ਪਾਣੀ ਦੀ ਕਮੀ ਤੇ ਕੜਕਦੀ ਧੁੱਪ ਨੇ ਸਾੜੀਆਂ ਫਸਲਾਂ, ਕਿਸਾਨਾਂ ਕੀਤੀ ਬਿਜਲੀ ਤੇ ਨਹਿਰੀ ਪਾਣੀ ਦੀ ਮੰਗ

05/07/2017 3:33:36 PM

ਸ੍ਰੀ ਹਰਗੋਬਿੰਦਪੁਰ/ਘੁਮਾਣ (ਰਮੇਸ਼)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਚ ਪਾਣੀ ਦੀ ਕਮੀ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਸੜ ਰਹੀਆਂ ਹਨ ਜਿਸ ਨਾਲ ਕਿਸਾਨ ਡਾਢੇ ਪ੍ਰੇਸ਼ਾਨ ਹਨ। ਪਿੰਡ ਮਠੌਲਾ ਦੇ ਰਹਿਣ ਵਾਲੇ ਕਿਸਾਨ ਹਰਭਜਨ ਸਿੰਘ,ਸੁਖਦੇਵ ਸਿੰਘ,ਪਾਲ ਸਿੰਘ,ਜਗਤਾਰ ਸਿੰਘ,ਯਾਦਵਿੰਦਰ ਸਿੰਘ,ਲਵਜੀਤ ਸਿੰਘ ਆਦਿ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੜਕਦੀ ਧੁੱਪ ਦੇ ਨਾਲ ਵਧੀ ਹੋਈ ਗਰਮੀ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਚਾਉਣੀਆਂ ਔਖੀਆਂ ਹੋ ਗਈਆਂ ਹਨ ਤੇ ਉਨ੍ਹਾਂ ਦੀਆਂ ਫਸਲਾਂ ਪਾਣੀ ਦੀ ਘਾਟ ਕਰਨ ਸੜ ਰਹੀਆਂ ਹਨ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਜੀ ਫਸਲ ਕਮਾਦ, ਮੱਕੀ, ਬਰਸ਼ੀਨ, ਮਾਂਹ ਤੇ ਸਬਜੀਆਂ ਨੂੰ ਪਾਣੀ ਦੀ ਬਹੁਤ ਲੋੜ ਹੈ ਪਰ ਬਿਜਲੀ ਮਹਿਕਮੇ ਵਲੋਂ ਕੇਵਲ ਤਿੰਨ ਘੰਟੇ ਹੀ ਟਿਊਬਵੈਲਾਂ ਦੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਨਹਿਰੀ ਵਿਭਾਗ ਵਲੋਂ ਰਜਬਾਹਿਆ ਵਿਚ ਪਾਣੀ ਨਹੀਂ ਛੱਡਿਆ ਗਿਆ ਹੈ ਜਿਸ ਨਾਲ ਉਹ ਆਪਣੀਆਂ ਪੂਰੀਆਂ ਫਸਲਾਂ ਨੂੰ ਪਾਣੀ ਨਹੀਂ ਦੇ ਸਕਦੇ । ਫਸਲਾਂ ਨੂੰ ਪੂਰਾ ਪਾਣੀ ਨਾ ਦਿੱਤੇ ਜਾਣ ਕਰ ਕੇ ਕਿਸਾਨ ਡਾਢੇ ਪ੍ਰੇਸ਼ਾਨ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਣਕ ਦਾ ਨਾੜ ਸਾੜਨ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਕਰ ਕੇ ਉਹ ਕਣਕ ਦਾ ਨਾੜ ਸਾੜ ਨਹੀਂ ਸਕਦੇ ਹਨ ਪਰ ਜੇਕਰ ਪਾਣੀ ਦੀ ਇਸੇ ਤਰਾਂ ਹੀ ਕਮੀ ਰਹੀ ਤਾਂ ਉਨ੍ਹਾਂ ਲਈ ਝੋਨੇ ਦੀ ਫਸਲ ਬੀਜਣੀ ਮੁਸ਼ਕਲ ਹੋ ਜਾਵੇਗੀ, ਕਿਉਂਕਿ ਝੋਨੇ ਦੀ ਬਜਾਈ ਤੋਂ ਪਹਿਲਾਂ ਕਣਕ ਦਾ ਨਾੜ ਗਾਲਣ ਲਈ ਪੈਲੀਆਂ ਵਿੱਚ ਪਾਣੀ ਭਰਨਾ ਜਰੂਰੀ ਹੈ ਤੇ ਜੇਕਰ ਨਾੜ ਨਾ ਗਾਲਿਆ ਗਿਆ ਤਾਂ ਝੋਨਾ ਨਹੀਂ ਬੀਜੀਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਜਿਲਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿ ਝੋਨੇ ਦੀ ਬਜਾਈ ਨੂੰ ਵੇਖਦਿਆਂ ਟਿਊਬਵੈਲਾਂ ਲਈ ਪੂਰੀ ਬਿਜਲੀ ਤੇ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲਾਂ ਲਈ ਪੂਰਾ ਪਾਣੀ ਮਿਲ ਸਕੇ। ਇਸ ਮੌਕੇ ਜਦ ਐੱਸ.ਡੀ.ਉ ਪਾਵਰਕਾਮ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਿਊਬਵੈਲਾਂ ਦੀ ਬਿਜਲੀ ਪਾਵਰ ਕੰਟਰੌਲ ਪਟਿਆਲਾ ਵੱਲੋਂ ਭੇਜੀ ਜਾਂਦੀ ਹੈ ਜੋ ਕਿ ਜੂਨ ਦੇ ਮਹੀਨੇ ਵਿੱਚ ਵਧੇਗੀ। ਜਦ ਨਹਿਰੀ ਵਿਭਾਗ ਦੇ ਐੱਸ.ਡੀ.ਓ ਗੁਰਚਰਨ ਸਿੰਘ ਸੈਣੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਰਜਬਾਹਿਆਂ ਵਿੱਚ ਪੂਰਾ ਪਾਣੀ ਜੂਨ ਮਹੀਨਿਆਂ ਵਿੱਚ ਛੱਡਿਆ ਜਾਵੇਗਾ ਪਰ ਜੇਕਰ ਕਿਸੇ ਪਿੰਡ ਕਿਸਾਨਾਂ ਨੂੰ ਪਾਣੀ ਦੀ ਲੌੜ ਹੈ ਤਾਂ ਕਿਸਾਨਾਂ ਦੀ ਮੰਗ ਨੂੰ ਵੇਖਦਿਆਂ ਪਾਣੀ ਪਹਿਲਾਂ ਛੱਡਿਆ ਜਾ ਸਕਦਾ ਹੈ।

Related News