ਟਾਂਡਾ-ਸ੍ਰੀ ਹਰਗੋਬਿੰਦਪੁਰ ਸੜਕ ''ਤੇ ਪੈਂਦੇ ਦਰਿਆ ਬਿਆਸ ਪੁਲ ਦੀ ਹਾਲਤ ਖਸਤਾ

11/19/2017 6:09:51 AM

ਟਾਂਡਾ ਉੜਮੁੜ, (ਗੁਪਤਾ)- ਪੰਜਾਬ ਸਰਕਾਰ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਕਿ ਅਸੀਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਤੇ ਸੜਕਾਂ ਦੀ ਮੁਰੰਮਤ ਕਰਵਾਉਣ ਤੋਂ ਇਲਾਵਾ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਪਰ ਉਸ ਦੇ ਸਾਰੇ ਦਾਅਵਿਆਂ ਨੂੰ ਕਈ ਵਿਭਾਗ ਖੋਖਲਾ ਸਾਬਤ ਕਰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਟਾਂਡਾ-ਸ੍ਰੀ ਹਰਗੋਬਿੰਦਪੁਰ ਸੜਕ 'ਤੇ ਪੈਂਦੇ ਦਰਿਆ ਬਿਆਸ ਪੁਲ ਦੀ ਖਸਤਾ ਹਾਲਤ ਅਤੇ ਟੁੱਟੀ ਹੋਈ ਸੜਕ ਹੈ, ਜੋ ਕਿ ਕਾਫੀ ਲੰਮੇ ਸਮੇਂ ਤੋਂ ਮੁਰੰਮਤ ਨੂੰ ਤਰਸ ਰਹੀ ਹੈ। ਇਸ ਸੜਕ ਦੇ ਕਿਨਾਰੇ ਕਈ ਜਗ੍ਹਾ ਤੋਂ ਟੁੱਟੇ ਹੋਏ ਹਨ ਅਤੇ ਪੁਲ 'ਤੇ ਪਏ ਟੋਇਆਂ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਕੀ ਕਹਿੰਦੇ ਹਨ ਇਲਾਕਾ ਵਾਸੀ : ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਵਿੱਕੀ ਪ੍ਰਧਾਨ ਯੂਥ ਅਕਾਲੀ ਦਲ ਬੇਟ ਏਰੀਆ ਟਾਂਡਾ, ਸੁਖਦੇਵ ਸਿੰਘ, ਸੁਰਿੰਦਰ ਸਿੰਘ, ਸੋਨੂੰ ਕੁਮਾਰ, ਸੰਦੀਪ, ਬਲਦੇਵ ਸਿੰਘ, ਅਜੀਤ ਸਿੰਘ, ਨਿਸ਼ਾਨ ਸਿੰਘ, ਰਜਿੰਦਰ ਸਿੰਘ, ਗੁਰਦਿਆਲ ਸਿੰਘ, ਕਪੂਰ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ ਆਦਿ ਨੇ ਕਿਹਾ ਕਿ ਇਸ ਸੜਕ ਉੱਤੋਂ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਤੇ ਹੁਸ਼ਿਆਰਪੁਰ ਵੱਲ ਜਾਣ ਵਾਲੇ ਹੈਵੀ ਲੋਡਿਡ ਟਰੱਕ, ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨ ਲੰਘਦੇ ਰਹਿੰਦੇ ਹਨ। 
ਉਨ੍ਹਾਂ ਕਿਹਾ ਕਿ ਬਿਆਸ ਦਰਿਆ 'ਤੇ ਬਣੇ ਪੁਲ ਵਿਚਕਾਰ ਕਈ ਥਾਵਾਂ 'ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਨ੍ਹਾਂ ਦਾ ਰਾਤ ਸਮੇਂ ਪਤਾ ਨਾ ਲੱਗਣ ਕਾਰਨ ਵਾਹਨ ਚਾਲਕਾਂ ਖਾਸਕਰ ਦੋਪਹੀਆ ਵਾਹਨਾਂ ਵਾਲਿਆਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪੁਲ ਨਾਲ ਬਣੀਆਂ ਸੀਮੈਂਟ ਦੀਆਂ ਗਰਿੱਲਾਂ ਵੀ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ, ਜਿਨ੍ਹਾਂ ਦੀ ਅਜੇ ਤੱਕ ਮੁਰੰਮਤ ਨਹੀਂ ਕੀਤੀ ਗਈ। 
ਉਨ੍ਹਾਂ ਕਿਹਾ ਕਿ ਬਿਆਸ ਪੁਲ ਕੋਲ ਪੈਂਦੀ ਸੜਕ ਦਾ ਕਾਫੀ ਹਿੱਸਾ ਖੁਰ ਚੁੱਕਾ ਹੈ ਅਤੇ ਸਬੰਧਤ ਵਿਭਾਗ ਨੇ ਇਸ ਦੀ ਮੁਰੰਮਤ ਕਰਨ ਦੀ ਬਜਾਏ ਇਥੇ ਮਿੱਟੀ ਦੇ ਬੋਰੇ ਰੱਖ ਕੇ ਖਤਰੇ ਦਾ ਬੋਰਡ ਲਾ ਦਿੱਤਾ ਹੈ। ਸੜਕ ਦੇ ਕਿਨਾਰੇ ਵੀ ਕਈ ਥਾਵਾਂ ਤੋਂ ਖੁਰ ਚੁੱਕੇ ਹਨ ਅਤੇ ਅੱਜਕਲ ਧੁੰਦਾਂ ਪੈਣ ਕਾਰਨ ਇਹ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਕਿਸੇ ਸਮੇਂ ਵੀ ਹਾਦਸਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਟਾਂਡਾ-ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਬਿਆਸ ਪੁਲ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇ ਅਤੇ ਖੁਰੀ ਹੋਈ ਸੜਕ ਨੂੰ ਮੁਰੰਮਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।


Related News