ਮੀਂਹ ਘੱਟ ਪੈਣ ਕਾਰਣ ਡੀਜ਼ਲ ਪੰਪਾਂ ’ਤੇ ਨਿਰਭਰ ਹੋਏ ਕਿਸਾਨ, ਮਾਨਸੂਨ ਦਾ ਮਿਜ਼ਾਜ ਰਿਹਾ ਨਿਰਾਸ਼ਾਜਨਕ

09/16/2020 10:09:45 AM

ਗੁਰਦਾਸਪੁਰ (ਹਰਮਨ) - ਇਸ ਸਾਲ ਕੋਰੋਨਾ ਵਾਇਰਸ ਦੇ ਦੌਰ ’ਚ ਮੌਸਮ ਦਾ ਮਿਜਾਜ਼ ਵੀ ਕਿਸਾਨਾਂ ਨੂੰ ਨਿਰਾਸ਼ ਕਰਨ ਵਾਲਾ ਰਿਹਾ ਹੈ। ਖਾਸ ਤੌਰ ’ਤੇ ਪੰਜਾਬ ਅੰਦਰ ਦਰਜਨ ਦੇ ਕਰੀਬ ਜਿਹੜੇ ਜ਼ਿਲਿਆਂ ਵਿਚ ਲੋੜ ਨਾਲੋਂ ਘੱਟ ਬਾਰਿਸ਼ ਹੋਈ ਹੈ, ਉਨ੍ਹਾਂ ਜ਼ਿਲਿਆਂ ਅੰਦਰ ਕਿਸਾਨਾਂ ਨੂੰ ਝੋਨੇ ਸਮੇਤ ਹੋਰ ਫਸਲਾਂ ਦੀ ਸਿੰਚਾਈ ਕਰਨ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਿਆ ਹੈ ਅਤੇ ਨਾਲ ਹੀ ਪਾਣੀ ਦੀ ਘਾਟ ਦਾ ਅਸਰ ਫਸਲ ਦੇ ਵਾਧੇ ’ਤੇ ਪੈਣ ਕਾਰਣ ਕਿਸਾਨਾਂ ਨੇ ਯੂਰੀਆ ਖਾਦ ਦੀ ਵਰਤੋਂ ਜ਼ਿਆਦਾ ਕਰਨ ਨੂੰ ਤਰਜੀਹ ਦਿੱਤੀ ਹੈ। ਦੂਜੇ ਪਾਸੇ ਹੁਣ ਬੇਸ਼ੱਕ 20 ਸਤੰਬਰ ਨੂੰ ਮਾਨਸੂਨ ਦਾ ਸੀਜਨ ਖਤਮ ਹੋਣ ਜਾ ਰਿਹਾ ਹੈ। 

ਮੌਸਮ ਵਿਭਾਗ ਅਨੁਸਾਰ ਇਸ ਸਾਲ 20 ਸਤੰਬਰ ਤੋਂ ਬਾਅਦ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਦੇ ਚਲਦਿਆਂ ਖੇਤੀ ਮਾਹਰ ਇਹ ਦਾਅਵਾ ਕਰ ਰਹੇ ਹਨ ਕਿ ਜੇਕਰ 20 ਸਤੰਬਰ ਤੋਂ ਬਾਅਦ ਵਿਚ ਬਾਰਿਸ਼ ਹੁੰਦੀ ਹੈ ਤਾਂ ਬਰਸਾਤ ਦੇ ਮੌਸਮ ਵਿਚ ਬਾਰਿਸ਼ ਦੀ ਮਾਤਰਾ ਤਾਂ ਪੂਰੀ ਹੋ ਜਾਵੇਗੀ, ਪਰ ਇਹ ਬਾਰਿਸ਼ ਸੇਮ ਤੋਂ ਪ੍ਰਭਾਵਿਤ ਨੀਵੇਂ ਇਲਾਕਿਆਂ ਅੰਦਰ ਝੋਨੇ ਦੀ ਫਸਲ ਲਈ ਕਾਫੀ ਨੁਕਸਾਨਦੇਹ ਸਿੱਧ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ - ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

ਵੱਖ-ਵੱਖ ਜ਼ਿਲਿਆਂ ਅੰਦਰ ਬਾਰਿਸ਼ ਦੀ ਸਥਿਤੀ
ਮੌਸਮ ਵਿਭਾਗ ਤੋਂ ਇਕੱਤਰ ਵੇਰਵਿਆਂ ਅਨੁਸਾਰ ਮਾਨਸੂਨ ਦੇ ਇਸ ਸੀਜਨ ਦੌਰਾਨ ਹੁਣ ਤੱਕ ਕਰੀਬ 11 ਫੀਸਦੀ ਘੱਟ ਬਾਰਿਸ਼ ਹੋਈ ਹੈ। ਆਮ ਤੌਰ ’ਤੇ ਮਾਨਸੂਨ ਦੇ ਹਰੇਕ ਸੀਜਨ ਦੌਰਾਨ ਸੂਬੇ ਅੰਦਰ 491 ਐੱਮ.ਐੱਮ. ਦੇ ਕਰੀਬ ਬਾਰਿਸ਼ ਹੁੰਦੀ ਹੈ ਅਤੇ ਇਸ ਸਾਲ 1 ਜੂਨ ਤੋਂ ਹੁਣ ਤੱਕ ਲੋੜੀਂਦੀ ਕਰੀਬ 438 ਐੱਮ.ਐੱਮ. ਬਾਰਿਸ਼ ਦੇ ਮੁਕਾਬਲੇ 387 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ ਹੈ, ਜੋ ਲੋੜ ਨਾਲੋਂ ਕਰੀਬ 11 ਫੀਸਦੀ ਘੱਟ ਹੈ। ਸੂਬੇ ਅੰਦਰ ਜੂਨ ਮਹੀਨੇ 50 ਐੱਮ.ਐੱਮ. ਦੇ ਕਰੀਬ ਬਾਰਿਸ਼ ਹੋਈ ਸੀ ਜੋ ਔਸਤ ਲੋੜ ਦੇ ਕਰੀਬ ਬਰਾਬਰ ਹੀ ਸੀ, ਪਰ ਜੁਲਾਈ ਵਿਚ ਪੰਜਾਬ ਅੰਦਰ 185.2 ਫੀਸਦੀ ਬਾਰਿਸ਼ ਹੋਈ ਜੋ ਲੋੜ ਨਾਲੋਂ 5 ਫੀਸਦੀ ਘੱਟ ਸੀ। ਅਗਸਤ ਮਹੀਨੇ 130 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ ਜੋ 20 ਫੀਸਦੀ ਘੱਟ ਹੈ ਅਤੇ ਸਤੰਬਰ ਮਹੀਨੇ ਹੁਣ ਤੱਕ ਕਰੀਬ 49 ਐੱਮ.ਐੱਮ. ਬਾਰਿਸ਼ ਦੀ ਲੋੜ ਦੇ ਮੁਕਾਬਲੇ ਸਿਰਫ 22 ਐੱਮ.ਐੱਮ.ਬਾਰਿਸ਼ ਹੀ ਹੋਈ ਹੈ।

ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

ਵੱਖ-ਵੱਖ ਜ਼ਿਲਿਆਂ ਦੀ ਸਥਿਤੀ
ਪੰਜਾਬ ਅੰਦਰ ਬਰਨਾਲਾ, ਮੁਕਤਸਰ, ਸੰਗਰੂਰ ਅਤੇ ਫਰੀਦਕੋਟ ਅਜਿਹੇ ਜ਼ਿਲੇ ਹਨ, ਜਿਨ੍ਹਾਂ ਵਿਚੋਂ ਲੋੜ ਦੇ ਮੁਕਾਬਲੇ ਜ਼ਿਆਦਾ ਬਾਰਿਸ਼ ਹੋਈ ਹੈ ਜਦੋਂਕਿ ਗੁਰਦਾਸਪੁਰ, ਕਪੂਰਥਲਾ, ਰੋਪੜ, ਪਟਿਆਲਾ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਮੋਹਾਲੀ, ਬਠਿੰਡਾ ਆਦਿ ਵਿਚ ਆਮ ਵਾਂਗ ਬਾਰਿਸ਼ ਦਰਜ ਕੀਤੀ ਗਈ। ਹੁਸ਼ਿਆਰਪੁਰ ਜ਼ਿਲੇ ਅੰਦਰ ਇਸ ਸਾਲ 50 ਫੀਸਦੀ ਘੱਟ ਬਾਰਿਸ਼ ਹੋਈ ਹੈ ਜਦੋਂ ਕਿ ਮਾਨਸਾ, ਅੰਮ੍ਰਿਤਸਰ, ਤਰਨਤਾਰਨ, ਨਵਾਂ ਸ਼ਹਿਰ, ਮੋਗਾ ਤੇ ਲੁਧਿਆਣਾ ਜ਼ਿਲੇ ਦੇ ਕਿਸਾਨ ਵੀ ਬਾਰਿਸ਼ ਘੱਟ ਕਾਰਣ ਪ੍ਰੇਸ਼ਾਨ ਰਹੇ।

ਪੜ੍ਹੋ ਇਹ ਵੀ ਖਬਰ - ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

ਕਿਸਾਨਾਂ ਦੀਆਂ ਮੁਸ਼ਕਲਾਂ ’ਚ ਵਾਧਾ
ਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰਜੀਤ ਸਿੰਘ ਨੇ ਦੱਸਿਆ ਕਿ ਬਾਰਿਸ਼ ਘੱਟ ਹੋਣ ਕਾਰਣ ਬਹੁਤ ਸਾਰੇ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਲਈ ਡੀਜ਼ਲ ਪੰਪ ਵੀ ਚਲਾਉਣੇ ਪਏ ਕਿਉਂਕਿ ਆਮ ਤੌਰ ’ਤੇ ਬਰਸਾਤ ਦੇ ਦਿਨਾਂ ਵਿਚ ਜਦੋਂ ਫਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਕਿਸਾਨਾਂ ਨੂੰ ਮਿਲਣ ਵਾਲੀ ਤਿੰਨ ਫੇਜ ਬਿਜਲੀ ਸਪਲਾਈ ਨਾਲ ਟਿਊਬਵੈੱਲ ਤੇ ਬਾਰਿਸ਼ ਨਾਲ ਫਸਲ ਵਿਚ ਪਾਣੀ ਦੀ ਲੋੜ ਪੂਰੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਜਿਹੜੇ ਕਿਸਾਨ ਡੀਜ਼ਲ ਪੰਪਾਂ ’ਤੇ ਨਿਰਭਰ ਕਰਦੇ ਹਨ, ਉਨ੍ਹਾਂ ਨੂੰ ਵੀ ਬਾਰਿਸ਼ ਦੇ ਦਿਨਾਂ ਵਿਚ ਰਾਹਤ ਮਿਲਦੀ ਹੈ। ਪਰ ਇਸ ਸਾਲ ਬਾਰਿਸ਼ ਘੱਟ ਹੋਣ ਕਾਰਣ ਡੈਮਾਂ ਤੋਂ ਵੀ ਪਾਣੀ ਘੱਟ ਛੱਡਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਫਸਲ ਵਿਚ ਪਾਣੀ ਦੀ ਲੋੜ ਪੂਰੀ ਕਰਨੀ ਪੈ ਰਹੀ ਹੈ।

ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਝੂਠੀ ਕਾਂਗਿਆਰੀ ਦਾ ਹਮਲਾ
ਬਲਜਿੰਦਰਜੀਤ ਸਿੰਘ ਨੇ ਦੱਸਿਆ ਕਿ ਜੇਕਰ ਬਾਰਿਸ਼ ਜ਼ਿਆਦਾ ਹੋਵੇ ਤਾਂ ਝੋਨੇ ਤੇ ਬਾਸਮਤੀ ਦੀ ਫਸਲ ਦਾ ਵਾਧਾ ਵੀ ਸਹੀ ਹੁੰਦਾ ਹੈ। ਪਰ ਪਾਣੀ ਦੀ ਘਾਟ ਰਹਿਣ ਕਾਰਣ ਕਈ ਥਾਈਂ ਫਸਲ ਦਾ ਵਾਧਾ ਵੀ ਪ੍ਰਭਾਵਿਤ ਹੋਇਆ ਹੈ ਜਿਸ ਕਾਰਣ ਕਿਸਾਨਾਂ ਨੇ ਫਸਲ ਵਿਚ ਯੂਰੀਆ ਖਾਦ ਦੀ ਵਰਤੋਂ ਜ਼ਿਆਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਜ਼ਿਆਦਾ ਪਾਉਣ ਕਾਰਣ ਹੁਣ ਝੋਨੇ ਦੀਆਂ ਕਈ ਕਿਸਮਾਂ ’ਤੇ ਝੂਠੀ ਕਾਂਗਿਆਰੀ ਦਾ ਹਮਲਾ ਵੀ ਜ਼ਿਆਦਾ ਹੋਇਆ ਹੈ।

ਸੇਮ ਵਾਲੇ ਇਲਾਕਿਆਂ ਲਈ ਨੁਕਸਾਨਦੇਹ ਹੋ ਸਕਦੀ ਹੈ ਬਾਰਿਸ਼
ਮਾਨਸੂਨ ਦਾ ਸੀਜਨ ਨਿਕਲਣ ਦੇ ਬਾਅਦ ਹੁਣ 20 ਸਤੰਬਰ ਦੇ ਬਾਅਦ ਬਾਰਿਸ਼ ਹੋਣ ਦੀ ਸੰਭਾਵਨਾ ਨੇ ਸੇਮ ਤੋਂ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਗੁਰਦਾਸਪੁਰ ਜ਼ਿਲੇ ਅੰਦਰ ਦੋਰਾਂਗਲਾ, ਕਲਾਨੌਰ, ਕਾਹਨੂੰਵਾਨ ਛੰਭ ਵਰਗੇ ਅਨੇਕਾਂ ਇਲਾਕੇ ਅਜਿਹੇ ਹਨ ਜਿਨ੍ਹਾਂ ਵਿਚ ਜੇਕਰ ਸਤੰਬਰ ਮਹੀਨੇ ਬਾਰਿਸ਼ ਹੋ ਜਾਵੇ ਤਾਂ ਫਸਲ ਦੀ ਕਟਾਈ ਤੱਕ ਖੇਤਾਂ ਵਿਚ ਪਾਣੀ ਨਹੀਂ ਸੁੱਕਦਾ ਅਤੇ ਕਈ ਵਾਰ ਕਿਸਾਨਾਂ ਨੂੰ ਖੜ੍ਹੇ ਪਾਣੀ ਵਿਚੋਂ ਹੀ ਫਸਲ ਦੀ ਕਟਾਈ ਕਰਨੀ ਪੈਂਦੀ ਹੈ। ਅਜਿਹੇ ਖੇਤਾਂ ਵਿਚੋਂ ਕੱਟੀ ਗਈ ਫਸਲ ਵਿਚ ਨਮੀ ਦੀ ਮਾਤਰਾ ਵੀ ਜ਼ਿਆਦਾ ਰਹਿਣ ਕਾਰਣ ਕਿਸਾਨਾਂ ਨੂੰ ਫਸਲ ਦੇ ਮੰਡੀਕਰਨ ਦੌਰਾਨ ਵੀ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ।

ਪੜ੍ਹੋ ਇਹ ਵੀ ਖਬਰ - ਖੇਤੀ ਪ੍ਰਧਾਨ ਸੂਬੇ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਨ ’ਚ 5ਵੇਂ ਨੰਬਰ ’ਤੇ


rajwinder kaur

Content Editor

Related News