ਸ਼ਹਿਰ ''ਚ ਨਾਜਾਇਜ਼ ਉਸਾਰੀਆਂ ਜ਼ੋਰਾਂ ''ਤੇ

12/13/2017 5:26:59 AM

ਜਲੰਧਰ, (ਖੁਰਾਣਾ)— ਇਨ੍ਹੀਂ ਦਿਨੀਂ ਨਗਰ ਨਿਗਮ ਚੋਣਾਂ ਦਾ ਦੌਰ ਚੱਲ ਰਿਹਾ ਹੈ ਤੇ ਸ਼ਹਿਰ ਦੀ ਗਲੀ-ਗਲੀ ਵਿਚ ਰੰਗ-ਬਿਰੰਗੇ ਝੰਡੇ, ਬੈਨਰ, ਪੋਸਟਰ ਲੱਗੇ ਹੋਏ ਹਨ। ਸਾਰੀਆਂ ਪਾਰਟੀਆਂ ਦੇ ਆਗੂ ਚੋਣ ਸਰਗਰਮੀਆਂ ਵਿਚ ਰੁੱਝੇ ਹੋਏ ਹਨ। ਅਜਿਹੇ ਵਿਚ ਸ਼ਹਿਰ 'ਚ ਅਚਾਨਕ ਨਾਜਾਇਜ਼ ਉਸਾਰੀਆਂ ਦਾ ਵੀ ਹੜ੍ਹ ਜਿਹਾ ਆ ਗਿਆ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਸਟਾਫ ਨੇ ਫੀਲਡ ਵਿਚ ਜਾਣ ਦਾ ਕੰਮ ਰੋਕਿਆ ਹੋਇਆ ਹੈ, ਜਿਸ ਕਾਰਨ ਨਾਜਾਇਜ਼ ਬਿਲਡਿੰਗਾਂ 'ਤੇ ਧੜਾਧੜ ਲੈਂਟਰ ਪਾਏ ਜਾ ਰਹੇ ਹਨ। ਚਰਨਜੀਤਪੁਰਾ 'ਚ ਕਾਂਗਰਸੀ ਉਮੀਦਵਾਰ ਦੇ ਘਰ ਦੇ ਬਿਲਕੁਲ ਸਾਹਮਣੇ ਪੁਰਾਣੀ ਬਿਲਡਿੰਗ ਤੋੜ ਕੇ ਕਈ ਮੰਜ਼ਿਲਾ ਕਮਰਸ਼ੀਅਲ ਬਿਲਡਿੰਗ ਖੜ੍ਹੀ ਕੀਤੀ ਜਾ ਰਹੀ ਹੈ, ਜਿਸ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਇਸੇ ਤਰ੍ਹਾਂ ਮਣੀਕਰਨ ਘਿਓ ਸਟੋਰ ਦੇ ਨੇੜੇ ਵੀ ਨਾਜਾਇਜ਼ ਉਸਾਰੀ ਜ਼ੋਰਾਂ 'ਤੇ ਹੈ। ਇਥੇ ਸ਼੍ਰੀ ਕ੍ਰਿਸ਼ਨਾ ਕੁਲੈਕਸ਼ਨ ਨੇੜੇ ਕਮਰਸ਼ੀਅਲ ਬਿਲਡਿੰਗ ਬਣਾਈ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਬਾਰੇ ਨਿਗਮ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਤੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਬਿਲਡਿੰਗ ਵਿਭਾਗ ਦੇ ਇੰਸਪੈਕਟਰ ਤੇ ਏ. ਟੀ. ਪੀ. ਕੋਈ ਕਾਰਵਾਈ ਨਹੀਂ ਕਰ ਰਹੇ।
'ਪਰਦੇ ਮੇਂ ਰਹਨੇ ਦੋ, ਪਰਦਾ ਨਾ ਉਠਾਓ' : ਸ਼ਹਿਰ ਵਿਚ ਇਨ੍ਹੀਂ ਦਿਨੀਂ ਹੋ ਰਹੀਆਂ ਨਾਜਾਇਜ਼ ਉਸਾਰੀਆਂ ਪਰਦੇ ਪਿੱਛੇ ਕੀਤੀਆਂ ਜਾ ਰਹੀਆਂ ਹਨ। ਚਰਨਜੀਤਪੁਰਾ ਵਿਚ ਬਣ ਰਹੀ ਮਲਟੀ ਸਟੋਰੀ ਕਮਰਸ਼ੀਅਲ ਬਿਲਡਿੰਗ ਨੂੰ ਪੂਰੀ ਤਰ੍ਹਾਂ ਨਾਲ ਕਾਲੀ ਤਰਪਾਲ ਨਾਲ ਢੱਕਿਆ ਹੋਇਆ ਹੈ। ਇਸੇ ਤਰ੍ਹਾਂ ਲਵ-ਕੁਸ਼ ਚੌਕ ਤੋਂ ਨਯਾ ਬਾਜ਼ਾਰ ਜਾਣ ਵਾਲੀ ਸੜਕ 'ਤੇ ਵੀ ਨਾਜਾਇਜ਼ ਉਸਾਰੀ ਹੋ ਰਹੀ ਹੈ, ਜਿਸ ਨੂੰ ਇਕ ਸਿਆਸੀ ਪਾਰਟੀ ਦੇ ਬੈਨਰ ਨਾਲ ਢੱਕਿਆ ਗਿਆ ਹੈ। ਪਬਲਿਕ ਨੂੰ ਪਰਦੇ ਪਿੱਛੇ ਹੋ ਰਹੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੀ ਸਾਰੀ ਜਾਣਕਾਰੀ ਹੈ ਪਰ ਸ਼ਾਇਦ ਅਜਿਹਾ ਕਰ ਕੇ ਨਿਗਮ ਅਧਿਕਾਰੀਆਂ ਨੂੰ ਮੈਸੇਜ ਦਿੱਤਾ ਜਾ ਰਿਹਾ ਹੈ ਕਿ 'ਪਰਦੇ ਮੇਂ ਰਹਨੇ ਦੋ, ਪਰਦਾ ਨਾ ਉਠਾਓ'। 


Related News