ਰਾਣਾ ਦਾ ਅਸਤੀਫਾ ਪ੍ਰਵਾਨ ਨਾ ਕਰਨਾ ਸਿਆਸੀ ਡਰਾਮੇਬਾਜ਼ੀ: ਡਾ. ਰਵਜੋਤ

01/17/2018 11:58:22 AM

ਹੁਸ਼ਿਆਰਪੁਰ (ਘੁੰਮਣ)— ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਅਹੁੱਦੇ ਤੋਂ ਅਸਤੀਫਾ ਦੇਣਾ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਅਸਤੀਫੇ ਨੂੰ ਨਾ-ਮਨਜ਼ੂਰ ਕਰਨਾ ਸਿਰਫ ਅਤੇ ਸਿਰਫ ਸਿਆਸੀ ਡਰਾਮੇਬਾਜ਼ੀ ਹੈ। ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਡਾ. ਰਵਜੋਤ ਵੱਲੋਂ ਇਥੇ ਆਪਣੇ ਦਫਤਰ ਵਿਚ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਡਾ. ਰਵਜੋਤ ਨੇ ਕਿਹਾ ਕਿ ਕਾਂਗਰਸ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨਕਸ਼ੇ ਕਦਮਾਂ ਉੱਪਰ ਚੱਲਦੀ ਹੋਈ ਭ੍ਰਿਸ਼ਟਾਚਾਰ ਵਿਚ ਗਲਤਾਨ ਹੋ ਚੁੱਕੀ ਹੈ ਅਤੇ ਇਸ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਰੇਤ ਦੀਆਂ ਖੱਡਾਂ ਦੀ ਹੋਈ ਨਿਲਾਮੀ ਵਿਚ ਨਾਂ ਆਉਣ ਉਪਰੰਤ ਮੁੱਖ ਮੰਤਰੀ ਨੇ ਆਪਣੇ ਇਸ ਸੈਨਾਪਤੀ ਨੂੰ ਬਚਾਉਣ ਲਈ ਪਹਿਲਾਂ ਇਕ ਕਮਿਸ਼ਨ ਬਣਾਇਆ, ਜਿਸ ਕੋਲੋਂ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦਿਵਾਈ ਗਈ। ਇਹ ਕਲੀਨ ਚਿੱਟ ਲੋਕਾਂ ਨੂੰ ਪ੍ਰਵਾਨ ਨਾ ਕੀਤੇ ਜਾਣ ਪਿੱਛੋ ਹੁਣ ਉਕਤ ਮੰਤਰੀ ਦੇ ਅਸਤੀਫੇ ਦੀ ਗੱਲ ਉਡਾਈ ਗਈ ਅਤੇ ਬਾਅਦ ਵਿਚ ਖਬਰ ਆਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਦਾ ਅਸਤੀਫਾ ਨਾ-ਮਨਜ਼ੂਰ ਕਰ ਦਿੱਤਾ ਹੈ, ਜੋਕਿ ਆਮ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ। 
ਡਾ. ਰਵਜੋਤ ਨੇ ਸਵਾਲ ਉਠਾਇਆ ਕਿ ਜੇਕਰ ਰਾਣਾ ਗੁਰਜੀਤ ਨੇ ਸੱਚਮੁੱਚ ਹੀ ਅਸਤੀਫਾ ਦੇਣਾ ਸੀ ਤਾਂ ਉਹ ਇਸ ਲਈ ਸੂਬੇ ਦੇ ਰਾਜਪਾਲ ਜਾਂ ਫਿਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਭੇਜਦੇ ਨਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੇ ਕਿ ਪਹਿਲਾਂ ਹੀ ਰਾਣਾ ਗੁਰਜੀਤ ਨੂੰ ਇਕ ਕਮਿਸ਼ਨ ਕੋਲੋਂ ਕਲੀਨ ਚਿੱਟ ਦਿਵਾ ਚੁੱਕੇ ਹਨ। 
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਨਿਕੰਮੀ ਕਾਂਗਰਸ ਸਰਕਾਰ ਦਾ ਸੱਚ ਜਾਣ ਚੁੱਕੀ ਹੈ ਅਤੇ ਵਿਸ਼ਵਾਸ ਗੁਆ ਚੁੱਕੀ ਹੈ। ਡਾ. ਰਵਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਵਿੱਖ ਵਿਚ ਵੀ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਤੇ ਤੋੜੇ ਜਾ ਰਹੇ ਲੋਕ ਵਾਅਦਿਆਂ ਦਾ ਸੱਚ ਸੂਬੇ ਦੀ ਜਨਤਾ ਦੀ ਕਚਿਹਰੀ ਵਿਚ ਪੇਸ਼ ਕਰਦੀ ਰਹੇਗੀ ਤੇ ਹਮੇਸ਼ਾ ਇਕ ਸੁਲਝੀ ਹੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਰਹੇਗੀ। ਇਸ ਮੌਕੇ ਰਵੀ ਦੱਤ ਬਡਾਲਾ, ਤਰਲੋਕ ਸਿੰਘ, ਰਾਜੇਸ਼ ਭਾਰਗਵ, ਮਨਦੀਪ ਸਿੰਘ, ਨਿਰਮਲ ਭਾਰਗਵ, ਰੋਹਿਤ ਭਾਰਗਵ, ਹਰਦੀਪ ਸਿੰਘ, ਪ੍ਰਦੀਪ ਸੈਣੀ, ਅਨੀਸ਼ ਕਮਲ, ਰਣਧੀਰ ਕੁਮਾਰ ਆਦਿ ਵੀ ਹਾਜ਼ਰ ਸਨ।


Related News