, ਨੇ ਕਿਹਾ ਹੈ ਕਿ ‘ਬਿਤਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ’ ਸੋ ਰੱਬ ਨੇ ਸਾਨੂੰ ਇਹ ਜੋ ਸਮਾਂ ਬਖਸ਼ਿਆ ਹੈ ਅਸੀਂ ਇਸ ਨੂੰ ਚੰਗੇ ਕਰਮਾਂ ਵਿੱਚ ਲਾਈਏ ਅਤੇ ਘਰ ਦੇ ਕੁੱਝ ਕਾਜ ਸਵਾਰੀਏ।

ਦੁਨਿਆ ਭਰ ਵਿੱਚ ਕੋਰੋਨਾ ਦੀ ਬਿਮਾਰੀ ਕਾਰਣ ਆਉਣ ਵਾਲੇ ਸਮੇਂ ਦੌਰਾਨ ਯਾਨੀ ਕਿ 22ਵੇਂ ਦਿਨ ਆਪਣੇ ਸਮਾਜ ਪ੍ਰਤੀ ਕੀ ਫਰਜ਼ ਬਣਦੇ ਹਨ ਜਿਹਨਾਂ ਤੇ ਵਿਚਾਰ ਕਰਨਾ ਬੇਹੱਦ ਜ਼ਰੂਰੀ ਹੈ। ਹੁਣ ਪੂਰਾ ਦੇਸ਼ ਤਾਲਾਬੰਦੀ ਵਿੱਚ ਹੈ। ਹੁਣ ਜਨਤਾ ਇਸ 'ਤੇ ਘਰ ਬੈਠ ਕੇ ਵਿਚਾਰ ਕਰ ਸਕਦੀ ਹੈ ਕਿ ਜਦੋਂ ਅਸੀਂ ਬਿਮਾਰੀ ਮੁਕਤ ਹੋਵਾਗੇਂ ਤਾਂ ਸਥਾਈ ਰੂਪ ਵਿੱਚ ਕੀ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਨੂੰ ਚੰਗੀ ਤਰ੍ਹਾਂ ਨਜਿੱਠਿਆ ਜਾ ਸਕੇ। ਮੇਰੇ ਵਿਚਾਰਾਂ ਵਿੱਚ ਜਿਸ ਦਿਨ ਇਹ ਲਾਕਡਾਊਨ ਟੁੱਟਣ ਦੇ ਆਸਾਰ ਬਣਦੇ ਹਨ, ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਵਿਚਾਰ ਕਰੀਏ ਕਿ ਕਿਸ ਤਰ੍ਹਾਂ ਇਸ ਮਹਾਂਮਾਰੀ ਦੇ ਅੱਧ-ਵਿਚਕਾਰ ਆਪਣੇ ਬਣਦੇ ਫਰਜ਼ ਨਿਭਾਉਣੇ ਹਨ ਕਿਉਂਕਿ ਇੱਥੇ ਮੈਂ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਸਾਲ 2009 ਵਿੱਚ ਉਭਰੀ ਮਹਾਂਮਾਰੀ H1N1 ਦੇ ਦੂਜੀ ਵਾਰ ਆਉਣ ਦਾ ਮੁੱਖ ਕਾਰਣ, ਆਮ ਲੋਕਾਂ ਦਾ ਇਸ ਪ੍ਰਤੀ ਜਾਗਰੂਨ ਨਾ ਹੋਣਾ ਸੀ। ਇਸੇ ਤਰ੍ਹਾਂ ਅਸੀਂ ਇਸ ਨੂੰ ਆਪਣੇ 21 ਦਿਨਾਂ ਦੇ ਸੰਘਰਸ਼ ਨਾਲ ਚੰਗੀ ਤਰ੍ਹਾਂ ਨਾਲ ਨਹੀਂ ਖਤਮ ਕਰ ਸਕਾਂਗੇ। ਇਸ ਜੰਗ ਨੂੰ ਜਿੱਤਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਦਾਂ ਹੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਪੈਣੀ ਹੈ ਜਿਸ ਤਰ੍ਹਾਂ ਅਸੀਂ ਪਿਛਲੇ 4 ਹਫਤਿਆਂ ਤੋਂ ਕਰਦੇ ਆ ਰਹੇ ਹਾਂ। ਇੱਥੇ ਸਾਨੂੰ ਹੋਰਾਂ ਦੇਸ਼ਾਂ ਦੇ ਲੋਕਾਂ ਤੋਂ ਕੁਝ ਸਿੱਖਿਆ ਲੈਣ ਦੀ ਲੋੜ ਹੈ। ਇਸ ਦਾ ਚਾਨਣ ਚੀਨ ਵਿੱਚ ਮੌਜੂਦ ਇੱਕ ਭਾਰਤੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤਾ, ਜਿਸ ਵਿੱਚ ਉਸ ਨੇ ਦਸਿਆ ਹੈ ਕਿ ਕਿਸ ਤਰ੍ਹਾਂ ਚੀਨ ਦੇ ਲੋਕਾਂ ਨੇ ਇਹਨਾਂ ਸਭ ਹਦਇਤਾਂ ਨੂੰ ਆਪਣੀ ਅਸਲ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਇਹ ਲਾਕਡਾਊਨ ਇੱਕ ਸ਼ੁਰੂਆਤ ਹੋ ਸਕਦੀ ਹੈ। ਕਿਰਪਾ ਕਰਕੇ ਇਹ ਨਾ ਸਮਝੋਂ ਕਿ ਵਿਸ਼ਾਣੂ ਦਾ ਅੰਤ ਹੈ। ਇਹ ਅੰਤ ਦੀ ਸ਼ੁਰੂਆਤ ਹੈ। ਉਸ ਸਮੇਂ ਦੌਰਾਨ ਵੀ ਵੱਡੀ ਗਿਣਤੀ ਵਿੱਚ ਇੱਕਠ ਨਾ ਹੋਣਾ ਅਤੇ ਸਮਾਜਿਕ ਦੂਰੀ ਦਾ ਅਭਿਆਸ ਨੂੰ ਜਾਰੀ ਰੱਖਣਾ। ਮੈਂ ਇੱਥੇ  ਮੌਜੂਦਾ ਪ੍ਰਸ਼ਾਸਨ ਨੂੰ ਵੀ ਵੱਖ-ਵੱਖ ਪੜਾਵਾਂ ਵਿੱਚ ਉਸਦੀ ਜ਼ਰੂਰਤ ਦੇ ਹਿਸਾਬ ਨਾਲ ਤਾਲਾਬੰਦੀ ਨੂੰ ਖਤਮ ਕਰਨ ਦੀ ਪੇਸ਼ਕਾਰੀ ਰੱਖਦਾ ਹਾਂ। ਇਸ ਤਰ੍ਹਾਂ ਹੀ ਅਸੀਂ 1.35 ਬਿਲੀਅਨ ਲੋਕਾਂ ਦੀ ਆਉਣ ਵਾਲੀ ਜ਼ਿੰਦਗੀ ਦੀ ਚੰਗੀ ਕਾਮਨਾ ਕਰ ਸਕਦੇ ਹਾਂ।
ਡਾ ਸੰਨੀ ਕੁਮਾਰ


Baljit Singh

Content Editor

Related News