ਅੱਤਵਾਦੀਆਂ ਨੇ ਬੁਝਾਏ ਸਨ ਕਈ ਘਰਾਂ ਦੇ ਚਿਰਾਗ, ਰੌਂਗਟੇ ਖੜ੍ਹੇ ਕਰ ਦਿੰਦੀ ਹੈ 25 ਜੂਨ 1989 ਦੀ ਮਨਹੂਸ ਸਵੇਰ

06/25/2017 6:49:36 PM

ਮੋਗਾ(ਪਵਨ ਗਰੋਵਰ/ਗੋਪੀ ਰਾਊਕੇ)— 25 ਜੂਨ 1989 ਦਾ ਦਿਨ ਮੋਗਾ ਨਿਵਾਸੀਆਂ ਲਈ ਅਜਿਹਾ ਆਇਆ ਸੀ ਕਿ ਜਿਸ ਨੇ ਮੋਗਾ ਦੇ ਹਰ ਇਕ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਸਵੇਰ ਸਮੇਂ ਚਹਿਲ-ਪਹਿਲ ਤੋਂ ਬਾਅਦ ਇਕ ਦਮ ਨਾਲ ਹਰ ਪਾਸੇ ਮਾਤਮ ਦੀ ਚਾਦਰ ਵਿੱਛ ਗਈ ਸੀ, ਜਿਸ ਨੇ ਅੱਖੀਂ ਦੇਖਿਆ, ਉਹ ਉਸ ਨੂੰ ਅੱਜ ਤੱਕ ਨਹੀਂ ਭੁਲਾ ਸਕਿਆ ਅਤੇ ਜੇਕਰ ਉਕਤ ਘਟਨਾ ਦਾ ਇਤਿਹਾਸ ਪੜ੍ਹਿਆ ਜਾਵੇ ਤਾਂ ਪੜ੍ਹਨ ਵਾਲਾ ਵੀ ਕੰਬ ਉੱਠਦਾ ਹੈ ਅਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਦੋਂ ਵੀ 25 ਜੂਨ ਆਉਂਦੀ ਹੈ ਤਾਂ ਮੋਗਾ ਨਿਵਾਸੀ ਮਾਯੂਸ ਹੋ ਜਾਂਦੇ ਹਨ। ਇਸ ਦਿਨ 'ਤੇਰਾ ਵੈਭਵ ਅਮਰ ਰਹੇ ਮਾਂ, ਹਮ ਦਿਨ ਚਾਰ ਰਹੇਂ ਨਾ ਰਹੇਂ...' ਨੂੰ ਆਰ. ਆਰ. ਐੱਸ. ਸੰਘ ਦੇ ਅਹੁਦੇਦਾਰਾਂ ਨੇ ਆਪਣੀ ਹਿੰਮਤ, ਹੌਂਸਲੇ ਅਤੇ ਨਿੱਡਰਤਾ ਨਾਲ ਪੂਰਾ ਕਰਕੇ ਦਿਖਾਇਆ। 
ਆਰ. ਐੱਸ. ਐੱਸ. ਦੇ ਸੇਵਕਾਂ ਨੇ ਆਧੁਨਿਕ ਭਾਰਤ ਦੇ ਇਤਿਹਾਸ 'ਚ ਆਪਣੇ ਬਲੀਦਾਨਾਂ ਦੇ ਅਨੇਕ ਅਧਿਆਏ ਜੋੜੇ ਹਨ। ਮੋਗਾ ਦੇ ਨਹਿਰੂ ਪਾਰਕ ਗੋਲੀ ਕਾਂਡ ਵੀ ਉਸੇ ਹੀ ਅਧਿਆਏ 'ਚ ਇਕ ਦਰਦ ਭਰਿਆ ਇਤਿਹਾਸ ਹੈ। 25 ਜੂਨ ਦੇ ਦਿਨ ਨੂੰ ਯਾਦ ਕਰ ਕੇ ਅੱਜ ਵੀ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਰਾਸ਼ਟਰੀ ਸਵੈ ਸੇਵਕ ਸੰਘ (ਆਰ. ਆਰ. ਐੱਸ.) ਦੀ ਸ਼ਾਖਾ 'ਤੇ ਇਸ ਦਿਨ ਅੱਤਵਾਦੀਆਂ ਨੇ ਸਵੇਰੇ ਅੱਤਵਾਦੀ ਹਮਲਾ ਕੀਤਾ ਸੀ। 
ਝੰਡਾ ਨਾ ਉਤਾਰਨ 'ਤੇ ਅੱਤਵਾਦੀਆਂ ਨੇ ਕੀਤੀ ਸੀ ਫਾਇਰਿੰਗ
ਪ੍ਰਤੱਖਦਰਸ਼ੀਆਂ ਅਨੁਸਾਰ ਅੱਤਵਾਦੀਆਂ ਨੇ ਆਉਂਦੇ ਹੀ ਸਭਾ 'ਚ ਸੰਘ ਦੇ ਅਹੁਦੇਦਾਰਾਂ ਨੂੰ ਆਰ. ਐੱਸ. ਐੱਸ. ਦਾ ਝੰਡਾ ਉਤਾਰਨ ਲਈ ਕਿਹਾ ਪਰ ਉਥੇ ਮੌਜੂਦ ਸੀਨੀਅਰ ਅਹੁਦੇਦਾਰਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਕਿਸੇ ਦੀ ਗੱਲ ਨਾ ਸੁਣਦੇ ਹੋਏ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
4 ਅੱਤਵਾਦੀਆਂ ਨੇ ਕੀਤਾ ਸੀ ਹਮਲਾ
ਘਟਨਾ ਦੇ ਪ੍ਰਤੱਖਦਰਸ਼ੀ ਡਾ. ਵਿਜੇ ਅਨੁਸਾਰ 4 ਅੱਤਵਾਦੀਆਂ ਨੇ ਸਭਾ 'ਤੇ ਹਮਲਾ ਕੀਤਾ, ਜਿਨ੍ਹਾਂ 'ਚੋਂ ਇਕ ਅੱਤਵਾਦੀ ਗੇਟ 'ਤੇ ਤਾਇਨਾਤ ਸੀ, ਦੋ ਜਣਿਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦਕਿ ਇਕ ਅੱਤਵਾਦੀ ਬਾਹਰ ਖੜ੍ਹੀ ਵੈਨ ਵਿਚ ਬੈਠਾ ਸੀ। ਇਨ੍ਹਾਂ ਅੱਤਵਾਦੀਆਂ ਨੇ ਖਾਕੀ ਰੰਗ ਦੇ ਪਜਾਮੇ ਅਤੇ ਨੀਲੇ ਰੰਗ ਦੀਆਂ ਚੱਪਲਾਂ ਪਾਈਆਂ ਹੋਈਆਂ ਸਨ।
ਗੋਲੀ ਕਾਂਡ ਤੋਂ ਅੱਧੇ ਘੰਟੇ ਬਾਅਦ ਹੋਏ ਬੰਬ ਧਮਾਕੇ
ਗੋਲੀ ਕਾਂਡ ਦੌਰਾਨ ਜ਼ਖਮੀ ਵਿਅਕਤੀਆਂ ਨੇ ਦੱਸਿਆ ਕਿ 25 ਜੂਨ, 1989 ਨੂੰ ਇਸ ਘਟਨਾ ਦੀ ਖਬਰ ਸਾਰੇ ਸ਼ਹਿਰ 'ਚ ਜੰਗਲ 'ਚ ਲੱਗੀ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਵੱਡੀ ਗਿਣਤੀ 'ਚ ਲੋਕ ਪਾਰਕ ਅੰਦਰ ਅਤੇ ਬਾਹਰ ਇਕੱਠੇ ਹੋ ਗਏ ਅਤੇ ਕੁਝ ਹੀ ਸਮੇਂ ਬਾਅਦ ਗੇਟ 'ਤੇ ਬੰਬ ਧਮਾਕਾ ਹੋਇਆ ਅਤੇ ਉਸ ਸਮੇਂ ਕਈ ਲੋਕਾਂ ਦੇ ਚਿੱਥੜੇ ਉੱਡ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬੰਬ ਵਿਸਫੋਟ ਨਾਲ ਸ਼ਹਿਰ 'ਚ ਹੋਰ ਦਹਿਸ਼ਤ ਫੈਲ ਗਈ ਅਤੇ ਸਹਾਇਤਾ ਕਾਰਜ ਦੀ ਚਾਲ ਹੌਲੀ ਹੋ ਗਈ, ਜਿਸ ਕਾਰਨ ਜ਼ਖਮੀਆਂ ਨੂੰ ਸਹਾਇਤਾ ਦੇਰੀ ਨਾਲ ਮਿਲੀ, ਜਿਸ ਕਾਰਨ ਕਈ ਕੀਮਤੀ ਜ਼ਿੰਦਗੀਆਂ ਵੀ ਚਲੀਆਂ ਗਈਆਂ ਅਤੇ ਇਸ ਤੋਂ ਬਾਅਦ ਫਿਰ ਅਚਾਨਕ ਦੂਜੇ ਗੇਟ 'ਤੇ ਇਕ ਹੋਰ ਬੰਬ ਵਿਸਫੋਟ ਹੋਇਆ ਪਰ ਦੂਜੀ ਵਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਮੋਗਾ ਸਿਵਲ ਹਸਪਤਾਲ 'ਚ ਜ਼ਖਮੀਆਂ ਦੀ ਗਿਣਤੀ ਵਧਣ ਕਾਰਨ ਸਾਰੇ ਲੁਧਿਆਣਾ ਹਸਪਤਾਲ 'ਚ ਜਾਣ ਲੱਗੇ ਅਤੇ ਦੇਖਦੇ ਹੀ ਦੇਖਦੇ ਮੋਗਾ-ਲੁਧਿਆਣਾ ਦੇ ਹਸਪਤਾਲ ਜ਼ਖਮੀਆਂ ਨਾਲ ਭਰ ਗਏ।
ਆਰ. ਐੱਸ. ਐੱਸ. ਅੱਜ ਦੇਵੇਗੀ ਸ਼ਹੀਦਾਂ ਨੂੰ ਸ਼ਰਧਾਂਜਲੀ 
1989 ਦੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਨਮਨ ਕਰਨ ਲਈ 25 ਜੂਨ ਨੂੰ ਆਰ. ਐੱਸ. ਐੱਸ. ਵੱਲੋਂ ਸ਼ਹੀਦੀ ਪਾਰਕ ਵਿਚ ਸ਼ਰਧਾਂਜਲੀ ਸਮਾਗਮ ਕਰਵਇਆ ਜਾ ਰਿਹਾ ਹੈ। ਮੋਗਾ ਪੀੜਤ ਸਹਾਇਤਾ ਅਤੇ ਸਮਾਰਕ ਸੰਮਤੀ ਦੇ ਪ੍ਰਧਾਨ ਡਾ. ਰਾਜੇਸ਼ ਪੁਰੀ ਨੇ ਸਮੂਹ ਮੋਗਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ਰਧਾਂਜਲੀ ਸਮਾਗਮ 'ਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਸਮਾਗਮ 'ਚ ਸ਼ਿਰਕਤ ਕਰਨ ਦੀ ਪ੍ਰੇਰਨਾ ਦੇਣ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਆਪਣੇ ਸ਼ਹਿਰ ਤੇ ਸ਼ਹੀਦਾਂ ਵੱਲੋਂ ਦਿੱਤੇ ਬਲੀਦਾਨ ਨੂੰ ਸਮਝ ਸਕੇ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।


Related News