ਪੰਜਾਬੀ ਮੁੰਡੇ ਤੇ ਫਿਲਪੀਨਜ਼ ਦੀ ਕੁੜੀ ਦੇ ਸੱਚੇ ਇਸ਼ਕ ਦੀ ਅਜਿਹੀ ਕਹਾਣੀ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ

06/16/2017 2:20:06 PM

ਦੁਬਈ/ਅੰਮ੍ਰਿਤਸਰ, (ਸੰਦੀਪ ਸਿੰਘ)— ਪੰਜਾਬ ਦੀ ਧਰਤੀ ਨੇ ਰਾਜੇ-ਯੋਧੇ ਜੰਮੇਂ ਤਾਂ ਹੀਰ-ਰਾਂਝੇ ਵੀ ਇਸੇ ਧਰਤੀ ਦੇ ਹਨ। ਅੱਜ ਦੇ ਸਮੇਂ ਵਿਚ ਜਿੱਥੇ ਆਏ ਦਿਨ ਪੰਜਾਬ ਵਿਚ ਖਤਮ ਹੋ ਰਹੇ ਪਿਆਰ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ, ਉੱਥੇ ਪੰਜਾਬ ਦੇ ਮੁੰਡੇ ਨੇ ਦੁਬਈ ਵਿਚ ਪਿਆਰ ਦੀ ਉਹ ਮਿਸਾਲ ਪੈਦਾ ਕੀਤੀ ਕਿ ਦੇਖਣ ਵਾਲੇ ਦੇਖਦੇ ਹੀ ਰਹਿ ਗਏ। ਲੰਬੇ ਸਮੇਂ ਤੋਂ ਦੁੱਖ ਕੱਟਣ ਵਾਲੇ ਇਸ ਪ੍ਰੇਮੀ ਜੋੜੇ ਨੇ ਆਪਣੇ ਸੱਚੇ ਇਸ਼ਕ ਦੇ ਆਧਾਰ 'ਤੇ ਇਕ ਸੱਚੀ ਕਹਾਣੀ ਲਿਖੀ ਹੈ।

 PunjabKesari
ਜ਼ਿਲਾ ਅੰਮ੍ਰਿਤਸਰ ਦੇ ਪਿੰਡ ਖਿਲਚਿਆਨ ਦੇ ਸੰਦੀਪ ਸਿੰਘ ਨੇ 'ਜਗ ਬਾਣੀ' ਨਾਲ ਆਪਣੇ ਪਿਆਰ ਤੇ ਦੁੱਖਾਂ ਦੀ ਕਹਾਣੀ ਸਾਂਝੀ ਕੀਤੀ ਹੈ। ਦੁਬਈ ਵਿਚ ਉਹ ਇਕ ਕੰਪਨੀ ਵਿਚ ਪੀ. ਆਰ. ਓ. ਦੀ ਨੌਕਰੀ ਕਰਦਾ ਹੈ। ਸੰਦੀਪ ਨੇ ਪਿਛਲੇ ਸਾਲ ਉੱਥੇ ਇਕ ਫਿਲਪੀਅਨ ਕੁੜੀ ਇਵਾਨਗਲੀਨ ਨਾਲ ਵਿਆਹ ਕਰਵਾਇਆ ਹੈ ਅਤੇ ਉਨ੍ਹਾਂ ਦਾ ਇਕ ਚਾਰ ਮਹੀਨਿਆਂ ਦਾ ਬੱਚਾ ਵੀ ਹੈ, ਜਿਸ ਦਾ ਨਾਂ ਉਨ੍ਹਾਂ ਨੇ ਸੰਦੀਪ ਜੈਕਬ ਸਿੰਘ ਰੱਖਿਆ ਹੈ। 

PunjabKesari
ਸੰਦੀਪ ਨੇ ਆਪਣੇ ਪਿਆਰ ਦੀ ਕਹਾਣੀ ਬਾਰੇ ਦੱਸਦੇ ਹੋਏ ਕਿਹਾ ਕਿ ਦੁਬਈ ਦੀ ਇਕ ਕੰਪਨੀ ਵਿਚ ਉਹ ਅਤੇ ਉਹ ਕੁੜੀ ਜਿਸ ਨੂੰ ਉਹ ਪਿਆਰ ਕਰਦਾ ਸੀ, ਇਕੱਠੇ ਕੰਮ ਕਰਦੇ ਸਨ। ਉੱਥੇ ਅੱਖਾਂ-ਅੱਖਾਂ ਵਿਚ ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ। ਕੁੜੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਹ ਆਪਣੇ ਸੱਭਿਆਚਾਰ ਅਤੇ ਭੋਜਨ ਦੇ ਫਰਕ ਬਾਰੇ ਸੋਚ ਕੇ ਰੁਕ ਜਾਂਦਾ। ਉਸ ਨੂੰ ਲੱਗਦਾ ਕਿ ਇਕ ਫਿਲਪੀਅਨ ਕੁੜੀ ਨਾਲ ਜ਼ਿੰਦਗੀ ਗੁਜ਼ਾਰਨੀ ਬੜੀ ਮੁਸ਼ਕਿਲ ਹੋਵੇਗੀ। ਉਹ ਕੰਪਨੀ ਛੱਡ ਕੇ ਭਾਰਤ ਆ ਗਿਆ। ਇੱਥੇ ਉਹ ਸੱਤ ਮਹੀਨਿਆਂ ਤੱਕ ਰਿਹਾ। ਹਰ ਰੋਜ਼ ਉਹ ਕੁੜੀ ਉਸ ਨੂੰ ਫੋਨ ਕਰਦੀ ਜਾਂ ਮੈਸੇਜ ਕਰਦੀ। ਸੰਦੀਪ ਕਈ ਵਾਰ ਉਸ ਦਾ ਫੋਨ ਚੁੱਕਦਾ ਤੇ ਕਈ ਵਾਰ ਨਹੀਂ। ਹਾਰ ਕੇ ਇਵਾਨਗਲੀਨ ਨੇ ਸੰਦੀਪ ਨੂੰ ਕਹਿ ਦਿੱਤਾ ਕਿ ਜੇ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਉਸ ਨੂੰ ਆਪਣੇ ਘਰ ਕੁੱਤਾ ਬਣਾ ਕੇ ਰੱਖ ਲਵੇ। ਉਸ ਦੇ ਇਹ ਬੋਲ ਸੰਦੀਪ ਦਾ ਦਿਲ ਚੀਰ ਗਏ।

 

ਪਿਆਰ ਤਾਂ ਉਹ ਵੀ ਉਸ ਨੂੰ ਕਰਦਾ ਸੀ। ਸੰਦੀਪ ਦੇ ਪਿਤਾ, ਜੋ ਕਿ ਉਸ ਦੇ ਦੋਸਤ ਵਾਂਗ ਹੀ ਸਨ, ਨੇ ਸੰਦੀਪ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਅਜਿਹੀ ਕੁੜੀ ਭਾਰਤ ਕਿ ਪੂਰੀ ਦੁਨੀਆ ਵਿਚ ਉਸ ਨੂੰ ਦੁਬਾਰਾ ਨਹੀਂ ਮਿਲਣੀ। ਸੰਦੀਪ ਸਮਝ ਤਾਂ ਗਿਆ ਪਰ ਪੰਗਾ ਸੀ ਵਾਪਸ ਦੁਬਈ ਜਾਣ ਦਾ। ਉਸ ਕੋਲ ਇੰਨੇਂ ਪੈਸੇ ਨਹੀਂ ਸਨ ਕਿ ਉਹ ਵਾਪਸ ਦੁਬਈ ਜਾ ਸਕੇ ਤੇ ਉਹ ਕੁੜੀ ਵੀ ਇੰਨੇਂ ਜੋਗੀ ਨਹੀਂ ਸੀ। ਉਸ ਨੇ ਕੁੜੀ ਨਾਲ ਸਾਰੀ ਗੱਲ ਸਾਂਝੀ ਕੀਤੀ ਤੇ ਦੋ ਦਿਨਾਂ ਵਿਚ ਹੀ ਉਸ ਨੇ ਸੰਦੀਪ ਦਾ ਵੀਜ਼ਾ ਭੇਜ ਦਿੱਤਾ।

PunjabKesari
ਸੰਦੀਪ ਦੁਬਾਰਾ ਦੁਬਈ ਗਿਆ। ਕੁੜੀ ਨੇ ਉੱਥੇ ਉਸ ਨੂੰ ਆਪਣੀ ਕੰਪਨੀ ਵਿਚ ਕੰਮ ਲੈ ਕੇ ਦਿੱਤਾ। ਉਹ ਖੁਸ਼ੀ-ਖੁਸ਼ੀ ਪਿਆਰ ਦੀਆਂ ਪੀਂਘਾਂ ਝੂਟ ਰਹੇ ਸਨ ਕਿ ਉਨ੍ਹਾਂ ਦੀ ਮੈਨੇਜਰ ਫਿਲਪੀਅਨ ਮਹਿਲਾ ਨੂੰ ਇਹ ਗੱਲ ਰਾਸ ਨਹੀਂ ਆਈ। ਉਸ ਨੇ ਕੰਪਨੀ ਵਿਚ ਉਨ੍ਹਾਂ ਦਾ ਰਹਿਣਾ ਮੁਹਾਲ ਕਰ ਦਿੱਤਾ। ਉਨ੍ਹਾਂ ਦੀ ਤਨਖਾਹ ਵੀ ਕੱਟ ਕੇ ਦੇਣੀ ਸ਼ੁਰੂ ਕੀਤੀ ਤੇ ਕੰਪਨੀ ਵੱਲੋਂ ਦਿੱਤੀ ਗਈ ਰਹਿਣ ਦੀ ਥਾਂ ਵੀ ਖੋਹ ਲਈ। ਦੁਬਈ ਵਿਚ ਦੋਹਾਂ ਦੀ ਜ਼ਿੰਦਗੀ ਮੁਸ਼ਕਿਲਾਂ ਨਾਲ ਭਰ ਗਈ ਪਰ ਉਸ ਇਵਾਨਗਲੀਨ ਨੇ ਉਸ ਦਾ ਸਾਥ ਨਾ ਛੱਡਿਆ। ਉਹ ਸੜਕਾਂ 'ਤੇ ਸੰਦੀਪ ਦੇ ਨਾਲ ਭਟਕੀ। ਚਿਕਨ ਖਾਣ ਵਾਲੀ ਕੁੜੀ ਨੇ ਸੰਦੀਪ ਦੇ ਨਾਲ ਰੁੱਖੀ-ਮਿੱਸੀ ਖਾ ਕੇ ਸਮਾਂ ਬਤੀਤ ਕੀਤਾ, ਥਾਂ-ਥਾਂ ਧੱਕੇ ਖਾਧੇ। ਇਵਾਨਗਲੀਨ ਸੰਦੀਪ ਦੇ ਨਾਲ ਭਾਰਤ ਵੀ ਆਈ । ਛੁੱਟੀ ਨਾ ਹੋਣ ਕਰਕੇ ਸੰਦੀਪ ਤਾਂ ਪੰਜਾਂ ਦਿਨਾਂ 'ਚ ਦੁਬਈ ਪਰਤ ਗਿਆ ਪਰ ਇਵਾਨ ਇਕ ਮਹੀਨਾ ਉਸ ਦੇ ਮਾਪਿਆਂ ਕੋਲ ਰਹੀ। ਹੋਰ ਰੋਜ਼ ਚਿਕਨ ਖਾਣ ਵਾਲੀ ਇਵਾਨਗਲੀਨ ਨੇ ਉੱਥੇ ਇਕ ਮਹੀਨਾ ਸ਼ਾਕਾਹਾਰੀ ਭੋਜਨ ਖਾਧਾ। ਘਰ ਦੇ ਕੰਮ ਕੀਤੇ ਤੇ ਕੋਈ ਸ਼ਿਕਾਇਤ ਨਹੀਂ ਕੀਤੀ ਸਗੋਂ ਪਿਆਰ ਨਾਲ ਸਾਰਿਆਂ ਦਾ ਮਨ ਜਿੱਤਿਆ।

PunjabKesari

ਉਹ ਇਕ ਬੱਚੇ ਦਾ ਮਾਂ-ਬਾਪ ਬਣੇ ਹਨ ਅਤੇ ਹੁਣ ਮੁੜ ਦੁਬਈ 'ਚ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਨੇ ਆਪਣੇ ਜੀਵਨ ਦੇ ਸੰਘਰਸ਼ ਨੂੰ ਅੱਖਰਾਂ ਦੀ ਮਦਦ ਨਾਲ ਕਿਤਾਬ 'ਦਿ ਲਵ ਐਂਡ ਸਟ੍ਰਗਲ' 'ਚ ਲਿਖਿਆ ਹੈ। ਹੁਣ ਸੰਦੀਪ ਸਿੰਘ ਦੁਬਈ ਦੀ ਕੰਪਨੀ ਪੀ.ਆਰ.ਓ (ਪਬਲਿਕ ਰਿਲੇਸ਼ਨ ਅਫਸਰ) ਦੇ ਤੌਰ 'ਤੇ ਕੰਮ ਕਰ ਰਿਹਾ ਹੈ। 


PunjabKesari


Related News