ਸ਼ਰਾਬ ਦੀ ਫੈਕਟਰੀ ਦੇ ਵਿਰੋਧ ''ਚ ਸੈਂਕੜੇ ਪਿੰਡ ਵਾਸੀ ਆਏ ਸੜਕਾਂ ''ਤੇ

08/18/2017 1:37:50 AM

ਹੁਸ਼ਿਆਰਪੁਰ, (ਘੁੰਮਣ)- ਇਲਾਕਾ ਬਚਾਓ-ਸ਼ਰਾਬ ਫੈਕਟਰੀ ਭਜਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਫੈਕਟਰੀ ਦੇ ਮਾਲਕ ਤੇ ਪਿੰਡ ਦੇ ਸਰਪੰਚ ਖਿਲਾਫ਼ ਧਰਨਾ ਦਿੱਤਾ ਜਿਸ ਵਿਚ ਲਗਭਗ 16 ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ।
ਸਰਪੰਚ ਦੀ ਭੂਮਿਕਾ ਦੀ ਹੋਵੇ ਜਾਂਚ- ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੇ ਇਕ ਪੂੰਜੀਪਤੀ ਵੱਲੋਂ ਪਿੰਡ ਛਾਉਣੀ ਕਲਾਂ ਦੀ ਪੰਚਾਇਤ ਦੀ 12 ਏਕੜ 15 ਮਰਲੇ ਜ਼ਮੀਨ ਪਲਾਈ ਬੋਰਡ ਫੈਕਟਰੀ ਦੇ ਨਿਰਮਾਣ ਲਈ ਲੀਜ਼ 'ਤੇ ਲਈ ਸੀ ਪਰ ਹੁਣ ਇਥੇ ਸ਼ਰਾਬ ਫੈਕਟਰੀ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਇਸ ਮਾਮਲੇ ਵਿਚ ਪਿੰਡ ਦੇ ਸਰਪੰਚ ਤੇ ਬੀ. ਡੀ. ਓ. ਦਫ਼ਤਰ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੂੰ ਮੰਗ-ਪੱਤਰ ਦਿੰਦਿਆਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਲੀਜ਼ ਰੱਦ ਕਰ ਕੇ ਸ਼ਰਾਬ ਫੈਕਟਰੀ ਦੇ ਨਿਰਮਾਣ 'ਤੇ ਰੋਕ ਲਾਈ ਜਾਵੇ। 
ਧਰਨੇ ਨੂੰ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰ ਸਿੰਘ ਛਾਉਣੀ ਕਲਾਂ, ਸਤਨਾਮ ਸਿੰਘ ਛਾਉਣੀ ਕਲਾਂ, ਦਵਿੰਦਰ ਸਿੰਘ ਕੱਕੋਂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ, ਸੀਨੀਅਰ ਮੀਤ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਦੇ ਮੁਖੀ ਬਾਬਾ ਗੁਰਦੇਵ ਸਿੰਘ, ਸੰਜੀਵ ਕੁਮਾਰ ਤਲਵਾੜ ਸਾਬਕਾ ਚੇਅਰਮੈਨ ਯੂਥ ਡਿਵੈੱਲਪਮੈਂਟ ਬੋਰਡ ਪੰਜਾਬ, ਜਗਤਾਰ ਸਿੰਘ ਸਰਕਲ ਪ੍ਰਧਾਨ, ਜਸਵਿੰਦਰ ਸਿੰਘ, ਵਰਿੰਦਰ ਸਿੰਘ ਪ੍ਰਹਾਰ ਅਤੇ ਬਲਵੀਰ ਸਿੰਘ ਸੈਣੀ ਆਦਿ ਨੇ ਵੀ ਸੰਬੋਧਨ ਕੀਤਾ।
ਕੀ ਕਹਿਣਾ ਹੈ ਸਰਪੰਚ ਦਾ- ਦੂਜੇ ਪਾਸੇ ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਪੱਪੀ ਨੇ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਜੋ ਪੰਚਾਇਤ ਦੀ ਜ਼ਮੀਨ 'ਤੇ ਇੰਡਸਟਰੀ ਲਾਈ ਜਾਣੀ ਹੈ, ਉਸ ਦਾ ਮਤਾ ਕਾਰਵਾਈ ਰਜਿਸਟਰ ਵਿਚ 3 ਵਾਰ ਤੇ ਪਟਾ ਰਜਿਸਟਰ 'ਚ 3 ਵਾਰ ਦਸਤਖ਼ਤ ਤੇ ਇਕ ਵਾਰ ਪਿੰਡ ਵਾਸੀਆਂ ਸਾਹਮਣੇ ਦਸਤਖ਼ਤ ਕੀਤੇ ਗਏ ਹਨ। 
ਉਨ੍ਹਾਂ ਕਿਹਾ ਕਿ ਇਹ ਬਿਲਕੁਲ ਝੂਠ ਹੈ ਕਿ ਸਰਪੰਚ ਨੇ ਧੋਖੇ ਨਾਲ ਦਸਤਖ਼ਤ ਕੀਤੇ ਹਨ। ਜਦੋਂ ਜ਼ਮੀਨ ਦੀ ਬੋਲੀ ਹੁੰਦੀ ਹੈ ਤਾਂ ਸਭ ਦੇ ਸਾਹਮਣੇ ਖੁੱਲ੍ਹੇਆਮ ਹੁੰਦੀ ਹੈ। ਨਿਲਾਮੀ ਦੌਰਾਨ ਇੰਡਸਟਰੀ ਜਾਂ ਉਦਯੋਗਿਕ ਇਕਾਈ ਲਾਉਣ ਲਈ ਕਿਹਾ ਗਿਆ ਸੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਰਵਾਈ ਰਜਿਸਟਰ 'ਚ ਡਿਸਟਿਲਰੀ ਪਲਾਂਟ ਦਰਜ ਕੀਤਾ ਗਿਆ ਹੈ ਪਰ ਇਥੇ ਡਿਸਟਿਲਰੀ ਪਲਾਂਟ ਨਹੀਂ ਲੱਗਣ ਦਿੱਤਾ ਜਾਵੇਗਾ।


Related News