ਵਰਿਆਣਾ ਇਲਾਕੇ ''ਚ ਲੁਟੇਰਿਆਂ ਦੀ ਦਹਿਸ਼ਤ, ਲੁੱਟ ਅਤੇ ਕੁੱਟ ਹੋ ਰਹੇ ਨੇ ਲੋਕ

06/19/2017 8:06:17 AM

ਜਲੰਧਰ, (ਵਰਿਆਣਾ)- ਇਕ ਪਾਸੇ ਜਿਥੇ ਪੁਲਸ ਪ੍ਰਸ਼ਾਸਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦੇ ਦਾਅਵੇ ਕਰ ਰਿਹਾ ਹੈ, ਦੂਜੇ ਪਾਸੇ ਆਏ ਦਿਨ ਲੋਕ ਲੁਟੇਰਿਆਂ ਹੱਥੋਂ ਲੁੱਟ ਅਤੇ ਕੁੱਟ ਹੋ ਰਹੇ ਹਨ ਜੋ ਉਕਤ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਪਿੰਡ ਵਰਿਆਣਾ ਵਿਖੇ ਪਿਛਲੇ ਕੁਝ ਕੁ ਦਿਨਾਂ 'ਚ ਹੀ ਜਿਸ ਤਰ੍ਹਾਂ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਬਿਨਾਂ ਕਿਸੇ ਡਰ ਦੇ ਅੰਜਾਮ ਦਿੱਤਾ, ਉਸ ਤੋਂ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਨ੍ਹਾਂ ਅੰਦਰ ਪੁਲਸ ਦੇ ਡਰ ਦਾ ਅਸਰ ਨਹੀਂ। ਉਕਤ ਗੱਲਾਂ ਦਾ ਪ੍ਰਗਟਾਵਾ ਪਿੰਡ ਵਰਿਆਣਾ ਦੇ ਅਜੇ ਵਰਿਆਣਾ, ਨਾਨਕ ਚੰਦ ਨੇ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਲੁਟੇਰੇ ਪਿੰਡ ਦੀ ਸੰਘਣੀ ਆਬਾਦੀ ਵਾਲੇ ਘਰ 'ਚ ਵੜ ਕੇ ਇਕ ਬਜ਼ੁਰਗ ਔਰਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ। 15 ਜੂਨ ਨੂੰ ਇਨ੍ਹਾਂ ਲੁਟੇਰਿਆਂ ਨੇ ਜਾਨਲੇਵਾ ਹਥਿਆਰਾਂ ਨਾਲ ਵਰਿਆਣਾ ਨਿਵਾਸੀ ਰਾਜੂ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਕੇ ਲੁਟਮਾਰ ਕੀਤੀ ਤੇ ਫਰਾਰ ਹੋ ਗਏ। ਵਰਿਆਣਾ ਦੇ ਕਰੀਬ ਹੀ ਜਲੰਧਰ ਵਿਹਾਰ ਦੇ ਕਰੀਬ ਹੀ ਇਕ ਮੈਡੀਕਲ ਦੁਕਾਨ ਵਿਚੋਂ ਵੀ ਚੋਰਾਂ ਨੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। 
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪੁਲਸ ਦੇ ਢਿੱਲੇ ਰਵੱਈਏ ਕਾਰਨ ਚੋਰਾਂ, ਲੁਟੇਰਿਆਂ ਦੇ ਹੌਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਕਾਰਨ ਲੋਕ ਦਹਿਸ਼ਤ ਵਿਚ ਹਨ, ਉਹ ਆਪਣੇ ਘਰਾਂ ਅਤੇ ਬਾਹਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਕਿਉਂਕਿ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਫੀ ਖਤਰਨਾਕ ਹਥਿਆਰਾਂ ਨਾਲ ਵਾਰ ਕਰਦੇ ਹਨ। ਵਰਿਆਣਾ ਅਤੇ ਇਲਾਕੇ ਦੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ ਅਤੇ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਲਈ ਰਣਨੀਤੀ ਬਣਾਈ ਜਾਵੇ।
ਪੁਲਸ ਸਾਦੀ ਵਰਦੀ 'ਚ ਨਜ਼ਰ ਰੱਖੇ ਤਾਂ ਫੜੇ ਜਾ ਸਕਦੇ ਨੇ ਚੋਰ- ਲੁਟੇਰੇ
ਓਧਰ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਸੱਚਮੁੱਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨਾ ਚਾਹੁੰਦੀ ਹੈ ਤਾਂ ਉਹ ਦਿਨ ਦੇ ਨਾਲ-ਨਾਲ ਰਾਤ ਦੇ ਹਨੇਰੇ ਵਿਚ ਸਾਦੀ ਵਰਦੀ ਨਾਲ ਇਲਾਕੇ 'ਤੇ ਨਜ਼ਰ ਰੱਖਣ, ਕਿਉਂਕਿ ਕਿ ਹੋ ਸਕਦਾ ਹੈ ਕਿ ਲੁਟੇਰੇ ਅਜਿਹੀ ਹਾਲਤ 'ਚ ਘਟਨਾ ਨੂੰ ਅੰਜਾਮ ਦੇਣ ਅਤੇ ਉਹ ਫੜੇ ਜਾਣ। ਉਨ੍ਹਾਂ ਦਾ ਕਹਿਣਾ ਸੀ ਪੁਲਸ ਵਰਦੀ 'ਚ ਘੁੰਮਦੇ ਮੁਲਾਜ਼ਮਾਂ ਨੂੰ ਦੇਖ ਕੇ ਚੋਰ ਲੁਟੇਰੇ ਚੁਕੰਨੇ ਹੋ ਜਾਂਦੇ ਹਨ, ਇਸ ਲਈ ਪੁਲਸ ਨੂੰ ਗੁਪਤ ਢੰਗ ਨਾਲ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਹੀ ਵਾਰਦਾਤ 'ਤੇ ਰੋਕ ਲੱਗ ਸਕਦੀ ਹੈ।


Related News