ਚੋਰਾਂ ਨੇ ਆਰਾਮ ਨਾਲ ਤੋੜੇ ਸ਼ੋਅਰੂਮ ਦੇ ਲਾਕ

06/26/2017 7:30:59 AM

ਲੁਧਿਆਣਾ, (ਰਿਸ਼ੀ)- ਚੋਰਾਂ ਦੇ ਹੌਸਲੇ ਕਿਸ ਕਦਰ ਬੁਲੰਦ ਹਨ ਅਤੇ ਉਨ੍ਹਾਂ ਦੇ ਮਨ 'ਚ ਪੁਲਸ ਦਾ ਕਿੰਨਾ ਖੌਫ ਹੈ, ਇਸ ਗੱਲ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਸ਼ਨੀਵਾਰ ਰਾਤ ਚੋਰਾਂ ਨੇ ਥਾਣਾ ਡਵੀਜ਼ਨ ਨੰ. 3 ਦੇ ਬਾਹਰ ਸ਼ੋਅਰੂਮ ਦੇ ਲਾਕ ਤੋੜ ਕੇ ਚੋਰੀ ਕਰਨੀ ਚਾਹੀ ਪਰ ਕਾਫੀ ਸ਼ਰਮ ਦੀ ਗੱਲ ਹੈ ਕਿ ਅੰਦਰ ਆਰਾਮ ਕਰ ਰਹੀ ਥਾਣਾ ਪੁਲਸ ਨੂੰ ਪਤਾ ਤੱਕ ਨਹੀਂ ਲੱਗਾ। ਇਲਾਕੇ ਦੇ ਚੌਕੀਦਾਰ ਨੂੰ ਆਉਂਦਾ ਦੇਖ ਤਿੰਨੇ ਚੋਰ ਭੱਜ ਨਿਕਲੇ, ਜਿਸ ਕਾਰਨ ਚੋਰੀ ਦੀ ਵਾਰਦਾਤ ਟਲ ਗਈ।
ਜਾਣਕਾਰੀ ਦਿੰਦੇ ਪੱਖੋਵਾਲ ਦੇ ਰਹਿਣ ਵਾਲੇ ਰੋਬਿਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਥਾਣਾ ਡਵੀਜ਼ਨ ਨੰ. 3 ਦੇ ਬਾਹਰ ਇਨਟੈਕਸ ਸਕੇਅਰ ਦਾ ਇਲੈਕਟ੍ਰਾਨਿਕ ਸ਼ੋਅਰੂਮ ਹੈ। ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਰਾਤ ਨੂੰ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ। ਰਾਤ 2.45 ਵਜੇ ਚੌਕੀਦਾਰ ਨੇ ਫੋਨ ਕਰ ਕੇ ਲਾਕ ਟੁੱਟੇ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। 
ਥਾਣੇ ਗਏ ਤਾਂ ਇੰਚਾਰਜ ਬੋਲਿਆ, 1 ਘੰਟੇ ਬਾਅਦ ਆਵਾਂਗਾ
ਮਾਲਕ ਦਾ ਦੋਸ਼ ਹੈ ਕਿ ਰਾਤ ਨੂੰ ਮੌਕੇ 'ਤੇ ਹੇਠਲੇ ਪੱਧਰ ਦੇ ਮੁਲਾਜ਼ਮ ਆਏ ਪਰ ਸਵੇਰੇ 11 ਵਜੇ ਤਕ ਥਾਣਾ ਇੰਚਾਰਜ ਨੇ ਇਕ ਵਾਰ ਵੀ ਸ਼ੋਅਰੂਮ 'ਤੇ ਆ ਕੇ ਜਾਂਚ ਕਰਨਾ ਜ਼ਰੂਰੀ ਨਹੀਂ ਸਮਝਿਆ। ਜਦ ਉਨ੍ਹਾਂ ਨੇ 11 ਵਜੇ ਥਾਣੇ ਜਾ ਕੇ ਇੰਚਾਰਜ ਨੂੰ ਮਿਲਣਾ ਚਾਹਿਆਂ ਤਾਂ ਉਹ ਮੌਜੂਦ ਨਹੀਂ ਸਨ ਅਤੇ ਫੋਨ ਕਰਨ 'ਤੇ ਉਨ੍ਹਾਂ ਨੇ ਗੱਲ ਸੁਣਨ ਦੀ ਬਜਾਏ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ 1 ਘੰਟੇ ਬਾਅਦ ਆਵਾਂਗਾ।


Related News