ਅਰਜੁਨ ਐਵਾਰਡ ਲਈ ਨਾਮਜ਼ਦ ਨਾ ਹੋਣ ''ਤੇ ਭੜਕਿਆ ਬੋਪੰਨਾ

08/06/2017 2:36:45 AM

ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਡਬਲਜ਼ ਪੁਰਸ਼ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਇਕ ਵਾਰ ਫਿਰ ਅਰਜੁਨ ਐਵਾਰਡ ਲਈ ਨਾਮਜ਼ਦ ਨਾ ਕੀਤੇ ਜਾਣ 'ਤੇ ਅਖਿਲ ਭਾਰਤੀ ਟੈਨਿਸ ਸੰਘ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। 36 ਸਾਲਾ ਬੋਪੰਨਾ ਨੇ ਇਸ ਸਾਲ ਕੈਨੇਡਾ ਦੀ ਆਪਣੀ ਜੋੜੀਦਾਰ ਹੈਬ੍ਰੀਅਲਾ ਡਾਬਰੋਵਸਕੀ ਨਾਲ ਫ੍ਰੈਂਚ ਓਪਨ ਟੈਨਿਸ ਓਪਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ, ਜੋ ਉਸ ਦੇ ਕੈਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਵੀ ਹੈ। ਹਾਲਾਂਕਿ ਟੈਨਿਸ ਸੰਘ ਨੇ ਸਾਕੇਤ ਮਿਨੈਨੀ ਨੂੰ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ, ਜਿਸ ਨੇ 2014 ਇੰਚੀਓਨ ਏਸ਼ੀਆਈ ਖੇਡਾਂ 'ਚ 2 ਤਮਗੇ ਜਿੱਤੇ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਬੋਪੰਨਾ ਦਾ ਨਾਂ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ ਪਰ ਦੇਸ਼ ਲਈ ਤਮਗੇ ਨਾ ਜਿੱਤਣ ਕਾਰਨ ਉਹ ਇਸ ਪੁਰਸਕਾਰ ਦੇ ਮਾਪਦੰਡਾਂ 'ਤੇ ਖਰਾ ਨਹੀਂ ਉਤਰਿਆ, ਜਿਸ ਕਾਰਨ ਉਸ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਗਿਆ। 
ਅਰਜੁਨ ਐਵਾਰਡ ਲਈ ਮਾਪਦੰਡ 
ਗੌਰਤਲਬ ਹੈ ਕਿ ਅਰਜੁਨਾ ਐਵਾਰਡ ਲਈ ਤੈਅ ਮਾਪਦੰਡਾਂ 'ਚ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ, ਏਸ਼ੀਆਈ ਗੇਮਜ਼, ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਚੈਂਪੀਅਨਸ਼ਿਪ ਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਤਮਗੇ ਜਿੱਤਣ ਨੂੰ ਆਧਾਰ ਬਣਾਇਆ ਜਾਂਦਾ ਹੈ। ਬੋਪੰਨਾ ਇੰਚੀਓਨ ਖੇਡਾਂ ਦਾ ਹਿੱਸਾ ਨਹੀਂ ਬਣਿਆ ਸੀ। ਉਸ ਤੋਂ ਇਲਾਵਾ ਸੋਮਦੇਵ ਦੇਵਵਰਮਨ ਅਤੇ ਲੀਏਂਡਰ ਪੇਸ ਵੀ ਇਸ ਵਿਚ ਨਹੀਂ ਉਤਰ ਸਕੇ, ਜਦਕਿ ਮਿਨੈਨੀ ਨੇ ਸਾਨੀਆ ਮਿਰਜ਼ਾ ਨਾਲ ਮਿਲ ਕੇ ਡਬਲਜ਼ ਦਾ ਸੋਨ ਤਮਗਾ ਜਿੱਤਿਆ ਸੀ।


Related News