ਸਬਸਿਡੀ ’ਤੇ ਮਸ਼ੀਨਰੀ ਲੈਣ ਲਈ ਇਸ ਸਾਲ ਜ਼ਿਆਦਾ ਰੁਚੀ ਨਹੀਂ ਦਿਖਾ ਰਹੇ ਕਿਸਾਨ

08/23/2020 1:54:45 PM

ਗੁਰਦਾਸਪੁਰ (ਹਰਮਨਪ੍ਰੀਤ) - ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀਆਂ ਜਾਣ ਵਾਲੀਆਂ 23 ਹਜ਼ਾਰ 500 ਮਸ਼ੀਨਾਂ ਲੈਣ ਲਈ ਇਸ ਸਾਲ ਸਿਰਫ 12 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਅਪਲਾਈ ਕੀਤਾ ਹੈ। ਇਸ ਦੇ ਚਲਦਿਆਂ ਵਿਭਾਗ ਨੇ ਦਰਖਾਸਤਾਂ ਲੈਣ ਦੀ ਮਿਤੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਖੇਤਾਂ ਵਿਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਏ ਬਿਨਾਂ ਨਿਪਟਾਉਣ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀ ਮਸ਼ੀਨਰੀ ਦੀ ਲੋੜ ਪੈਂਦੀ ਹੈ, ਜਿਸ ਦੇ ਚਲਦਿਆਂ ਸਰਕਾਰ ਨੇ ਸਾਲ 2018 ਤੋਂ ਕੇਂਦਰ ਸਰਕਾਰ ਦੀ ਮਦਦ ਨਾਲ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਰੀ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਇਸ ਤਹਿਤ ਪਿਛਲੇ ਦੋ ਸਾਲਾਂ ਦੌਰਾਨ ਵਿਭਾਗ ਨੇ ਕਰੀਬ 480 ਕਰੋੜ ਰੁਪਏ ਦੀਆਂ 51 ਹਜ਼ਾਰ ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਹਨ।

ਪੜ੍ਹੋ ਇਹ ਵੀ ਖਬਰ - ਐੱਨ.ਐੱਫ.ਐੱਲ. ਵਿਜੈਪੁਰ ਯੂਨਿਟ ਬਾਇਓਡੀਗ੍ਰੇਡੇਬਲ ਕੂੜੇ ਤੋਂ ਤਿਆਰ ਕਰੇਗਾ ਕੰਪੋਸਟ

ਗਰੁੱਪਾਂ ’ਚ ਮਸ਼ੀਨਰੀ ਲੈਣ ਨੂੰ ਤਰਜੀਹ ਦੇ ਰਹੇ ਹਨ ਕਿਸਾਨ
ਇਸ ਸਾਲ ਵਿਭਾਗ ਨੂੰ ਮਿਲੀਆਂ ਕਰੀਬ 12 ਹਜ਼ਾਰ ਦਰਖਾਸਤਾਂ ਵਿਚ ਛੋਟੇ ਕਿਸਾਨਾਂ ਦੇ ਗਰੁੱਪਾਂ ਦੀਆਂ ਅਰਜੀਆਂ ਵੀ ਸ਼ਾਮਲ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਿਸਾਨਾਂ ਵੱਲੋਂ ਸੁਪਰ ਸੀਡਰ ਮਸ਼ੀਨ ਖਰੀਦਣ ਵਿਚ ਸਭ ਤੋਂ ਜ਼ਿਆਦਾ ਰੁਚੀ ਦਿਖਾਈ ਜਾ ਰਹੀ ਹੈ, ਜਿਸ ਦੀ ਕੀਮਤ ਢਾਈ ਤੋਂ 3 ਲੱਖ ਰੁਪਏ ਹੈ। ਪਰ ਦੂਜੇ ਪਾਸੇ ਬਹੁਤ ਸਾਰੀਆਂ ਮਸ਼ੀਨਾਂ ਅਜਿਹੀਆਂ ਹਨ, ਜੋ ਕਿਸਾਨ ਲੈਣਾ ਚਾਹੁੰਦੇ ਹਨ ਪਰ ਇਸ ਯੋਜਨਾ ਵਿਚ ਸ਼ਾਮਲ ਨਾ ਹੋਣ ਕਾਰਨ ਉਹ ਇਹ ਮਸ਼ੀਨਾਂ ਸਬਸਿਡੀ ’ਤੇ ਖਰੀਦਣ ਤੋਂ ਅਸਮਰਥ ਹਨ। ਇਸ ਯੋਜਨਾ ਤਹਿਤ ਜੇਕਰ ਕੋਈ ਕਿਸਾਨ ਇਕੱਲਾ ਅਪਲਾਈ ਕਰਦਾ ਹੈ ਤਾਂ ਉਸ ਨੂੰ 50 ਫੀਸਦੀ ਸਬਸਿਡੀ ਮਿਲਦੀ ਹੈ ਜਦੋਂ ਕਿ ਗਰੁੱਪ ਵਿਚ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਾਲ ਵਿਭਾਗ ਕੋਲ ਪਹੁੰਚੀਆਂ 12 ਹਜ਼ਾਰ ਅਰਜ਼ੀਆਂ ਵਿਚੋਂ 65 ਫੀਸਦੀ ਅਰਜ਼ੀਆਂ ਗਰੁੱਪਾਂ ਨਾਲ ਸਬੰਧਤ ਹਨ।

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਇਸ ਸਾਲ ਵਿਭਾਗ ਨੇ ਕੀਤੀ ਨਵੀਂ ਪਹਿਲ ਕਦਮੀ
ਅਕਸਰ ਦੇਖਣ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਕਿਸਾਨਾਂ ਸਮੇਤ ਹੋਰ ਵਰਗਾਂ ਦੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀ ਭਲਾਈ ਦੇ ਨਾਂਅ ’ਤੇ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਨੂੰ ਦਿੱਲੀ ਵਿਚ ਏ. ਸੀ. ਕਮਰਿਆਂ ਅੰਦਰ ਬੈਠਣ ਵਾਲੇ ਉੱਚ ਅਧਿਕਾਰੀ ਤੇ ‘ਬਾਬੂ’ ਹੀ ਬਣਾਉਂਦੇ ਹਨ ਜਿਨ੍ਹਾਂ ਵਿਚੋਂ ਕਈਆਂ ਨੂੰ ਜ਼ਮੀਨੀ ਪੱਧਰ ’ਤੇ ਸਬੰਧਤ ਸਕੀਮ ਦੇ ਲਾਭਪਾਤਰੀਆਂ ਦੀਆਂ ਅਸਲ ਲੋੜਾਂ, ਮੰਗਾਂ ਤੇ ਮਜ਼ਬੂਰੀਆਂ ਸਮੇਤ ਹੋਰ ਜ਼ਮੀਨੀ ਹਕੀਕਤਾਂ ਬਾਰੇ ਕੋਈ ਗਿਆਨ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ ਵੱਖ-ਵੱਖ ਭਲਾਈ ਯੋਜਨਾਵਾਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਅਸਲ ਹਕੀਕਤ ਦੇ ਹਾਣੀ ਬਣਾਉਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਇਸ ਸਾਲ ਕਿਸਾਨਾਂ ਨੂੰ ਖੇਤੀ ਸੰਦਾਂ ’ਤੇ ਸਬਸਿਡੀ ਦੇਣ ਤੋਂ ਪਹਿਲਾਂ ਇਕ ਨਿਵੇਕਲੀ ਪਹਿਲ ਕੀਤੀ ਹੈ। ਇਸ ਦੇ ਚਲਦਿਆਂ ਵਿਭਾਗ ਵਲੋਂ ਕਿਸਾਨਾਂ ਨੂੰ ਖੇਤੀ ਮਸ਼ੀਨਰੀ ’ਤੇ ਸਬਸਿਡੀ ਦੇਣ ਲਈ ਸ਼ੁਰੂ ਕੀਤੀ ਯੋਜਨਾ ਦਾ ਸੋਸ਼ਲ ਆਡਿਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਤਹਿਤ ਵੱਖ-ਵੱਖ ਕਿਸਾਨਾਂ ਅਤੇ ਹੋਰ ਸਬੰਧਤ ਧਿਰਾਂ ਕੋਲੋਂ ਇਸ ਯੋਜਨਾ ਸਬੰਧੀ ਸੁਝਾਅ ਅਤੇ ਸ਼ਿਕਾਇਤਾਂ ਮੰਗੀਆਂ ਗਈਆਂ ਸਨ।

ਪੜ੍ਹੋ ਇਹ ਵੀ ਖਬਰ - ਨਸ਼ੇ ਤੋਂ ਪਰੇਸ਼ਾਨ ਮਾਂ-ਬਾਪ ਬੱਚੇ ਨੂੰ ਕਹਿੰਦੇ ਹਨ, ‘‘ਚੰਗਾ ਹੁੰਦਾ ਜੇ ਤੂੰ ਜੰਮਣ ਤੋਂ ਪਹਿਲੇ ਮਰ ਜਾਂਦਾ’’

ਸੂਚੀ ’ਚ ਸ਼ਾਮਲ ਨਹੀਂ ਹੁੰਦੇ ਛੋਟੇ ਕਿਸਾਨਾਂ ਦੀ ਲੋੜ ਵਾਲੇ ਕਈ ਸੰਦ
ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਉੱਘੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਨੇ ਪਿਛਲੇ ਸਾਲਾਂ ਦੌਰਾਨ ਸਬਸਿਡੀ ਯੋਜਨਾ ’ਚ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਦੱਸਿਆ ਕਿ 10 ਲੱਖ ਰੁਪਏ ਤੱਕ ਦੇ ਸੰਦ ਲੈਣ ਵਾਲਾ ਗਰੁੱਪ ਛੋਟੇ ਗਰੁੱਪ ਕਿਸਾਨਾਂ ਲਈ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਚ ਦਿੱਤੇ ਜਾਣ ਵਾਲੇ ਸੁਪਰਸੀਡਰ, ਚੌਪਰ, ਰੀਪਰ, ਹੈਪੀਸੀਡਰ ਆਦਿ ਸੰਦ ਵੱਡੇ ਟਰੈਕਟਰਾਂ ਨਾਲ ਚੱਲਣ ਵਾਲੇ ਹਨ ਜਦੋਂ ਕਿ ਸੁਪਰ ਐੱਸ. ਐੱਮ. ਐੱਸ. ਸਿਸਟਮ ਕੰਬਾਇਨ ’ਚ ਲੱਗਣ ਵਾਲਾ ਸੰਦ ਹੈ। ਇਸ ਕਾਰਣ ਇਨ੍ਹਾਂ ਸੰਦਾਂ ਦਾ ਛੋਟੇ ਕਿਸਾਨਾਂ ਨਾਲ ਸਬੰਧ ਹੀ ਨਹੀਂ। ਇਸੇ ਤਰ੍ਹਾਂ ਰੈਕਰ ਤੇ ਬੇਲਰ ਆਮ ਤੌਰ ’ਤੇ ਛੋਟੇ ਕਿਸਾਨਾਂ ਦੀ ਸਮਰੱਥਾ, ਸਮਝ ਤੇ ਵਰਤੋਂ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਗਰੁੱਪ ਵਿਚ 50 ਹਾਰਸ ਪਾਵਰ ਦਾ ਟਰੈਕਟਰ, ਇਕ ਰੋਟਾਵੇਟਰ, ਡਰਿਲ, ਡਿਸਕ ਹੈਰੋ, ਕਟਰ ਕਮ ਸਪਰੈਡਰ (ਸ਼ਲੇਡਾ), ਪਲਟਾਵੀਂ ਹੱਲ ਆਦਿ ਅਜਿਹੇ ਸੰਦ/ਮਸ਼ੀਨਰੀ ਹਨ ਦੋ ਕੰਮ ਵੀ ਆਉਂਦੀ ਹੈ ਅਤੇ ਸਸਤੀ ਵੀ ਹੈ। ਇਹ ਸੰਦ ਕਈ ਮੰਤਵਾਂ ਲਈ ਵਰਤੇ ਜਾਂਦੇ ਹਨ। ਇਸ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੰਦਾਂ ਨੂੰ ਵੀ ਸਬਸਿਡੀ ਵਾਲੇ ਸੰਦਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਬੇਸ਼ੱਕ ਇਸ ਯੋਜਨਾ ਨੂੰ ਬਿਹਤਰ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਵੇਗਾ।

PunjabKesari

ਕਿਸਾਨ 24 ਅਗਸਤ ਤੱਕ ਕਰ ਸਕਦੇ ਹਨ ਅਪਲਾਈ : ਡਾ. ਧੰਜੂ
ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਲੋੜ ਅਨੁਸਾਰ ਉੇੱਚ ਮਿਆਰੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾਂ ਨੂੰ ਕਿਸਾਨ, ਕਿਸਾਨਾਂ ਗਰੁੱਪਾਂ ਦੀ ਲੋੜ ਤੇ ਮੰਗ ਅਨੁਸਾਰ ਬਣਾਉਣ ਲਈ ਸੁਝਾਅ ਵੀ ਮੰਗੇ ਗਏ ਹਨ ਅਤੇ ਬਹੁਤ ਸਾਰੇ ਅਗਾਂਹਵਧੂ ਕਿਸਾਨ ਆਪਣੇ ਕੀਮਤੀ ਸੁਝਾਅ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਕਿਸਾਨਾਂ ਨੇ ਘੱਟ ਅਪਲਾਈ ਕੀਤਾ ਹੈ ਅਤੇ ਜਾਂ ਕਿਸਾਨ ਰੁਚੀ ਨਹੀਂ ਦਿਖਾ ਰਹੇ। ਉਨ੍ਹਾਂ ਕਿਹਾ ਕਿ ਇਕੱਲੇ ਜ਼ਿਲਾ ਗੁਰਦਾਸਪੁਰ ਅੰਦਰ 17 ਅਗਸਤ ਤੱਕ 905 ਕਿਸਾਨਾਂ ਨੇ ਇਕੱਲੇ ਅਰਜੀਆਂ ਦਿੱਤੀਆਂ ਹਨ ਜਦੋਂ ਕਿ 381 ਗਰੁੱਪਾਂ ਵਲੋਂ ਵੀ ਅਰਜੀਆਂ ਦਿੱਤੀਆਂ ਗਈਆਂ ਜਿਸ ਦੇ ਚਲਦਿਆਂ ਹੁਣ ਤੱਕ ਕਰੀਬ 1800 ਸੰਦਾਂ ਦੀ ਮੰਗ ਪਹੁੰਚ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਹੋਰ ਕਿਸਾਨਾਂ ਵਲੋਂ ਅਪਲਾਈ ਕੀਤੇ ਜਾਣ ਕਾਰਣ ਇਹ ਗਿਣਤੀ ਹੋਰ ਵਧ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਕਿਸਾਨ 17 ਅਗਸਤ ਤੱਕ ਅਪਲਾਈ ਨਹੀਂ ਕਰ ਸਕੇ, ਉਹ 24 ਅਗਸਤ ਤੱਕ ਅਪਲਾਈ ਕਰ ਸਕਦੇ ਹਨ।

PunjabKesari


rajwinder kaur

Content Editor

Related News