ਪੰਜਾਬ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਨਹੀਂ ਕਰ ਰਹੀ ਲਾਗੂ : ਹਰਸਿਮਰਤ

08/18/2017 5:14:59 AM

ਜਲੰਧਰ  (ਬੁਲੰਦ) - ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਥਾਨਕ ਹੋਟਲ ਵਿਚ ਕਿਸਾਨਾਂ ਅਤੇ ਉਦਯੋਗਪਤੀਆਂ ਨਾਲ ਕੇਂਦਰੀ ਸੰਪਦਾ ਯੋਜਨਾ  ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਕਈ ਅਹਿਮ ਯੋਜਨਾਵਾਂ  ਬਣਾਈਆਂ ਹੋਈਆਂ ਹਨ ਤੇ ਪੰਜਾਬ ਦੀ ਕਾਂਗਰਸ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਪੰਜਾਬ 'ਚ ਲਾਗੂ ਨਹੀਂ ਕਰ ਰਹੀ ਜੋ ਕਿ ਸਿੱਧੇ ਤੌਰ 'ਤੇ ਕਿਸਾਨਾਂ ਲਈ ਨੁਕਸਾਨਦੇਹ ਹੈ।
ਇਸ ਮੌਕੇ ਹਰਸਿਮਰਤ ਨੇ ਕਿਹਾ ਕਿ ਕਾਂਗਰਸ ਦੇ ਇਹ ਦੋਸ਼ ਗਲਤ ਹਨ ਕਿ ਅਕਾਲੀ ਦਲ ਦੇ ਸਮੇਂ 'ਚ ਕਿਸਾਨ ਜ਼ਿਆਦਾਤਰ ਖੁਦਕੁਸ਼ੀਆਂ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਡਾਟਾ ਕੱਢ ਕੇ ਦੇਖੋ ਕਿ ਅਕਾਲੀ ਦਲ ਦੇ ਰਾਜ 'ਚ ਕਦੋਂ 150 ਦਿਨਾਂ 'ਚ 200 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਲੋਕਾਂ ਨੂੰ ਮਿਸਗਾਈਡ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਮੁੱਦੇ 'ਤੇ ਕਾਂਗਰਸ ਬੁਰੀ ਤਰ੍ਹਾਂ ਫੇਲ ਰਹੀ ਹੈ ਤੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਕਰਵਾਏ ਜਾਣ ਵਾਲੇ ਵਰਲਡ ਫੂਡ ਫੈਸਟੀਵਲ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਤਰੀਕ 17 ਸਤੰਬਰ ਹੈ ਪਰ ਪੰਜਾਬ ਨੇ ਅੱਜ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਦਕਿ ਦੇਸ਼-ਵਿਦੇਸ਼ ਦੇ ਅਨੇਕਾਂ ਸੂਬਿਆਂ ਨੇ ਇਸ 'ਚ ਹਿੱਸਾ ਲੈਣਾ ਹੈ। ਹਰਸਿਮਰਤ ਨੇ ਕਿਹਾ ਕਿ ਇਸ ਈਵੈਂਟ ਲਈ 70 ਫੀਸਦੀ ਬੁਕਿੰਗ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਦਾ ਇਸ ਵੱਲ ਧਿਆਨ ਹੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਲੰਗਰ 'ਤੇ ਜੀ. ਐੱਸ. ਟੀ. ਮਾਮਲੇ 'ਚ ਸੰਬੰਧਤ ਸੂਬੇ ਦੇ ਵਿੱਤ ਮੰਤਰੀ ਨੂੰ ਜੀ. ਐੱਸ. ਟੀ. ਕੌਂਸਲ 'ਚ ਸਵਾਲ ਉਠਾਉਣਾ ਚਾਹੀਦਾ ਹੈ ਅਤੇ ਇਸ ਮਾਮਲੇ 'ਚ ਪੰਜਾਬ ਦੇ ਵਿੱਤ ਮੰਤਰੀ ਆਵਾਜ਼ ਉਠਾਉਣ 'ਚ ਪਿੱਛੇ ਦਿਖਾਈ ਦੇ ਰਹੇ ਹਨ।
ਇਸ ਮੌਕੇ ਫੂਡ ਪ੍ਰੋਸੈਸਿੰਗ ਵਿਭਾਗ ਦੀ ਸੰਪਦਾ ਸਕੀਮ ਬਾਰੇ ਬੋਲਦੇ ਹੋਏ ਹਰਸਿਮਰਤ ਨੇ ਕਿਹਾ ਕਿ ਇਹ ਕਿਸਾਨਾਂ ਵਲੋਂ ਉਦਯੋਗਪਤੀਆਂ ਲਈ ਬੇਹੱਦ ਲਾਭਦਾਇਕ ਯੋਜਨਾ ਹੈ ਤੇ ਇਸ 'ਚ 35 ਫੀਸਦੀ ਸਬਸਿਡੀ ਕੇਂਦਰ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਯੋਜਨਾ ਦੇ ਤਹਿਤ ਪੰਜਾਬ 'ਚ ਯੂਨਿਟ ਲੱਗਦੇ ਹਨ ਤਾਂ ਇਸ ਨਾਲ ਪੰਜਾਬ ਦੀਆਂ ਫਸਲਾਂ ਦੀ ਬਰਬਾਦੀ ਰੁਕੇਗੀ ਤੇ ਉਨ੍ਹਾਂ ਦੀ ਖਪਤ ਨਾਲ ਦੀ ਨਾਲ ਹੀ ਹੁੰਦੀ ਰਹੇਗੀ। ਇਸ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਜਿਵੇਂ ਆਲੂ ਅਤੇ ਕਣਕ ਨੂੰ ਸੜਕਾਂ 'ਤੇ ਨਹੀਂ ਸੁੱਟਣਾ ਪਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀ ਸਿਰਫ 20 ਫੀਸਦੀ ਲਾਗਤ ਦੇ ਨਾਲ ਯੂਨਿਟ ਸ਼ੁਰੂ ਕਰ ਸਕਣਗੇ ਬਾਕੀ ਦਾ 80 ਫੀਸਦੀ ਕਰਜ਼ਾ ਕੇਂਦਰ ਸਰਕਾਰ ਵਲੋਂ ਕਰਵਾ ਕੇ ਦਿੱਤਾ ਜਾਵੇਗਾ। ਇਸ ਮੌਕੇ ਅਜੀਤ ਸਿੰਘ ਕੋਹਾੜ, ਸਰਬਜੀਤ ਸਿੰਘ ਮੱਕੜ, ਕੇ. ਡੀ. ਭੰਡਾਰੀ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਖਹਿਰਾ, ਸੇਠ ਸਤਪਾਲ ਮੱਲ, ਗੁਰਚਰਨ ਸਿੰਘ ਚੰਨੀ, ਪਰਮਜੀਤ ਰਾਏਪੁਰ, ਅਮਰਜੀਤ ਸਿੰਘ ਕਥੂਰੀਆ, ਰਮੇਸ਼ ਸ਼ਰਮਾ ਆਦਿ ਵੀ ਮੌਜੂਦ ਸਨ।


Related News