ਸਿੱਧੂ ਦੇ ਝੰਡਾ ਲਹਿਰਾਉਣ ਸਮੇਂ ਟੁੱਟੇ ਪ੍ਰੋਟੋਕੋਲ ਦਾ ਮਾਮਲਾ ਭਖਿਆ

08/18/2017 5:08:10 AM

ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ 15 ਅਗਸਤ ਮੌਕੇ ਫਿਰੋਜ਼ਪੁਰ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਸਮੇਂ ਟੁੱਟੇ ਪ੍ਰੋਟੋਕੋਲ ਦਾ ਮਾਮਲਾ ਭਖ ਗਿਆ ਹੈ ਅਤੇ ਇਸ ਦੀ ਉੱਚ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਅੱਜ ਵੀ ਪੂਰਾ ਦਿਨ ਖੂਬ ਚਰਚਾ ਹੁੰਦੀ ਰਹੀ। ਜ਼ਿਕਰਯੋਗ ਹੈ ਕਿ ਸਿੱਧੂ ਦੇ ਝੰਡਾ ਲਹਿਰਾਉਣ ਸਮੇਂ ਪਰੇਡ ਤੋਂ ਸਲਾਮੀ ਲੈਣ ਅਤੇ ਨਿਰੀਖਣ ਸਮੇਂ ਸਮਾਰੋਹ ਦੌਰਾਨ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਫਿਰੋਜ਼ਪੁਰ ਦੀ ਕਾਂਗਰਸ ਵਿਧਾਇਕ ਸਤਿਕਾਰ ਕੌਰ ਅਤੇ ਜ਼ਿਲਾ ਪ੍ਰਧਾਨ ਸਮੇਤ ਕੁੱਝ ਕਾਂਗਰਸੀ ਸਿੱਧੂ ਦੇ ਝੰਡਾ ਲਹਿਰਾਉਣ ਸਮੇਂ ਪਰੇਡ ਤੋਂ ਸਲਾਮੀ ਲੈਣ ਅਤੇ ਨਿਰੀਖਣ ਦੇ ਸਮੇਂ ਉਨ੍ਹਾਂ ਨਾਲ ਛਾਲ ਮਾਰ ਕੇ ਜਿਪਸੀ ਵਿਚ ਚੜ੍ਹ ਗਏ, ਜਿਨ੍ਹਾਂ ਨੂੰ ਸੱਤਾ ਧਿਰ ਦੇ ਆਗੂ ਹੋਣ ਕਾਰਨ ਡਿਊਟੀ 'ਤੇ ਮੌਜੂਦ ਮੌਕੇ ਦੇ ਸਬੰਧਤ ਅਧਿਕਾਰੀਆਂ ਨੇ ਵੀ ਰੋਕਣ ਦਾ ਯਤਨ ਨਹੀਂ ਕੀਤਾ। ਪ੍ਰੋਟੋਕੋਲ ਅਨੁਸਾਰ ਝੰਡਾ ਲਹਿਰਾਉਣ ਸਮੇਂ ਵਾਹਨ ਵਿਚ ਪਰੇਡ ਦੇ ਨਿਰੀਖਣ ਸਮੇਂ ਮੁੱਖ ਮਹਿਮਾਨ ਨਾਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ., ਪਰੇਡ ਕਮਾਂਡਰ ਤੋਂ ਇਲਾਵਾ ਹੋਰ ਕੋਈ ਸਵਾਰ ਨਹੀਂ ਹੋ ਸਕਦਾ।
ਵਲਟੋਹਾ ਨੇ ਉਠਾਇਆ ਮਾਮਲਾ -ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਇਹ ਮਾਮਲਾ ਉਠਾਏ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਇਸ ਮੁੱਦੇ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ। ਅਕਾਲੀ ਦਲ ਕੈਬਨਿਟ ਮੰਤਰੀ ਸਿੱਧੂ ਖਿਲਾਫ਼ ਪ੍ਰੋਟੋਕੋਲ ਦਾ ਉਲੰਘਣ ਕਰਨ ਦੇ ਦੋਸ਼ ਵਿਚ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਮੁੱਖ ਮੰਤਰੀ ਤੇ ਪ੍ਰੋਟੋਕੋਲ ਵਿਭਾਗ ਆਹਮੋ-ਸਾਹਮਣੇ-ਜ਼ਿਕਰਯੋਗ ਹੈ ਕਿ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹੁਣ ਮੁੱਖ ਮੰਤਰੀ ਦਫਤਰ ਅਤੇ ਪੰਜਾਬ ਸਕੱਤਰੇਤ ਸਥਿਤ ਪ੍ਰੋਟੋਕੋਲ ਵਿਭਾਗ ਦੇ ਅਧਿਕਾਰੀ ਆਹਮੋ-ਸਾਹਮਣੇ ਹਨ। ਭਾਵੇਂ ਖੁੱਲ੍ਹ ਕੇ ਇਸ ਮਾਮਲੇ ਵਿਚ ਕੋਈ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਪਰ ਸਕੱਤਰੇਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਟੋਕੋਲ ਵਿਭਾਗ ਇਸ ਮਾਮਲੇ ਵਿਚ ਮੁੱਖ ਜ਼ਿੰਮੇਵਾਰੀ ਫਿਰੋਜ਼ਪੁਰ ਜ਼ਿਲੇ ਦੇ ਡਿਪਟੀ ਕਮਿਸ਼ਨਰ 'ਤੇ ਪਾ ਰਿਹਾ ਹੈ ਕਿਉਂਕਿ ਆਜ਼ਾਦੀ ਦਿਹਾੜੇ ਸਮੇਂ ਪ੍ਰੋਟੋਕੋਲ ਰੱਖਣ ਦੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਦੀ ਬਣਦੀ ਸੀ। ਵਿਭਾਗ ਚਾਹੁੰਦਾ ਹੈ ਕਿ ਮੁੱਖ ਮੰਤਰੀ ਦਫ਼ਤਰ ਵਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਆਜ਼ਾਦੀ ਦਿਵਸ ਮੌਕੇ ਸਿੱਧੂ ਦੀ ਨਿਰੀਖਣ ਵਾਲੀ ਜਿਪਸੀ ਨਾਲ ਸਬੰਧਤ ਖੇਤਰ 'ਚ ਡਿਊਟੀ 'ਤੇ ਤਾਇਨਾਤ ਇਕ ਪੁਲਸ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਡੀ. ਐੱਸ. ਪੀ. ਤੇ ਹੋਰ ਸਬੰਧਤ ਮੁਲਾਜ਼ਮਾਂ ਖਿਲਾਫ਼ ਲਾਪ੍ਰਵਾਹੀ ਦੇ ਮਾਮਲੇ 'ਚ ਜਾਂਚ ਦੇ ਹੁਕਮ ਦਿੱਤੇ ਗਏ ਹਨ।  
ਮੁੱਖ ਮੰਤਰੀ ਨੇ ਕੀਤਾ ਸਿੱਧੂ ਦਾ ਬਚਾਅ -ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਨਵਜੋਤ ਸਿੱਧੂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪ੍ਰੋਟੋਕੋਲ ਦਾ ਕੋਈ ਉਲੰਘਣ ਨਹੀਂ ਕੀਤਾ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦੇ ਦਫਤਰ ਵਲੋਂ ਡਿਪਟੀ ਕਮਿਸ਼ਨਰ ਦੀ ਜਵਾਬ ਤਲਬੀ ਦੀ ਥਾਂ ਮਾਮਲੇ ਨੂੰ ਕੁੱਝ ਪੁਲਸ ਵਾਲਿਆਂ 'ਤੇ ਕਾਰਵਾਈ ਨਾਲ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਡਾ ਕੋਈ ਕਸੂਰ ਨਹੀਂ : ਜ਼ੀਰਾ -ਇਸ ਮਾਮਲੇ ਬਾਰੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਿਚ ਕੋਈ ਕਸੂਰ ਨਹੀਂ, ਜੇਕਰ ਪ੍ਰੋਟੋਕੋਲ ਦਾ ਕੋਈ ਉਲੰਘਣ ਹੋ ਰਿਹਾ ਸੀ ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ, ਪਰ ਕਿਸੇ ਨੇ ਉਨ੍ਹਾਂ ਨੂੰ ਨਹੀਂ ਰੋਕਿਆ।


Related News