‘ਆਪ’ ਸੁਪਰੀਮੋ ਦੀ ਗ੍ਰਿਫ਼ਤਾਰੀ ਕਾਰਨ ਪੰਜਾਬ ਦੇ ਲੋਕ ਕੇਂਦਰ ਸਰਕਾਰ ਤੋਂ ਨਾਰਾਜ਼: ਹਰਜੋਤ ਬੈਂਸ
Friday, Mar 29, 2024 - 09:11 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ/ਸੰਧੂ) - ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿਚ ਕੇਂਦਰ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ। ਇਸ ਘਟਨਾ ਤੋਂ ਬਾਅਦ ਤਿੱਖਾ ਰੋਸ ਪ੍ਰਗਟਾਉਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੁਣ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਜ਼ਾਰਾਂ ਲੋਕਾਂ ਨੂੰ 31 ਮਾਰਚ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਤੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਤਿੱਖਾ ਮੋਰਚਾ ਖੜ੍ਹਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਰੋਡ ਸ਼ੋਅ ਦੌਰਾਨ ਸੁਸ਼ੀਲ ਰਿੰਕੂ ਦੀ ਘਰਵਾਲੀ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਕਿਉਂ ਹੋਏ BJP 'ਚ ਸ਼ਾਮਲ (ਵੀਡੀਓ)
31 ਮਾਰਚ ਨੂੰ ਦਿੱਲੀ ਵਿਚ ਹੋਣ ਵਾਲੇ ਕੌਮੀ ਪੱਧਰ ਦੇ ਪ੍ਰਦਰਸ਼ਨ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਲਿਜਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਅਸਲ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਜਿਸ ਤਰ੍ਹਾਂ ਤੁਗਲਕੀ ਫਰਮਾਨ ਜਾਰੀ ਕਰ ਕੇ ਬੇਕਸੂਰ ਲੋਕਾਂ ਨੂੰ ਧੱਕਾ ਦੇ ਰਹੀ ਹੈ, ਉਸ ਦਾ ਜਵਾਬ ਦੇਸ਼ ਦੀ ਜਨਤਾ ਲੋਕ ਸਭਾ ਚੋਣਾਂ ’ਚ ਜ਼ਰੂਰ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦਹਿਸ਼ਤਗਰਦੀ ਕਦੇ ਵੀ ਲੋਕਾਂ ਦੇ ਦਿਲਾਂ ਵਿਚ ਥਾਂ ਨਹੀਂ ਬਣਾ ਸਕਦੀ। ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਦੇ ਲੋਕ ਵੀ ਅਰਵਿੰਦ ਕੇਜਰੀਵਾਲ ਦਾ ਹਾਲ ਜਾਣਨ ਲਈ ਉਨ੍ਹਾਂ ਨੂੰ ਫੋਨ ਕਰ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੇ ਦਿੱਲੀ ਜਾਣ ਦੀ ਇੱਛਾ ਵੀ ਪ੍ਰਗਟਾਈ ਹੈ।
ਬੈਂਸ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦਾ ਗ੍ਰਾਫ ਦੇਸ਼ ਅਤੇ ਦੁਨੀਆ ਵਿਚ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਦਾ ਡਰ ਦਿੱਲੀ ਦੀ ਮੋਦੀ ਸਰਕਾਰ ਦੇ ਚਿਹਰਿਆਂ ’ਤੇ ਦੇਖਿਆ ਜਾ ਸਕਦਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹੈ ਪਰ ਸਿਆਸਤ ਵਿਚ ਦੂਜਿਆਂ ਨੂੰ ਡਰਾ ਕੇ ਰਾਜ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ‘ਸ਼ਾਰਟਕੱਟ’ ਅਪਣਾਉਣ ਵਾਲੇ ਹਾਕਮਾਂ ਦੀ ਉਮਰ ਕੁਝ ਦਿਨਾਂ ਦੀ ਹੀ ਹੁੰਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਡਾ ਮੁੱਖ ਮੰਤਰੀ ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਹੈ ਕਿਉਂਕਿ ਉਹ ਲੋਕਾਂ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ 31 ਮਾਰਚ ਨੂੰ ਦਿੱਲੀ ਵਿਚ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਅਸੀਂ ਆਪਣਾ ਸੁਨੇਹਾ ਦੇਸ਼ ਭਰ ਵਿਚ ਲੋਕਾਂ ਤੱਕ ਪਹੁੰਚਾਉਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।