ਝੋਨੇ ਦੀ ਸਿੱਧੀ ਬੀਜਾਈ ਬਾਰੇ ਜਾਣਕਾਰੀ ਲੈਣ ਲਈ ਖੇਤ ਪ੍ਰਦਰਸ਼ਨੀਆਂ ਅਹਿਮ: ਵਿਧਾਇਕ ਬਲਕਾਰ ਸਿੰਘ

06/08/2022 10:56:56 AM

ਝੋਨੇ ਦੀ ਸਿੱਧੀ ਬੀਜਾਈ ਲਈ ਲੋਕਾਂ ਦਾ ਉਤਸ਼ਾਹ ਨਜ਼ਰ ਆ ਰਿਹਾ ਹੈ। ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਨੇ ਪਿੰਡ ਤਲਵੰਡੀ ਜੰਡੇਰ ਵਿਖੇ ਕਿਸਾਨ ਖੇਤ ਦਿਵਸ ਵਿੱਚ ਸ਼ਾਮਲ ਹੁੰਦੇ ਹੋਏ ਦੱਸਿਆ ਕਿ ਝੋਨਾ ਲਗਾਉਣ ਵਾਲੇ ਕਿਸਾਨ ਇਸ ਵਿਧੀ ਰਾਹੀਂ ਝੋਨਾ ਲਗਾਉਣ ਲਈ ਜਾਣਕਾਰੀ ਹਾਸਿਲ ਕਰ ਰਹੇ ਹਨ। ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਇੱਕਠ ਕਰਕੇ ਪ੍ਰਦਰਸ਼ਨੀਆਂ ਦਿਖਾਉਣ ਨਾਲ ਕਿਸਾਨਾਂ ਵਿੱਚ ਭਰੋਸਾ ਵੱਧ ਰਿਹਾ ਹੈ। ਉਨ੍ਹਾਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੀਜੇ ਜਾ ਰਹੇ ਝੋਨੇ ਦਾ ਖੇਤ ਜ਼ਰੂਰ ਦੇਖਣ ਅਤੇ ਅਜਿਹੇ ਅਗਾਂਹਵਧੂ ਕਿਸਾਨਾਂ ਨਾਲ ਰਾਬਤਾ ਕਾਇਮ ਰੱਖਦੇ ਹੋਏ ਤਕਨੀਕ ਪ੍ਰਤੀ ਭਰੋਸੇ ਵਿੱਚ ਵਾਧਾ ਕਰਨ, ਕਿਉਂਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।

ਵਿਧਾਇਕ ਨੇ ਇਸ ਮੌਕੇ ਖੁਦ ਟਰੈਕਟਰ ਚਲਾ ਕੇ ਝੋਨਾ ਕੇਰਿਆ, ਜਿਸ ਨਾਲ ਕਿਸਾਨਾਂ ਵਿੱਚ ਉਤਸ਼ਾਹ ਹੋਰ ਵੱਧ ਸਕੇ। ਮੁੱਖ ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਝੋਨੇ ਦੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਨਦੀਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਇਨ੍ਹਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾ ਅਨੁਸਾਰ ਕਾਮਯਾਬ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਬਿਆਨ ਵਿੱਚ ਕਿਹਾ ਕਿ ਪਹਿਲੀ ਸਿੰਚਾਈ 21 ਦਿਨਾਂ ਬਾਅਦ ਕਰਨ ਉਪਰੰਤ ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ 5-10 ਦਿਨਾਂ ਦੇ ਵਕਫੇ ’ਤੇ ਪਾਣੀ ਦੇਣੇ ਚਾਹੀਦੇ ਹਨ। ਬਿਜਾਈ ਤੋਂ 15-25 ਦਿਨਾਂ ਬਾਅਦ ਨਦੀਨ ਉੱਗਣ ਤੋਂ ਬਾਅਦ ਕੀਤੇ ਜਾਣ ਵਾਲੇ ਨਦੀਨਨਾਸ਼ਕਾਂ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ ਜਦੋਂ ਨਦੀਨ 1-4 ਪੱਤਿਆਂ ਦੀ ਅਵਸਥਾ ਵਿੱਚ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।  

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨਾਂ ਵੱਲੋਂ ਝੋਨੇ ਦਾ ਮੋਥਾ, ਗੰਡੀ ਵਾਲਾ ਮੋਥਾ ਜਾਂ ਚੋੜੀ ਪੱਤਿਆਂ ਵਾਲੇ ਨਦੀਨ ਜਿਵੇਂ ਮਿਰਚ ਬੂਟੀ, ਚੌਲਾਈ, ਦੌਧਕ ਆਦਿ ਦੇ ਹੋਣ ਬਾਰੇ ਕਿਹਾ ਜਾ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 8 ਗ੍ਰਾਮ ਐਲਮਿਕਸ 20 ਡਬਲਯੂ.ਪੀ. ਨੂੰ ਸਪਰੇ ਕਰਨ ਦੀ ਸਿਫਾਰਿਸ਼ ਹੈ। ਕਈਂ ਥਾਈਂ ਗੁੱੜਤ-ਮਧਾਣਾ, ਚਿੱੜੀ ਘਾਹ, ਤੱਕੜੀ ਘਾਹ ਜਾਂ ਚੀਨੀ ਘਾਹ ਦੀ ਸਮੱਸਿਆ ਵੀ ਹੋ ਸਕਦੀ ਹੈ। ਇਨ੍ਹਾਂ ਦੀ ਰੋਕਥਾਮ ਲਈ 400 ਐੱਮ.ਐੱਲ ਰਾਈਸਸਟਾਰ 6.7 ਈ ਸੀ ਨੂੰ ਸਪਰੇ ਕਰਨਾ ਚਾਹੀਦਾ ਹੈ। ਸਵਾਂਕ, ਸਵਾਂਕੀ ਅਤੇ ਝੋਨੇ ਦੇ ਮੋਥੇ ਲਈ 100 ਮਿਲੀਲੀਟਰ ਨੋਮਨੀਗੋਲਡ 10 ਐੱਸ.ਸੀ. ਦਾ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਉਸ ਦੇ ਨਿਵਾਰਣ ਲਈ ਆਪਣੇ ਹਲਕੇ ਦੇ ਖੇਤੀਬਾੜੀ ਮਾਹਿਰਾਂ ਨਾਲ ਰਾਬਤਾ ਕਾਇਮ ਜ਼ਰੂਰ ਕਰਨ। 

ਪਿੰਡ ਤਲਵੰਡੀ ਜੰਡੇਰ ਵਿਖੇ ਲੱਗੇ ਇਸ ਖੇਤ ਦਿਵਸ ਕਮ ਪ੍ਰਦਰਸ਼ਨੀ ਵਿੱਚ ਸ਼ਾਮਲ ਡਾ.ਅਰੁਣ ਕੋਹਲੀ ਖੇਤੀਬਾੜੀ ਅਫ਼ਸਰ ਜਲੰਧਰ ਪੱਛਮੀ ਅਤੇ ਡਾ.ਸੁਰਜੀਤ ਸਿੰਘ ਸਹਾਇਕ ਪੌਦਾ ਸੁਰਖਿਆ ਅਫ਼ਸਰ ਜਲੰਧਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬੀਜਾਈ ਦੀਆਂ ਬਾਰੀਕੀਆਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਬ ਸੁਆਇਲ ਪ੍ਰੀਜ਼ਰਵੇਸ਼ਨ ਆਫ ਵਾਟਰ ਐਕਟ 2009 ਅਨੁਸਾਰ ਝੋਨੇ ਦੀ ਰਵਾਇਤੀ ਤਰੀਕੇ ਰਾਹੀਂ ਲਵਾਈ ਮਿਤੀ 14 ਜੂਨ ਤੋਂ ਆਰੰਭ ਕਰਨੀ ਚਾਹੀਦੀ ਹੈ। ਇਸ ਮੌਕੇ ਇਲਾਕੇ ਦੇ ਕਿਸਾਨ ਅਤੇ ਚੈਅਰਮੈਨ ਖੇਤੀਬਾੜੀ ਵਿਕਾਸ ਬੈਂਕ ਜਗਜੀਤ ਸਿੰਘ ਨੇ ਵਿਧਾਇਕ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ। ਇਸ ਪ੍ਰਦਰਸ਼ਨੀ ਵਿੱਚ ਹਰਜੀਤ ਸਿੰਘ ਪਿੰਡ ਦੇਵਦਾਸਪੁਰਾ, ਗਰੀਬ ਦਾਸ, ਮਹਿੰਦਰ ਸਿੰਘ, ਤੀਰਥਪਾਲ ਸਿੰਘ, ਬਲਵਿੰਦਰ ਸਿੰਘ ਸਾਰੇ ਪਿੰਡ ਤਲਵੰਡੀ ਜੰਡੇਰ, ਗੁਰਦਿਆਲ ਸਿੰਘ, ਹਰਮੇਲ ਸਿੰਘ, ਬਿਕਰ ਸਿੰਘ, ਮੰਗਾ ਸਿੰਘ ਸਾਰੇ ਪਿੰਡ ਜੰਡੇ ਸਰਾਏ ਅਤੇ ਹੋਰ ਹਾਜ਼ਿਰ ਕਿਸਾਨਾਂ ਨੇ ਇਸ ਤਕਨੀਕ ਰਾਹੀਂ ਝੋਨਾ ਲਗਾਉਣ ਬਾਰੇ ਆਪਣੀ ਰਜ਼ਾਮੰਦੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਸ ਪ੍ਰਦਰਸ਼ਨੀ ਪਲਾਟ ਰਾਹੀਂ ਉਨ੍ਹਾਂ ਵਿੱਚ ਤਕਨੀਕ ਪ੍ਰਤੀ ਭਰੋਸਾ ਮਜ਼ਬੂਤ ਹੋਇਆ ਹੈ।


ਡਾ.ਨਰੇਸ਼ ਗੁਲਾਟੀ
ਸੰਪਰਕ ਅਫ਼ਸਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਜਲੰਧਰ।


rajwinder kaur

Content Editor

Related News