ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ''ਤੇ ਆਈ ਰੌਣਕ

12/12/2017 4:05:47 AM

ਫ਼ਰੀਦਕੋਟ, (ਹਾਲੀ)- ਸ਼ਹਿਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ 'ਚ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਬਹੁਤੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ 'ਚ ਵੀ ਵਾਧਾ ਹੋਇਆ ਹੈ। ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। 
ਉਧਰ, ਮੀਂਹ ਕਾਰਨ ਪਿੰਡਾਂ ਤੋਂ ਲੋਕ ਸ਼ਹਿਰ ਵਿਚ ਨਹੀਂ ਪਹੁੰਚੇ, ਜਿਸ ਨਾਲ ਸ਼ਹਿਰ ਦਾ ਬਾਜ਼ਾਰ ਸੁੰਨਾ ਰਿਹਾ ਅਤੇ ਦੁਕਾਨਦਾਰ ਵਿਹਲੇ ਰਹੇ। ਜ਼ਿਆਦਾਤਰ ਦੁਕਾਨਦਾਰ ਆਪਣੇ ਵਿਹਲੇ ਸਮੇਂ 'ਚ ਤਾਸ਼ ਖੇਡਦੇ ਦੇਖੇ ਗਏ। ਦੁਕਾਨਦਾਰ ਕਾਲਾ ਸਿੰਘ ਸਪੇਅਰ ਪਾਰਟ, ਬਲਵਿੰਦਰ ਸਿੰਘ, ਬਿਮਲ ਅਰੋੜਾ ਅਤੇ ਬਿੱਲਾ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੀਆਂ ਦੁਕਾਨਾਂ 'ਤੇ ਕੁਝ ਕੁ ਹੀ ਗਾਹਕ ਆਏ। ਦੂਜੇ ਪਾਸੇ ਕਿਸਾਨ ਗੁਰਮੀਤ ਸਿੰਘ ਬਰਾੜ, ਤਰਸੇਮ ਸਿੰਘ ਸਰਪੰਚ ਬੀੜ ਭੋਲੂਵਾਲਾ ਅਤੇ ਬੇਅੰਤ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਪੈ ਰਿਹਾ ਮੀਂਹ ਕਣਕ ਲਈ ਲਾਹੇਵੰਦ ਹੈ। ਮੀਂਹ ਕਾਰਨ ਜੁਬਲੀ ਸਿਨੇਮਾ ਚੌਕ 'ਚ ਸੀਵਰੇਜ ਲਈ ਪੁੱਟੀ ਹੋਈ ਸੜਕ 'ਤੇ ਵੀ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
ਕੀ ਕਹਿਣਾ ਹੈ ਡਾ. ਸੁਧੀਰ ਦਾ 
ਪੀ. ਏ. ਯੂ., ਖੇਤਰੀ ਖੋਜ ਕੇਂਦਰ ਫ਼ਰੀਦਕੋਟ ਦੇ ਮੌਸਮ ਵਿਗਿਆਨੀ ਡਾ. ਸੁਧੀਰ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦ ਹੈ। ਪੰਜਾਬ 'ਚ 12 ਅਤੇ 13 ਦਸੰਬਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। 
ਸੂਰਜ ਦੇਵਤਾ ਦੇ ਦਰਸ਼ਨਾਂ ਨੂੰ ਤਰਸੇ ਲੋਕਸ੍ਰੀ ਮੁਕਤਸਰ ਸਾਹਿਬ, (ਖੁਰਾਣਾ)-ਸੋਮਵਾਰ ਨੂੰ ਪਏ ਮੀਂਹ ਨੇ ਠੰਡ ਵਧਾ ਦਿੱਤੀ, ਜਿਸ ਕਰ ਕੇ ਲੋਕ ਸੂਰਜ ਦੇਵਤਾ ਦੇ ਦਰਸ਼ਨਾਂ ਨੂੰ ਤਰਸ ਗਏ। ਸ਼ਹਿਰ ਦੇ ਬਾਜ਼ਾਰਾਂ 'ਚ ਜਿੱਥੇ ਦੁਕਾਨਦਾਰ ਅੱਗ ਬਾਲ ਕੇ ਹੱਥ-ਪੈਰ ਸੇਕਦੇ ਹੋਏ ਨਜ਼ਰ ਆਏ, ਉੱਥੇ ਹੀ ਜ਼ਿਆਦਾਤਰ ਲੋਕ ਠੰਡ ਵਧਣ ਕਰ ਕੇ ਘਰਾਂ 'ਚੋਂ ਬਾਹਰ ਨਹੀਂ ਨਿਕਲੇ। ਮੀਂਹ ਨੇ ਮੌਸਮ ਦਾ ਮਿਜਾਜ਼ ਬਿਲਕੁਲ ਬਦਲ ਦਿੱਤਾ ਹੈ ਅਤੇ ਸੜਕਾਂ 'ਤੇ ਚਿੱਕੜ ਹੋਣ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ।


Related News