ਇਨ੍ਹਾਂ ਕਿਸਾਨਾਂ ਦੇ ਵਾਂਗ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਰਲ੍ਹ ਮਿੱਲ ਮਾਰੋ ਹੰਬਲਾ

10/15/2020 5:58:29 PM

ਸਾਉਣੀ ਰੁੱਤ ’ਚ ਝੋਨਾ ਪੰਜਾਬ ਦੀ ਪ੍ਰਮੁੱਖ ਫਸਲ ਹੋਣ ਕਰਕੇ ਝੋਨੇ ਦੀ ਫਸਲ ਤੋਂ ਵੱਡੀ ਮਾਤਰਾ ’ਚ ਰਹਿੰਦ ਖੂੰਹਦ ਪੈਦਾ ਹੁੰਦੀ ਹੈ ਇੱਕ ਅਨੁਮਾਨ ਅਨੁਸਾਰ ਸੂਬੇ ਵਿੱਚ 28 ਲੱਖ ਹੈਕਟੇਅਰ ਝੋਨੇ ਦੇ ਰਕਬੇ ਤੋਂ ਤਕਰੀਬਨ 220 ਲੱਖ ਮੀਟਰਕ ਟਨ ਪਰਾਲ ਪੈਦਾ ਹੁੰਦਾ ਹੈ। ਇਸ ਨੂੰ ਕਈ ਕਿਸਾਨਾਂ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਰ ਸਾਡੇ ਸੂਬੇ ਵਿੱਚ ਅਜਿਹੇ ਕਿਸਾਨਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਨੇ ਖੇਤੀਬਾੜੀ ਦੀ ਰਹਿੰਦ ਖੂਹੰਦ ਦੀ ਸੰਭਾਲ ਲਈ ਨਵੇਂ ਰਾਹ ਪੱਧਰੇ ਕੀਤੇ ਹਨ। ਅਜਿਹੇ ਕਿਸਾਨ ਦੁਜਿਆਂ ਲਈ ਉਦਾਹਰਨ ਬਣਦੇ ਹਨ। 

ਸ. ਜਗਜੀਤ ਸਿੰਘ ਸਰਪੰਚ ਪਿੰਡ ਲੱਲੀਆਂ ਨੇ ਸਾਲ 2017-18 ਦੌਰਾਨ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਨਾ ਵਹਾਉਂਦੇ ਹੋਏ ਆਲੂਆਂ ਦੀ ਬਿਜਾਈ ਭਾਵੇਂ ਕੀਤੀ ਸੀ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਲਗਾਤਾਰ ਕੋਸ਼ਿਸ਼ਾ ਸਦਕਾ ਇਸ ਕਿਸਾਨ ਨੇ ਅਗਲੇ ਸਾਲ ਮਲਚਰ, ਐੱਮ.ਬੀ.ਪਲਾਓ ਅਤੇ ਰੋਟਾਵੇਟਰ ਸਬਸਿਡੀ ਤੇ ਹਾਸਿਲ ਕਰਨ ਉਪਰੰਤ ਆਪਣਾ ਅਤੇ ਪਿੰਡ ਦੇ ਲਗਭਗ 325 ਏਕੜ ਰਕਬੇ ਅਧੀਨ ਇੱਨ ਸਿੱਟੂ ਉਪਰਾਲਾ ਕੀਤਾ ਤੇ ਪਰਾਲ ਨੂੰ ਜ਼ਮੀਨ ਵਿੱਚ ਵਾਹੁਣ ਉਪਰੰਤ ਆਲੂਆਂ ਦੀ ਬਿਜਾਈ ਕੀਤੀ। ਆਪਣੇ ਤਜਰਬੇ ਤੋਂ ਬਾਅਦ ਕਿਸਾਨ ਨੇ ਮੁੜ ਪਿੱਛੇ ਨਹੀਂ ਦੇਖਿਆਂ ਅਤੇ ਅੱਜ ਵੀ ਇਸ ਕਿਸਾਨ ਦਾ ਕਹਿਣਾ ਹੈ ਕਿ ਉਸ ਦੀਆਂ ਜ਼ਮੀਨਾਂ, ਜੋ ਹੋਲੀ ਹੋਲੀ ਕਮਜ਼ੋਰ ਹੋ ਰਹੀਆਂ ਸਨ, ਪਿਛਲੇ ਤਿੰਨ ਸਾਲਾ ਤੋਂ ਬਾਅਦ ਜ਼ਮੀਨਾਂ ਦੀ ਰੰਗਤ ਵਿੱਚ ਪ੍ਰਭਾਵਸ਼ਾਲੀ ਬਦਲਾਅ ਆਇਆ ਹੈ। 

PunjabKesari

ਉਸ ਨੇ ਕਿਹਾ ਕਿ ਫਸਲਾਂ ਨੂੰ ਹੁਣ ਪਿਛਲੇ ਸਮੇਂ ਨਾਲੋ ਘੱਟ ਖਾਦਾ ਪਾ ਕੇ ਪੂਰਾ ਝਾੜ ਪ੍ਰਾਪਤ ਹੋ ਰਿਹਾ ਹੈ। ਇਸ ਕਿਸਾਨ ਨੇ ਪਿੰਡ ਵਿੱਚ ਇਹ ਘੌਸ਼ਣਾ ਕੀਤੀ ਕਿ ਜੇਕਰ ਕਿਸੇ ਕਿਸਾਨ ਵੀਰ ਕੋਲ ਪਰਾਲੀ ਦੀ ਸੰਭਾਲ ਵਾਲੀਆਂ ਮਸ਼ੀਨਾਂ ਨਹੀਂ ਹਨ ਤਾਂ ਉਹ ਇਹ ਮਸ਼ੀਨਾਂ ਬਗੈਰ ਕਿਰਾਏ ਤੋਂ ਉਪਲਭਧ ਕਰਵਾਉਂਦੇ ਹੋਏ ਕਿਸਾਨਾਂ ਦੀ ਸੇਵਾ ਕਰੇਗਾ। ਕਿਸਾਨ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਪਰਾਲ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਜ਼ਿਆਦਾ ਮੀਂਹ ਨਾਲ ਫਸਲ ਡਿੱਗਦੀ ਨਹੀਂ ਅਤੇ ਝਾੜ ਦੀ ਕੁਆਲਿਟੀ ਵਿੱਚ ਵੀ ਸੁਧਾਰ ਹੁੰਦਾ ਹੈ।

ਇਸੇ ਤਰਾਂ ਨਾਲ ਸ.ਸੁਖਵੰਤ ਸਿੰਘ ਪਿੰਡ ਸਰਨਾਣਾ ਦੇ ਨੌਜਵਾਨ ਕਿਸਾਨ ਨੇ ਆਪਣੀ ਝੋਨੇ ਦੀ ਪਰਾਲੀ ਨੂੰ 2017-18 ਤੋਂ ਬਾਅਦ ਕਦੇ ਵੀ ਅੱਗ ਦੇ ਹਵਾਲੇ ਨਹੀਂ ਕੀਤਾ। ਕਿਸਾਨ ਦਾ ਕਹਿਣਾ ਹੈ ਕਿ ਭਾਂਵੇ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਆਦਿ ’ਤੇ ਹੁੰਦਾ ਖਰਚਾ ਤਕਰੀਬਨ 3000 ਪ੍ਰਤੀ ਏਕੜ ਹੋ ਜਾਂਦਾ ਹੈ ਪਰ ਜ਼ਮੀਨ ਦੀ ਸਿਹਤ, ਖਾਦਾ ਦੀ ਬਚਤ ਅਤੇ ਪਰਾਲੀ ਨੂੰ ਖੇਤਾਂ ਵਿੱਚ ਦਬਾਉਣ ਉਪਰੰਤ ਕਾਸ਼ਤ ਕੀਤੀ ਗਈ ਕਣਕ ਦੀ ਫਸਲ ਦੀ ਕੁਆਲਿਟੀ ਅਤੇ ਕੁਆਂਟਿਟੀ ਵਿੱਚ ਵਾਧਾ ਹੁੰਦਾ ਹੈ। ਇਸ ਕਿਸਾਨ ਨੇ ਆਪਣੀ ਖੁਦ ਦੀ ਮਸ਼ੀਨ ਦੀ ਖ੍ਰੀਦ ਨਾ ਕਰਦੇ ਹੋਏ ਪਿੰਡ ਦੀ ਸਹਿਕਾਰੀ ਸਭਾ ਪਾਸੋਂ ਮਲਚਰ, ਜੀਰੋ ਟਿੱਲ ਡਰਿੱਲ ਆਦਿ ਕਿਰਾਏ ’ਤੇ ਪ੍ਰਾਪਤ ਕਰਦੇ ਹੋਏ ਪਰਾਲੀ ਦੀ ਸੰਭਾਲ ਕੀਤੀ ਹੈ ਅਤੇ ਘੱਟ ਖਰਚਾ ਕੀਤਿਆਂ ਇੱਕ ਅਹਿਮ ਉਦਾਹਰਣ ਪੇਸ਼ ਕੀਤੀ। 

ਪਿੰਡ ਸ਼ਾਦੀਪੁਰ ਬਲਾਕ ਨੂਰਮਹਿਲ ਦਾ ਕਿਸਾਨ ਸ.ਕੁਲਬੀਰ ਸਿੰਘ ਵੀ ਆਪਣੀ ਖੇਤੀ ਵਿੱਚ ਫਸਲਾਂ ਦੀ ਰਹਿੰਦ ਖੂਹੰਦ ਨੂੰ ਜ਼ਮੀਨ ਵਿੱਚ ਸੰਭਾਲਣ ਲਈ ਭਰਵੇਂ ਉਪਰਾਲੇ ਕਰ ਰਿਹਾ ਹੈ। ਕਿਸਾਨ ਨੇ ਪਿੰਡ ਦੇ ਕਿਸਾਨਾ ਦੀ ਸੇਵਾ ਲਈ ਇੱਕ ਕਿਸਾਨ ਗਰੁੱਪ ਵੀ ਬਣਾਇਆ ਹੈ। ਇਸ ਲਈ ਕਿਸਾਨ ਨੇ ਸੀ.ਆਰ.ਐੱਮ.ਸਕੀਮ.ਅਧੀਨ 2 ਰੋਟਾਵੇਟਰ, 2 ਮਲਚਰ, 2 ਹੈਪੀ ਸੀਡਰ ਅਤੇ ਇੱਕ ਚੋਪਰ ਸ਼ਰੈਡਰ ਮਸ਼ੀਨ ਸਬਸਿਡੀ ’ਤੇ ਸਾਲ 2018-19 ਵਿੱਚ ਹਾਸਿਲ ਕੀਤੀ। ਕਿਸਾਨ ਪਿਛਲੇ ਤਿੰਨ ਸਾਲਾ ਤੋਂ ਲਗਾਤਾਰ ਤਕਰੀਬਨ 260 ਏਕੜ ਰਕਬੇ ਵਿੱਚ ਹੈਪੀ ਸੀਡਰ ਤਕਨੀਕ ਰਾਹੀਂ ਕਣਕ ਦੀ ਬਿਜਾਈ ਕਾਮਯਾਬੀ ਨਾਲ ਕਰ ਰਿਹਾ ਹੈ। 

PunjabKesari

ਕਿਸਾਨ ਦਾ ਕਹਿਣਾ ਹੈ ਕਿ ਦੂਜੇ ਕਿਸਾਨਾਂ ਨੇ ਕਣਕ ਵਿੱਚ ਨਦੀਨਾ ਨੂੰ ਖਤਮ ਕਰਨ ਲਈ ਕਈਂ ਸਪਰੇਆਂ ਕੀਤੀਆਂ ਪਰ ਉਸ ਵੱਲੋਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਸਾਂਭਣ ਉਪਰੰਤ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਵਾਲੇ ਖੇਤਾਂ ਵਿੱਚ ਨਦੀਨ ਨਹੀਂ ਹੋਏ ਤੇ ਕਿਸੇ ਵੀ ਨਦੀਨ ਨਾਸ਼ਕ ਦਵਾਈ ਦੇ ਇਸਤੇਮਾਲ ਦੀ ਜ਼ਰੂਰਤ ਨਹੀਂ ਪਈ। ਉਪਰੋਕਤ ਅਨੁਸਾਰ ਇਨ੍ਹਾਂ ਰਾਹ ਦਸੇਰੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਮੰਚਾਂ ਰਾਹੀਂ ਸਨਮਾਨਿਤ ਕੀਤਾ ਗਿਆ ਹੈ। 

ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨ ਵੀਰਾਂ ਨੂੰ ਅਜਿਹੇ ਕਿਸਾਨਾਂ ਤੋਂ ਸੇਧ ਲੈਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ ਪਰਾਲੀ ਵਰਗੇ ਅਨਮੋਲ ਕੁਦਰਤੀ ਵਸੀਲੇ ਨੂੰ ਅੱਗ ਦੇ ਹਵਾਲੇ ਕਰਨ ਬਾਰੇ ਬਿਲਕੁੱਲ ਨਾ ਸੋਚਣ ਬਲਕਿ ਇਸ ਸਰਮਾਏ ਦਾ ਸਦ-ਉਪਯੋਗ ਕਰਦੇ ਹੋਏ ਆਪਣੀ ਜ਼ਮੀਨ ਦੀ ਉਪਜਾਓ ਸ਼ਕਤੀ ਨੂੰ ਵਧਾਉਣ।

"ਪਰਾਲ ਸਰਮਾਇਆ ਜ਼ਮੀਨ ਦਾ, ਨਾ ਕਰ ਇਸ ਨੂੰ ਤਬਾਹ
ਵਾਹ ਕੇ ਵਿੱਚ ਜ਼ਮੀਨ ਦੇ, ਧਰਤੀ ਮਾਂ ਦਾ ਕਰਜ਼ਾ ਲਾਹ"।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ, ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ


rajwinder kaur

Content Editor

Related News