ਵਿਦੇਸ਼ ਜਾਣ ਖਾਤਿਰ ਪਤਨੀ ਨਾਲ ਹੀ ਕਰਦਾ ਰਿਹਾ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਕਰਤੂਤ, ਬਲੈਕਮੇਲ ਕਰਕੇ ਕੀਤਾ...

06/25/2017 6:47:32 PM

ਮੋਗਾ(ਆਜ਼ਾਦ)— ਮੋਗਾ ਨਿਵਾਸੀ ਇਕ ਲੜਕੀ ਨੇ ਸੁਨਾਮ (ਸੰਗਰੂਰ) ਨਿਵਾਸੀ ਆਪਣੇ ਪਤੀ 'ਤੇ ਵਿਦੇਸ਼ ਜਾਣ ਦੀ ਲਾਲਸਾ ਨਾਲ ਉਸ ਨੂੰ ਧੋਖੇ ਨਾਲ ਤਲਾਕ ਦੇ ਕੇ ਜਬਰ-ਜ਼ਨਾਹ ਕਰਨ ਤੋਂ ਇਲਾਵਾ ਆਪਣੇ ਪਰਿਵਾਰ ਨਾਲ ਕਥਿਤ ਮਿਲੀਭੁਗਤ ਕਰਕੇ ਉਸ ਨੂੰ ਕੋਲਡ ਡਰਿੰਕ 'ਚ ਕੋਈ ਨਸ਼ੀਲੀ ਦਵਾਈ ਪਿਲਾ ਕੇ ਆਪਣੇ ਸਕੇ ਭਰਾ ਨਾਲ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ, ਧਮਕਾਉਣ ਅਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ। ਪੁਲਸ ਜਾਂਚ ਤੋਂ ਬਾਅਦ ਪੀੜਤਾ ਦੇ ਪਤੀ ਸਮੇਤ 4 ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 9 ਨਵੰਬਰ, 2013 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਮੁਤਾਬਕ ਵਿਜੈ ਰਤਨ ਪੁੱਤਰ ਸੁਖਦੇਵ ਰਾਮ ਨਿਵਾਸੀ ਪਿੰਡ ਝਨੇੜੀ ਹਾਲ ਆਬਾਦ ਮੁਹੱਲਾ ਭੰਗੇਰੀਆਂ ਵਾਲਾ ਸੁਨਾਮ (ਸੰਗਰੂਰ) ਦੇ ਨਾਲ ਸਨਬੀਮ ਪੈਲੇਸ ਮੋਗਾ ਵਿਖੇ ਹੋਇਆ ਸੀ। ਉਸ ਨੇ ਅੱਗੇ ਦੱਸਿਆ, ''ਵਿਆਹ ਸਮੇਂ ਮੇਰੇ ਪਰਿਵਾਰ ਵਾਲਿਆਂ ਵੱਲੋਂ ਆਪਣੀ ਹੈਸੀਅਤ ਤੋਂ ਵੱਧ ਕੇ ਸਹੁਰਾ ਪਰਿਵਾਰ ਨੂੰ ਲੱਖਾਂ ਰੁਪਏ ਦਾ ਦਾਜ ਦੇਣ ਤੋਂ ਇਲਾਵਾ ਹੋਰ ਖਰਚਾ ਵੀ ਕੀਤਾ ਗਿਆ ਪਰ ਮੇਰਾ ਸਹੁਰਾ ਪਰਿਵਾਰ ਦਾਜ ਤੋਂ ਖੁਸ਼ ਨਹੀਂ ਸੀ ਅਤੇ ਮੈਨੂੰ ਪੇਕੇ ਪਰਿਵਾਰ ਤੋਂ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ। ਵਿਆਹ ਦੇ ਇਕ ਸਾਲ ਬਾਅਦ ਮੇਰਾ ਪਤੀ ਅਗਸਤ 2014 ਨੂੰ ਇਟਲੀ ਚਲਾ ਗਿਆ ਪਰ ਉਹ ਪੱਕਾ ਨਾ ਹੋਣ ਕਾਰਨ ਜਨਵਰੀ 2016 'ਚ ਵਾਪਸ ਆ ਗਿਆ। ਮੇਰਾ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਮੈਨੂੰ ਆਪਣੇ ਪੇਕਿਆਂ ਤੋਂ 10 ਲੱਖ ਰੁਪਏ ਲਿਆਉਣ ਲਈ ਮਜਬੂਰ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਅਸੀਂ ਆਪਣੇ ਲੜਕੇ ਨੂੰ ਦੁਬਾਰਾ ਵਿਦੇਸ਼ ਭੇਜਣਾ ਹੈ, ਜਿਸ 'ਤੇ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਮਾਤਾ-ਪਿਤਾ ਨਾਲ ਗੱਲਬਾਤ ਵੀ ਕੀਤੀ। ਮੇਰੇ ਮਾਤਾ-ਪਿਤਾ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਉਧਾਰ ਲੈ ਕੇ ਮੇਰਾ ਘਰ ਵਸਾਉਣ ਲਈ 2016 'ਚ ਉਕਤ ਪੈਸੇ ਉਨ੍ਹਾਂ ਨੂੰ ਦੇ ਦਿੱਤੇ। ਇਸ ਤੋਂ ਬਾਅਦ ਮੇਰਾ ਪਤੀ ਅਤੇ ਮੇਰੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਮੈਨੂੰ ਤੰਗ-ਪਰੇਸ਼ਾਨ ਕਰਨ ਤੋਂ ਇਲਾਵਾ ਕੁੱਟਮਾਰ ਕਰਨ ਲੱਗੇ ਅਤੇ ਧਮਕੀਆਂ ਦੇਣ ਲੱਗੇ, ਜਿਸ 'ਤੇ ਮੈਂ ਇਸ ਸਬੰਧੀ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਸਾਡੀ ਬੇਟੀ ਨੂੰ ਤੰਗ-ਪਰੇਸ਼ਾਨ ਨਾ ਕਰੋ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। 
ਆਖਿਰ ਮੈਨੂੰ ਸਹੁਰੇ ਪਰਿਵਾਰ ਨੇ ਘਰੋਂ ਬਾਹਰ ਕੱਢ ਦਿੱਤਾ ਅਤੇ ਮੇਰੇ ਸੋਨੇ ਦੇ ਸਾਰੇ ਗਹਿਣੇ, ਸਾਰੇ ਸਰਟੀਫਿਕੇਟ, ਪਾਸਪੋਰਟ, ਦਸਤਾਵੇਜ਼ ਅਤੇ ਦਾਜ ਦਾ ਸਾਰਾ ਸਾਮਾਨ ਅਤੇ ਮੇਰੇ ਮਾਤਾ-ਪਿਤਾ ਵੱਲੋਂ ਦਿੱਤੇ ਲੱਖਾਂ ਰੁਪਏ ਹੜੱਪ ਲਏ। ਮੇਰਾ ਪਤੀ ਮੈਨੂੰ ਦੱਸੇ ਬਿਨਾਂ ਮੈਨੂੰ ਛੱਡ ਕੇ ਵਿਦੇਸ਼ ਚਲਾ ਗਿਆ। ਇਸ ਤਰ੍ਹਾਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਥਿਤ ਮਿਲੀਭੁਗਤ ਕਰਕੇ ਸਾਡੇ ਨਾਲ ਧੋਖਾ ਕੀਤਾ ਹੈ।'' 
ਧੋਖੇ ਨਾਲ ਲਿਆ ਤਲਾਕ
ਆਪਬੀਤੀ ਸੁਣਾਉਂਦੇ ਹੋਏ ਉਸ ਨੇ ਅੱਗੇ ਦੱਸਿਆ, ''ਮੇਰੇ ਸਹੁਰਿਆਂ ਨੇ ਅਪ੍ਰੈਲ 2016 ਨੂੰ ਮੇਰੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਕਿ ਉਹ ਆਪਣੇ ਲੜਕੇ ਵਿਜੈ ਰਤਨ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ, ਜਿਸ ਕਾਰਨ ਉਹ ਤੁਹਾਡੀ ਬੇਟੀ ਦਾ ਆਪਣੇ ਬੇਟੇ ਦੇ ਨਾਲ ਆਰਜ਼ੀ ਤੌਰ 'ਤੇ ਤਲਾਕ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਸਾਡਾ ਬੇਟਾ ਉਥੇ ਜਾ ਕੇ ਸੈਟਲ ਹੋ ਸਕੇ ਅਤੇ ਇਸ ਤੋਂ ਬਾਅਦ ਉਹ ਤੁਹਾਡੀ ਬੇਟੀ ਨੂੰ ਉਥੇ ਬੁਲਾ ਲਵੇਗਾ ਪਰ ਮੇਰੇ ਮਾਤਾ-ਪਿਤਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਮੇਰੇ ਪਤੀ ਨੇ ਆਤਮ-ਹੱਤਿਆ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਮੈਂ ਤੇਰੇ ਮਾਤਾ-ਪਿਤਾ ਦਾ ਨਾਂ ਖੁਦਕੁਸ਼ੀ ਨੋਟ 'ਚ ਲਿਖ ਦੇਵਾਂਗਾ। ਕਥਿਤ ਦੋਸ਼ੀਆਂ ਨੇ ਮੈਨੂੰ ਧੋਖੇ 'ਚ ਰੱਖ ਕੇ ਆਪਣੇ ਜਾਲ 'ਚ ਫਸਾਇਆ ਅਤੇ 4 ਜਨਵਰੀ, 2017 ਨੂੰ ਮਾਣਯੋਗ ਸੁਨਾਮ ਅਦਾਲਤ ਤੋਂ ਤਲਾਕ ਕਰਵਾ ਲਿਆ। ਤਲਾਕ ਤੋਂ ਬਾਅਦ ਵੀ ਮੈਂ ਉਨ੍ਹਾਂ ਕੋਲ ਹੀ ਰਹਿੰਦੀ ਰਹੀ।'' 
ਪੀੜਤਾ ਨੇ ਦੋਸ਼ ਲਗਾਇਆ ਕਿ ਮੇਰੇ ਪਤੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਕਥਿਤ ਮਿਲੀਭੁਗਤ ਕਰਕੇ 14 ਫਰਵਰੀ, 2017 ਨੂੰ ਵੈਲੇਨਟਾਈਨ ਡੇਅ ਦੀ ਰਾਤ ਨੂੰ ਮੈਨੂੰ ਕੋਲਡ ਡਰਿੰਕ 'ਚ ਕੋਈ ਨਸ਼ੀਲਾ ਪਦਾਰਥ ਪਾ ਕੇ ਪਿਲਾ ਦਿੱਤੀ, ਜਿਸ 'ਤੇ ਮੈਂ ਬੇਹੋਸ਼ ਹੋ ਗਈ। ਮੇਰੇ ਪਤੀ ਨੇ ਇਸ ਤੋਂ ਬਾਅਦ ਆਪਣੇ ਸਕੇ ਭਰਾ ਹਰਿੰਦਰ ਭਾਰਦਵਾਜ ਦੇ ਨਾਲ ਮੇਰੀ ਅਸ਼ਲੀਲ ਵੀਡੀਓ ਮੋਬਾਇਲ 'ਚ ਬਣਾ ਲਈ ਅਤੇ ਜਦੋਂ ਮੈਨੂੰ ਸਵੇਰੇ ਇਸ ਬਾਰੇ ਪਤਾ ਲੱਗਾ ਤਾਂ ਮੈਂ ਇਸ ਦਾ ਵਿਰੋਧ ਕੀਤਾ ਅਤੇ ਸਾਰੀ ਗੱਲਬਾਤ ਆਪਣੇ ਪੱਕੇ ਪਰਿਵਾਰ ਨੂੰ ਦੱਸਣ ਲਈ ਕਿਹਾ, ਜਿਸ 'ਤੇ ਮੈਨੂੰ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਅਤੇ ਮੈਨੂੰ ਘਰ 'ਚ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦੇਣਗੇ ਅਤੇ ਤੇਰੇ ਮਾਪੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਣਗੇ। ਇਸ ਤਰ੍ਹਾਂ ਦੋਸ਼ੀਆਂ ਨੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। 
ਕੀ ਹੋਈ ਪੁਲਸ ਕਾਰਵਾਈ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲਾ ਪੁਲਸ ਮੁਖੀ ਮੋਗਾ ਨੇ ਇਸ ਦੀ ਜਾਂਚ ਡੀ. ਐੱਸ. ਪੀ. (ਸਿਟੀ) ਨੂੰ ਕਰਨ ਲਈ ਹੁਕਮ ਦਿੱਤਾ। ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਵਿਜੈ ਰਤਨ, ਭਰਾ ਹਰਿੰਦਰ ਭਾਰਦਵਾਜ ਪੁੱਤਰਾਨ ਸੁਖਦੇਵ ਰਾਮ, ਸਹੁਰਾ ਸੁਖਦੇਵ ਰਾਮ, ਸੱਸ ਨਿਰਮਲਾ ਦੇਵੀ ਨਿਵਾਸੀ ਪਿੰਡ ਝਨੋੜੀ ਹਾਲ ਆਬਾਦ ਮੁਹੱਲਾ ਭੰਗੇਰੀਆਂ ਵਾਲਾ ਸੁਨਾਮ ਖਿਲਾਫ ਦਾਜ ਲਈ ਤੰਗ-ਪਰੇਸ਼ਾਨ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News