3300 ਰੁਪਏ ਪ੍ਰਤੀ ਏਕੜ ਮਜ਼ਦੂਰੀ ’ਤੇ ਕਿਸਾਨ ਲਿਆਏ ਪ੍ਰਵਾਸੀ ਮਜ਼ਦੂਰ

06/10/2020 9:32:04 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਤਾਲਾਬੰਦੀ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਗਏ ਹਨ। ਜਿਹੜੇ ਮਜ਼ਦੂਰ ਸਿਰਫ਼ ਝੋਨੇ ਦੀ ਲਵਾਈ ਲਈ ਹੀ ਆਉਂਦੇ ਸਨ, ਉਹ ਪੈਸਾ ਕਮਾਉਣ ਅਤੇ ਮਜ਼ਦੂਰੀ ਕਰਨ ਲਈ ਜ਼ਰੂਰ ਆਉਣਾ ਚਾਹੁੰਦੇ ਸਨ ਪਰ ਆਉਣ ਲਈ ਕੋਈ ਸਾਧਨ ਨਹੀਂ ਸੀ। ਇਸ ਲਈ ਪੰਜਾਬ ਦੇ ਕਈ ਕਿਸਾਨ ਗੱਡੀਆਂ ਕਿਰਾਏ ’ਤੇ ਕਰਵਾ ਕੇ ਬਾਹਰਲੇ ਰਾਜਾਂ ਤੋਂ ਝੋਨਾ ਲਵਾਈ ਲਈ ਮਜ਼ਦੂਰ ਲਿਆ ਰਹੇ ਹਨ ।

ਪ੍ਰਵਾਸੀ ਮਜ਼ਦੂਰਾਂ ਦੀ ਕਮੀ ਕਰਕੇ ਘਰੇਲੂ ਮਜ਼ਦੂਰਾਂ ਦੀ ਮੰਗ ਵਧ ਗਈ ਸੀ ਜਿਸ ਕਾਰਨ ਮਜ਼ਦੂਰੀ ਵਿੱਚ ਵੀ ਵਾਧਾ ਹੋਇਆ । ਮੰਗ ਅਤੇ ਪੂਰਤੀ ਦੇ ਹਿਸਾਬ ਨਾਲ ਸੁਭਾਵਿਕ ਸੀ ਕਿ ਮਜ਼ਦੂਰਾਂ ਦੀ ਮੰਗ ਵਿੱਚ ਵਾਧਾ ਹੋਣ ਕਰਕੇ ਮਜ਼ਦੂਰੀ ਵਿੱਚ ਵੀ ਵਾਧਾ ਹੋਵੇ ਪਰ ਕਿਸਾਨਾਂ ਕੋਲ ਪਿਛਲੇ ਸਾਲ ਨਾਲੋਂ ਵੀ ਦੁੱਗਣੀ ਮਜ਼ਦੂਰੀ ਦੇਣ ਦੀ ਸਮਰੱਥਾ ਨਹੀਂ ਹੈ । ਘਰੇਲੂ ਮਜ਼ਦੂਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ 5000 ਰੁਪਏ ਤੋਂ 7000 ਰੁਪਏ ਮੰਗਦੇ ਹਨ । ਇਸ ਲਈ ਪੰਜਾਬ ਦੇ ਕਈ ਕਿਸਾਨਾਂ ਨੇ ਸੋਚਿਆ ਕਿ ਕਿਉਂ ਨਾ ਪ੍ਰਵਾਸੀ ਮਜ਼ਦੂਰਾਂ ਨੂੰ ਹੀ ਝੋਨੇ ਦੀ ਲਵਾਈ ਲਈ ਲਿਆਂਦਾ ਜਾਵੇ ।

ਇਸ ਸੰਬੰਧੀ ਜਗ ਬਾਣੀ ਨਾਲ ਗੱਲ ਕਰਦਿਆਂ ਬਰਨਾਲੇ ਜ਼ਿਲ੍ਹੇ ਦੇ ਕਿਸਾਨ ਜਗਦੇਵ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਚੱਲਦੀ ਮਹਿੰਗੀ ਮਜ਼ਦੂਰੀ ਦੇਣ ਦੇ ਅਸੀਂ ਕਾਬਲ ਨਹੀਂ ਸੀ ਇਸ ਲਈ ਰਾਜਸਥਾਨ ਦੇ ਅਲਵਰ ਤੋਂ ਮਜ਼ਦੂਰ ਲੈ ਕੇ ਆਏ । ਇਹ ਮਜ਼ਦੂਰ ਪਿਛਲੇ ਕਈ ਸਾਲਾਂ ਤੋਂ ਸੰਪਰਕ ਵਿੱਚ ਹਨ ਅਤੇ ਹਰ ਸਾਲ ਝੋਨਾ ਲਾਉਣ ਲਈ ਆਉਂਦੇ ਹਨ । ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਦੋ ਗੱਡੀਆਂ ਵਿੱਚ ਪੰਦਰਾਂ ਮਜ਼ਦੂਰ ਲੈ ਕੇ ਆਏ । ਜਿਨ੍ਹਾਂ ਨੂੰ ਲਿਆਉਣ ਦਾ ਖਰਚਾ 30000 ਰੁਪਏ ਹੋਇਆ । ਪਿੰਡ ਵਿੱਚ ਜਿੰਨੇ ਵੀ ਕਿਸਾਨਾਂ ਦੇ ਇਹ ਮਜ਼ਦੂਰ ਝੋਨਾ ਲਾਉਣਗੇ ਉਹ ਕਿਸਾਨ ਮਜ਼ਦੂਰਾਂ ਨੂੰ ਲਿਆਉਣ ਦਾ ਖਰਚਾ ਆਪਸ ਵਿੱਚ ਵੰਡ ਲੈਣਗੇ । ਉਨ੍ਹਾਂ ਕਿਹਾ ਕਿ ਇਹ ਮਜ਼ਦੂਰ 3300 ਰੁਪਏ ਪ੍ਰਤੀ ਏਕੜ ਵਿੱਚ ਝੋਨਾ ਲਾਉਣ ਲਈ ਤਿਆਰ ਹਨ ਜੋ ਕਿ ਘਰੇਲੂ ਮਜ਼ਦੂਰਾਂ ਦੇ ਮੁਕਾਬਲੇ ਬਹੁਤ ਘੱਟ ਹੈ । 

ਇਸ ਨਾਲ ਘਰੇਲੂ ਮਜਦੂਰਾਂ ਨੂੰ ਮਾਰ ਪਵੇਗੀ ਕਿਉਂਕਿ ਪਹਿਲਾਂ ਹੀ ਤਾਲਬੰਦੀ ਦੇ ਚਲਦਿਆਂ ਉਹਨਾਂ ਕੋਲ ਕੋਈ ਕੰਮ ਨਹੀਂ ਸੀ ਅਤੇ ਹੁਣ ਪ੍ਰਵਾਸੀ ਮਜ਼ਦੂਰਾਂ ਨਾਲ ਮੁਕਾਬਲਾ ਹੋਣ ਕਰਕੇ ਉਹਨਾਂ ਨੂੰ ਝੋਨੇ ਦੀ ਲਵਾਈ ਦਾ ਮੁੱਲ ਘਟਾਉਣਾ ਪਵੇਗਾ।


rajwinder kaur

Content Editor

Related News