ਹੁਸ਼ਿਆਰਪੁਰ ''ਚ ਏ. ਐੱਸ. ਆਈ. ਦੇ ਬੇਟੇ ਦਾ ਕਤਲ ਕਰ ਕੇ ਬਣ ਗਿਆ ਸ਼ਰਾਬ ਸਮੱਗਲਰ

08/18/2017 4:22:48 AM

ਲੁਧਿਆਣਾ, (ਰਿਸ਼ੀ)- ਪੰਜਾਬ ਦੇ ਮੋਸਟ ਵਾਂਟਿਡ ਅਤੇ ਬਾਬਾ ਗੈਂਗ ਦੇ ਸਰਗਣਾ ਗੈਂਗਸਟਰ ਦਿਲਪ੍ਰੀਤ ਸਿੰਘ ਦੇ ਗੈਂਗ ਦੇ ਦੋ ਮੈਂਬਰਾਂ ਨੂੰ ਐੱਸ. ਟੀ. ਯੂ. ਅਤੇ ਸੀ. ਆਈ. ਏ. ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਉਨ੍ਹਾਂ ਕੋਲੋਂ ਅੰਮ੍ਰਿਤਸਰ ਤੋਂ ਚੋਰੀ ਕੀਤੀ ਗਈ ਸਵਿਫਟ ਕਾਰ, 315 ਬੋਰ ਅਤੇ 32 ਬੋਰ ਦੀਆਂ ਰਿਵਾਲਵਰਾਂ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡੀ. ਸੀ. ਪੀ. ਕ੍ਰਾਈਮ ਗਗਨਅਜੀਤ ਸਿੰਘ ਨੇ ਵੀਰਵਾਰ ਨੂੰ ਪੱਤਰਕਾਰ ਮਿਲਣੀ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਹਨੀ ਕੁਮਾਰ ਨਿਵਾਸੀ ਹੁਸ਼ਿਆਰਪੁਰ ਅਤੇ ਮਨਦੀਪ ਕੁਮਾਰ ਨਿਵਾਸੀ ਰਾਹੋਂ ਰੋਡ, ਮੇਹਰਬਾਨ ਵਜੋਂ ਹੋਈ ਹੈ। ਦੋਵੇਂ ਬਾਬਾ ਗੈਂਗ ਦੇ ਮੈਂਬਰ ਹਨ ਅਤੇ ਮੋਸਟ ਵਾਂਟਿਡ ਦਿਲਪ੍ਰੀਤ ਦੇ ਕਾਫੀ ਕਰੀਬੀ ਹਨ। ਹਨੀ ਕੁਮਾਰ ਨੇ ਲਗਭਗ 3 ਸਾਲ ਪਹਿਲਾਂ ਹੁਸ਼ਿਆਰਪੁਰ ਵਿਚ ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਬੇਟੇ ਦਾ ਰੰਜਿਸ਼ ਕਾਰਨ ਕਤਲ ਕੀਤਾ ਸੀ, ਜਿਸ ਤੋਂ ਬਾਅਦ ਉਹ ਲੁਧਿਆਣਾ ਆ ਕੇ ਸ਼ਰਾਬ ਦੀ ਸਮੱਗਲਿੰਗ ਕਰਨ ਲੱਗ ਪਿਆ। ਹੁਸ਼ਿਆਰਪੁਰ ਪੁਲਸ ਨੂੰ ਹਨੀ ਦੀ ਕਾਫੀ ਸਮੇਂ ਤੋਂ ਭਾਲ ਸੀ ਅਤੇ ਉਸ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਮਨਦੀਪ ਸਿੰਘ ਦੀ ਡੇਅਰੀ ਹੈ, ਜਿੱਥੇ ਉਸ ਨੇ ਹਨੀ ਨੂੰ ਰਹਿਣ ਲਈ ਜਗ੍ਹਾ ਦਿੱਤੀ ਹੋਈ ਸੀ ਅਤੇ ਦੋਵੇਂ ਇਕੱਠੇ ਸ਼ਰਾਬ ਦੀ ਸਮੱਗਲਿੰਗ ਕਰਨ ਲੱਗ ਪਏ ਸਨ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ।
ਹਨੀ ਲੈ ਕੇ ਆਉਂਦਾ ਸੀ ਨਾਜਾਇਜ਼ ਹਥਿਆਰ- ਪੁਲਸ ਦੇ ਮੁਤਾਬਕ ਗੈਂਗ ਦੇ ਸਾਰੇ ਮੈਂਬਰਾਂ ਕੋਲ ਜੋ ਨਾਜਾਇਜ਼ ਹਥਿਆਰ ਹੁੰਦੇ ਸਨ, ਉਹ ਹਨੀ ਹੀ ਉੱਤਰ ਪ੍ਰਦੇਸ਼ ਅਤੇ ਗਵਾਲੀਅਰ ਤੋਂ ਲੈ ਕੇ ਆਉਂਦਾ ਸੀ। ਮਨਦੀਪ ਕੁਮਾਰ ਤੋਂ ਜੋ ਰਿਵਾਲਵਰ ਬਰਾਮਦ ਹੋਈ ਹੈ, ਉਹ ਹਨੀ ਤੋਂ 30 ਹਜ਼ਾਰ ਰੁਪਏ ਵਿਚ ਹੀ ਮੰਗਵਾਈ ਸੀ।
2 ਦਿਨ ਪਹਿਲਾਂ ਗੈਂਗਸਟਰ ਸਿਕੰਦਰ ਗ੍ਰਿਫਤਾਰ- ਸੀ. ਆਈ. ਏ. ਦੀ ਪੁਲਸ ਵੱਲੋਂ 2 ਦਿਨ ਪਹਿਲਾਂ ਇਸੇ ਗੈਂਗ ਦੇ ਇਕ ਮੈਂਬਰ ਸਿਕੰਦਰ ਸਿੰਘ ਨਿਵਾਸੀ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ 315 ਬੋਰ ਦੀ ਰਿਵਾਲਵਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਸਿਕੰਦਰ ਹਨੀ ਦਾ ਦੋਸਤ ਹੈ ਅਤੇ ਮਨਦੀਪ ਦੇ ਕੋਲ ਹੀ ਆ ਕੇ ਡੇਅਰੀ ਵਿਚ ਹੀ ਰਹਿ ਰਿਹਾ ਸੀ।


Related News