ਚੰਡੀਗੜ੍ਹ ਪ੍ਰਸ਼ਾਸਨ ਨੇ ਸਮਾਰਟ ਸਿਟੀ ਪ੍ਰੋਜੈਕਟਾਂ ਲਈ ਸਮਾਰਟ ਲੋਗੋ ਕੀਤਾ ਸਿਲੈਕਟ

06/26/2017 8:06:49 AM

ਚੰਡੀਗੜ੍ਹ  (ਅਰਚਨਾ) - ਚੰਡੀਗੜ੍ਹ ਪ੍ਰਸ਼ਾਸਨ ਨੇ ਸਮਾਰਟ ਸਿਟੀ ਨਾਲ ਜੁੜੇ ਪ੍ਰੋਜੈਕਟਾਂ 'ਚ ਸਮਾਰਟ ਲੋਗੋ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ। ਲੋਗੋ ਦੀ ਪ੍ਰਸ਼ਾਸਨ ਨੇ ਖੁਦ ਡਿਜ਼ਾਈਨਿੰਗ ਕਰਵਾਈ ਹੈ। ਚੰਡੀਗੜ੍ਹ 'ਚ ਲੀ ਕਾਰਬੂਜੀਏ ਦੇ ਯੋਗਦਾਨ ਨੂੰ ਧਿਆਨ 'ਚ ਰੱਖਦੇ ਹੋਏ ਸਮਾਰਟ ਫੀਚਰਾਂ ਨੂੰ ਦਿਖਾਇਆ ਗਿਆ ਹੈ। ਲੋਗੋ ਦੇ 5 ਵਿਸ਼ੇਸ਼ ਫੀਚਰ ਹਨ, ਜੋ ਸ਼ਹਿਰ ਦੀ ਸਮਾਰਟ ਗ੍ਰੋਥ ਨੂੰ ਦਿਖਾ ਰਹੇ ਹਨ। ਸਨ, ਹੈਂਡ, ਬਲਾਕ, ਗ੍ਰਿਡ ਤੇ ਗ੍ਰੀਨ ਗਲੋਬ ਨੂੰ ਦਿਖਾਉਂਦੇ ਹੋਏ ਰੰਗ-ਬਿਰੰਗੇ ਬਲਬ ਕਾਰਬੂਜੀਏ ਵਲੋਂ ਡਿਜ਼ਾਈਨ ਇਮਾਰਤਾਂ ਦੇ ਰੰਗ ਨੂੰ ਦੱਸਦੇ ਹਨ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਦੇ ਆਲ੍ਹਾ ਅਧਿਕਾਰੀਆਂ ਨੇ ਲੋਗੋ ਦੀ ਡਿਜ਼ਾਈਨਿੰਗ ਲਈ ਕਈ ਡਿਜ਼ਾਈਨਰ ਕੰਪਨੀਆਂ ਨੂੰ ਸੱਦਾ ਦਿੱਤਾ ਸੀ।
ਨਗਰ ਨਿਗਮ ਨੂੰ ਲੋਗੋ ਨੂੰ ਡਿਜ਼ਾਈਨਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਨਿਗਮ ਨੂੰ ਜਿਨ੍ਹਾਂ 16 ਕੰਪਨੀਆਂ ਨੇ ਲੋਗੋ ਡਿਜ਼ਾਈਨ ਕਰਕੇ ਸੌਂਪੇ, ਉਨ੍ਹਾਂ ਨੂੰ ਪ੍ਰਸ਼ਾਸਨ ਨੇ ਰਿਜੈਕਟ ਕਰ ਦਿੱਤਾ ਤੇ ਖੁਦ ਉਸ ਕੰਪਨੀ ਡਿਗ੍ਰਾਫਿਕਸ ਨੂੰ ਲੋਗੋ ਡਿਜ਼ਾਈਨ ਲਈ ਬੁਲਾਇਆ, ਜਿਸ ਨੇ ਬੀਤੇ ਸਾਲ ਕੌਮਾਂਤਰੀ ਯੋਗ ਦਿਵਸ ਦੌਰਾਨ ਗਲੋ ਸਾਈਨ ਬੋਰਡ ਤੋਂ ਲੈ ਕੇ ਬੈਨਰ ਤੇ ਬ੍ਰੋਸ਼ਰ ਤਿਆਰ ਕੀਤੇ ਸਨ।
ਇਹ ਕੰਪਨੀ ਪਹਿਲਾਂ ਚੰਡੀਗੜ੍ਹ ਰੋਜ਼ ਫੈਸਟੀਵਲ ਦੇ ਲੋਗੋ ਦੀ ਵੀ ਡਿਜ਼ਾਈਨਿੰਗ ਕਰ ਚੁੱਕੀ ਹੈ। ਡਿਗ੍ਰਾਫਿਕਸ ਕੰਪਨੀ ਦੀ ਡਿਜ਼ਾਈਨਰ ਸਿਮਰਤ ਸ਼ਰਮਾ ਨੇ ਸਮਾਰਟ ਸਿਟੀ ਲੋਗੋ ਲਈ 7 ਤੋਂ 8 ਡਿਜ਼ਾਈਨ ਤਿਆਰ ਕਰਕੇ ਪ੍ਰਸ਼ਾਸਨ ਨੂੰ ਸੌਂਪੇ ਤੇ ਉਨ੍ਹਾਂ 'ਚੋਂ ਇਕ ਪ੍ਰਸ਼ਾਸਨ ਨੇ ਨਾ ਸਿਰਫ ਸਿਲੈਕਟ ਕੀਤਾ, ਸਗੋਂ ਸਮਾਰਟ ਸਿਟੀ ਪ੍ਰੋਜੈਕਟ 'ਚ ਉਸਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ।


Related News