ਕੀੜੇ ਮਾਰ ਜ਼ਹਿਰਾਂ ਅਤੇ ਖਾਦਾਂ ਦੇ ਡੀਲਰਾਂ ਦਾ ਚੈਕਿੰਗ ਅਭਿਆਨ ਜਾਰੀ
Thursday, Aug 04, 2022 - 03:56 PM (IST)

ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਦੀ ਅਗਵਾਈ ਹੇਠ ਬਲਾਕ ਫਿਲੋਰ ਵਿਖੇ ਵੱਖ-ਵੱਖ ਇਨਪੁੱਟਸ ਵਿਕਰੇਤਾਵਾ ਦੀ ਵਿਆਪਕ ਚੈਕਿੰਗ ਕੀਤੀ ਗਈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਆਰੀ ਖਾਦਾਂ, ਬੀਜ ਅਤੇ ਦਵਾਈਆਂ ਮੁੱਹਇਆ ਕਰਵਾਉਣ ਲਈ ਇਹ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹ ਚੈਕਿੰਗ ਅਭਿਆਨ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗਾ। ਖੇਤੀਬਾੜੀ ਵਿਭਾਗ ਵੱਲੋਂ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਸ ਚੈਕਿੰਗ ਦੌਰਾਨ ਕੁਆਲਿਟੀ ਕੰਟਰਲ ਐਕਟ ਅਨੁਸਾਰ ਖੇਤੀ ਇਨਪੁੱਟਸ ਦੀ ਵਿਕਰੀ ਕਰ ਰਹੇ ਡੀਲਰਾਂ ਦਾ ਰਿਕਾਰਡ ਅਤੇ ਸਟਾਕ ਚੈੱਕ ਕੀਤਾ ਗਿਆ ਹੈ।
ਕੁਆਲਿਟੀ ਕੰਟਰੋਲ ਐਕਟ ਅਨੁਸਾਰ ਰਿਕਾਰਡ ਮੈਨਟੇਨ ਨਾ ਕਰਨ ਕਰਕੇ ਅਤੇ ਸਟਾਕ ਬੋਰਡ ਤੇ ਸਟਾਕ ਨਾ ਦਰਸਾਉਣ ਕਰਕੇ ਕਈਂ ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਆਪਣੇ ਬਾਲਕ ਅਧੀਨ ਸਮੂਹ ਡੀਲਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਚੈਕਿੰਗ ਰਿਪੋਰਟ ਇਸ ਦਫ਼ਤਰ ਨੂੰ ਭੇਜੀ ਜਾਵੇ। ਚੈਕਿੰਗ ਮੁਹਿੰਮ ਵਿੱਚ ਉਨ੍ਹਾਂ ਨਾਲ ਬਲਾਕ ਫਿਲੌਰ ਦੇ ਖੇਤੀਬਾੜੀ ਅਫ਼ਸਰ ਡਾ ਗੁਰਮੀਤ ਸਿੰਘ ਰਿਆੜ ਸ਼ਾਮਲ ਸਨ। ਇਸੇ ਦੌਰਾਨ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਜਲੰਧਰ ਪੱਛਮੀ ਅਧੀਨ ਸਮੂਹ ਡੀਲਰਾਂ ਦੀ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜਿਥੇ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਕਿਸਾਨਾ ਨੂੰ ਸੇਵਾਵਾ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਉਥੇ ਕੁਆਲਿਟੀ ਬਾਸਮਤੀ ਦੀ ਪੈਦਾਵਾਰ ਹਾਸਿਲ ਕਰਨ ਲਈ ਤਕਰੀਬਨ 10 ਵੱਖ-ਵੱਖ ਜ਼ਹਿਰਾਂ ਦੀ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਵਿਕਰੀ ਨਾ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਬਾਸਮਤੀ ਇਰਾਕ, ਸਾਊਦੀ ਅਰਬ, ਯੂ.ਏ.ਈ, ਕੂਵੈਤ, ਉਮਾਨ, ਕੈਨੇਡਾ, ਯੂ.ਕੇ ਅਦਿ ਵਰਗੇ ਦੇਸ਼ਾਂ ਨੂੰ ਭੇਜੀ ਜਾਂਦੀ ਹੈ। ਦੇਸ਼ ਦੀ ਕੁੱਲ ਬਾਸਮਤੀ ਐਕਸਪੋਰਟ ਵਿੱਚ ਪੰਜਾਬ ਸੂਬੇ ਦੀ ਹਿੱਸੇਦਾਰੀ 40% ਦੇ ਕਰੀਬ ਹੈ। ਬਾਸਮਤੀ ਦੀ ਐਕਸਪੋਰਟ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਜ਼ਹਿਰਾ ਦੇ ਇਸਤੇਮਾਲ ਕਰਕੇ ਪਿਛਲੇ ਸਾਲਾਂ ਵਿੱਚ ਬਾਸਮਤੀ ਦੇ ਤਕਰੀਬਨ 400 ਅੰਤਰਰਾਸ਼ਟਰੀ ਸੌਦੇ ਰੱਦ ਹੋ ਚੁੱਕੇ ਹਨ।
ਬਾਸਮਤੀ ਦਾ ਚੰਗਾ ਭਾਅ ਕਿਸਾਨਾਂ ਨੂੰ ਦਿਵਾਉਣ ਲਈ ਮਿਆਰੀ ਪੈਦਾਵਾਰ ਕਰਨੀ ਬਹੁਤ ਜਰੂਰੀ ਹੈ। ਇਸ ਲਈ ਕਿਸਾਨਾ ਨੂੰ ਵੱਖ-ਵੱਖ ਜ਼ਹਿਰਾਂ ਜਿਵੇਂ ਐਸੀਫੇਟ, ਟ੍ਰਾਈਜੋਫਾਸ, ਥਾਇਆਮਿਥੋਕਸਮ, ਕਾਰਬੈਨਡਾਜ਼ਿਮ, ਟ੍ਰਾਈਸਾਈਕਲਾਜੋਲ, ਬੁਪੋਰਫੇਜਿਨ, ਕਾਰਬੋਫਿਉਰੋਨ, ਪ੍ਰੋਪੀਕੋਨਾਜੋਲ, ਥਾਇਉਫਿਨੇਟ ਮਿਥਾਇਲ ਨੂੰ ਬਾਸਮਤੀ ਦੀ ਫ਼ਸਲ ਲਈ ਨਾ ਵਰਤਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾ .ਅਰੁਣ ਕੋਹਲੀ ਖੇਤੀਬਾੜੀ ਅਫ਼ਸਰ ਜਲੰਧਰ ਪੱਛਮੀ, ਡਾ.ਕੰਚਨ ਯਾਦਵ ਅਤੇ ਡਾ.ਅਨੀਸ਼ ਚੰਦਰ ਖੇਤੀਬਾੜੀ ਵਿਕਾਸ ਅਫ਼ਸਰ ਉਨ੍ਹਾਂ ਦੇ ਨਾਲ ਸਨ।
ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ।