ਨਡਾਲ ਬਣਿਆ ਨੰਬਰ 2, ਓਸਤਾਪੇਂਕੋ ਦੀ ਲੰਬੀ ਛਾਲ

06/12/2017 4:28:29 PM

ਨਵੀਂ ਦਿੱਲੀ— ਕਲੇ ਕੋਰਟ ਦੇ ਬਾਦਸ਼ਾਹ ਸਪੇਨ ਦੇ ਰਾਫੇਲ ਨਡਾਲ 10ਵੀਂ ਵਾਰ ਫ੍ਰੈਂਚ ਓਪਨ ਦਾ ਖਿਤਾਬ ਜਿੱਤਣ ਦੇ ਬਾਅਦ ਸੋਮਵਾਰ ਨੂੰ ਜਾਰੀ ਤਾਜ਼ਾ ਟੈਨਿਸ ਰੈਂਕਿੰਗ 'ਚ ਨੰਬਰ 2 ਸਥਾਨ 'ਤੇ ਪਹੁੰਚ ਗਏ ਹਨ ਜਦਕਿ ਮਹਿਲਾ ਖਿਤਾਬ ਜਿੱਤਣ ਵਾਲੀ ਲਾਤਵੀਆ ਦੀ 20 ਸਾਲਾ ਐਲੇਨਾ ਓਸਤਾਪੇਂਕੋ ਨੇ ਲੰਬੀ ਛਾਲ ਮਾਰਦੇ ਹੋਏ 12ਵਾਂ ਸਥਾਨ ਹਾਸਲ ਕਰ ਲਿਆ ਹੈ। ਆਪਣਾ 10ਵਾਂ ਫ੍ਰੈਂਚ ਓਪਨ ਅਤੇ ਓਵਰਆਲ 15ਵਾਂ ਗ੍ਰੈਂਡ ਸਲੈਮ ਜਿੱਤਣ ਵਾਲਾ ਨਡਾਲ ਦੋ ਸਥਾਨ ਦੇ ਸੁਧਾਰ ਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ।

ਫ੍ਰੈਂਚ ਓਪਨ ਦੇ ਕੁਆਰਟਰਫਾਈਨਲ 'ਚ ਹਾਰਨ ਵਾਲਾ ਸਰਬੀਆ ਦਾ ਨੋਵਾਕ ਜੋਕੋਵਿਚ ਦੋ ਸਥਾਨ ਖਿਸਕ ਕੇ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ। ਜੋਕੋਵਿਚ ਮਾਰਚ 2011 ਦੇ ਬਾਅਦ ਪਹਿਲੀ ਵਾਰੀ ਚੋਟੀ ਦੀਆਂ 2 ਰੈਕਿੰਗਾਂ ਤੋਂ ਬਾਹਰ ਹੋਇਆ ਹੈ। ਸੈਮੀਫਾਈਨਲ 'ਚ ਹਾਰਨ ਵਾਲੇ ਬ੍ਰਿਟੇਨ ਦੇ ਐਂਡੀ ਮਰੇ ਦਾ ਚੋਟੀ ਦਾ ਸਥਾਨ ਬਰਕਰਾਰ ਹੈ ਜਦਕਿ ਫਾਈਨਲ 'ਚ ਨਡਾਲ ਤੋਂ ਹਾਰਨ ਵਾਲੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਦਾ ਵੀ ਤੀਜਾ ਸਥਾਨ ਕਾਇਮ ਹੈ। ਫ੍ਰੈਂਚ ਓਪਨ ਤੋਂ ਹਟਣ ਵਾਲੇ ਸਵਿਟਜ਼ਰਲੈਂਡਦੇ ਰੋਜਰ ਫੈਡਰਰ ਦਾ ਵੀ ਪੰਜਵਾਂ ਸਥਾਨ ਬਣਿਆ ਹੋਇਆ ਹੈ।  

ਮਹਿਲਾ ਵਰਗ 'ਚ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੀ 20 ਸਾਲਾ ਓਸਤਾਪੇਂਕੋ ਨੇ 37 ਸਥਾਨਾਂ ਦੀ ਲੰਬੀ ਛਾਲ ਮਾਰੀ ਹੈ ਅਤੇ 47 ਤੋਂ 12ਵੇਂ ਸਥਾਨ 'ਤੇ ਪਹੁੰਚ ਗਈ ਹੈ। ਫਾਈਨਲ 'ਚ ਓਸਤਾਪੇਂਕੋ ਤੋਂ ਹਾਰਨ ਵਾਲੀ ਰੋਮਾਨੀਆ ਦੀ ਸਿਮੋਨਾ ਹਾਲੇਪ 2 ਸਥਾਨ ਦੇ ਸੁਧਾਰ ਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਹਾਲੇਪ ਦੇ ਫਾਈਨਲ 'ਚ ਹਾਰਨ ਦੇ ਕਾਰਨ ਜਰਮਨੀ ਦੀ ਐਂਜੇਲਿਕ ਕੇਰਬਰ ਦਾ ਚੋਟੀ ਦਾ ਸਥਾਨ ਕਾਇਮ ਹੈ। ਹਾਲੇਪ ਜੇਕਰ ਖਿਤਾਬ ਜਿੱਤ ਲੈਂਦੀ ਤਾਂ ਉਹ ਨੰਬਰ ਇਕ ਬਣ ਸਕਦੀ ਸੀ ਪਰ ਪਹਿਲਾ ਸੈੱਟ ਜਿੱਤਣ ਦੇ ਬਾਅਦ ਉਹ ਅਗਲੇ ਦੋ ਸੈੱਟ ਹਾਰ ਗਈ ਅਤੇ ਉਸ ਦੇ ਹੱਥੋਂ ਨੰਬਰ ਇਕ ਬਣਨ ਦਾ ਮੌਕਾ ਨਿਕਲ ਗਿਆ।


Related News