ਰੇਲਵੇ ਵੱਲੋਂ ਕਮਰਸ਼ੀਅਲ ਵਿਭਾਗ ਦੀ ਪ੍ਰੀਖਿਆ ''ਚ ਕੋਈ ਵੀ ਕੈਂਡੀਡੇਟ ਨਹੀਂ ਹੋਇਆ ਪਾਸ

10/13/2017 12:09:28 PM

ਜਲੰਧਰ (ਗੁਲਸ਼ਨ) - ਪੱਛਮੀ ਰੇਲਵੇ ਦੇ ਕਮਰਸ਼ੀਅਲ ਵਿਭਾਗ 'ਚ ਅਸਿਸਟੈਂਟ ਕਮਰਸ਼ੀਅਲ ਮੈਨੇਜਰ (ਰੈਗੂਲਰ-70 ਫੀਸਦੀ) ਦੇ ਗਰੁੱਪ-ਬੀ ਪੋਸਟ ਲਈ 1 ਜੁਲਾਈ 2017 ਨੂੰ ਪ੍ਰੀਖਿਆ ਲਈ ਗਈ ਸੀ। ਰੇਲਵੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਲਿਖਤ ਪ੍ਰੀਖਿਆ ਵਿਚ ਕੋਈ ਵੀ ਕੈਂਡੀਡੇਟ ਪਾਸ ਨਹੀਂ ਹੋਇਆ। ਫਿਰ ਵੀ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ, ਜਿਨ੍ਹਾਂ ਨੇ ਸਿਰਫ 20 ਫੀਸਦੀ ਨੰਬਰ ਪ੍ਰਾਪਤ ਕੀਤੇ ਸੀ, ਵਿਚੋਂ 2 ਬੈਸਟ ਕੈਂਡੀਡੇਟ ਚੁਣੇ ਗਏ। ਫੇਲ ਕੈਂਡੀਡੇਟਾਂ 'ਚੋਂ ਚੁਣੇ ਗਏ ਬੈਸਟ ਕੈਂਡੀਡੇਟਾਂ ਨੂੰ ਰੇਲਵੇ ਨੇ ਉੱਚ ਅਹੁਦੇ ਦੇ ਕੇ ਨਿਵਾਜਿਆ ਹੈ। 
ਰੇਲਵੇ ਬੋਰਡ ਨੇ ਇਸ ਸਬੰਧ ਵਿਚ 29 ਸਤੰਬਰ 2017 ਨੂੰ ਇਕ ਸਰਕੂਲਰ ਜਾਰੀ ਕਰਦੇ ਹੋਏ ਇਕ ਕੈਂਡੀਡੇਟ ਨੂੰ ਚੀਫ ਟਿਕਟ ਐਗਜ਼ਾਮੀਨਰ ਅਹਿਮਦਾਬਾਦ ਅਤੇ ਦੂਜੇ ਕੈਂਡੀਡੇਟ ਨੂੰ ਚੀਫ ਬੁਕਿੰਗ ਸੁਪਰਵਾਈਜ਼ਰ ਮੁੰਬਈ ਸੈਂਟਰਲ ਲਈ ਚੁਣਿਆ ਹੈ। ਲਿਖਤ ਪ੍ਰੀਖਿਆ ਵਿਚ ਅੰਕ ਪ੍ਰਾਪਤ ਨਾ ਕਰਨ ਦੇ ਬਾਵਜੂਦ ਰੇਲਵੇ ਬੋਰਡ ਨੇ ਜਾਰੀ ਕੀਤੇ ਸਰਕੂਲਰ ਵਿਚ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਜਲਦ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ। ਉਮੀਦਵਾਰ ਆਪਣੇ ਨਾਲ ਆਪਣਾ ਮੈਡੀਕਲ ਸਰਟੀਫਿਕੇਟ ਲੈ ਕੇ ਆਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਸੀ. ਪੀ. ਓ. ਨੂੰ ਆਪਣੀ ਇਕ ਫੋਟੋ ਅਤੇ ਫਿੱਟਨੈੱਸ ਸਰਟੀਫਿਕੇਟ ਅਟੈਸਟਿਡ ਕਰਵਾ ਕੇ ਭੇਜਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਰੇਲ ਮੰਤਰਾਲਾ ਵੱਲੋਂ ਰੇਲ ਵਿਭਾਗ ਨੂੰ ਵਰਲਡ ਕਲਾਸ ਰੇਲਵੇ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਵਿਚ ਇੰਡੀਆ ਰੇਲਵੇ ਕਿਵੇਂ ਵਰਲਡ ਕਲਾਸ ਰੇਲਵੇ ਬਣ ਸਕਦਾ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ, ਇਹ ਸੋਚਣ ਦਾ ਵਿਸ਼ਾ ਹੈ। ਦੂਜੇ ਪਾਸੇ ਹਾਲ ਹੀ 'ਚ ਹੋਏ ਰੇਲ ਹਾਦਸੇ ਨੇ ਰੇਲ ਵਿਭਾਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹਾਦਸਿਆਂ ਤੋਂ ਬਾਅਦ ਸਾਬਕਾ ਰੇਲ ਮੰਤਰੀ ਸੁਰੇਸ਼ ਪ੍ਰਭੂ ਚੇਅਰਮੈਨ ਬੋਰਡ ਸਮੇਤ ਕਈ ਹੋਰ ਅਧਿਕਾਰੀਆਂ ਨੂੰ ਵੀ ਬਦਲ ਦਿੱਤਾ ਗਿਆ ਹੈ। ਹੁਣ ਨਵੇਂ ਰੇਲ ਮੰਤਰੀ ਪਿਊਸ਼ ਗੋਇਲ ਅਤੇ ਚੇਅਰਮੈਨ ਰੇਲਵੇ ਬੋਰਡ ਅਸ਼ਵਨੀ ਲੋਹਾਨੀ ਵੱਲੋਂ ਰੇਲਵੇ ਦੀ ਕਮਾਨ ਸੰਭਾਲਣ ਤੋਂ ਬਾਅਦ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਪ੍ਰਕਾਰ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਭਰਤੀ ਅਤੇ ਪ੍ਰਮੋਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਿਯਮ ਵਰਤੇ ਜਾ ਰਹੇ ਹਨ, ਇਸ ਨਾਲ ਰੇਲਵੇ ਬੋਰਡ ਦੇ ਉੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।


Related News