ਬਿਜਲੀ ਟਰਾਂਸਫਾਰਮਰਾਂ ''ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, 1 ਫਰਾਰ

08/14/2017 12:40:19 AM

ਮੋਗਾ,   (ਆਜ਼ਾਦ)-  ਸਥਾਨਕ ਪੁਲਸ ਵੱਲੋਂ ਬਿਜਲੀ ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਬਾਘਾਪੁਰਾਣਾ ਪੁਲਸ ਨੇ ਗਿਰੋਹ ਦੇ ਮੁੱਖ ਸਰਗਨਾ ਸਮੇਤ 4 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਅਤੇ ਟਰਾਂਸਫਾਰਮਰਾਂ 'ਚੋਂ ਸਾਮਾਨ ਕੱਢਣ ਲਈ ਪ੍ਰਯੋਗ ਕੀਤੇ ਜਾਣ ਵਾਲੇ ਔਜਾਰ ਬਰਾਮਦ ਕੀਤੇ ਗਏ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। 

ਕਿਵੇਂ ਆਏ ਕਾਬੂ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲੇ ਦੇ ਕਿਸਾਨਾਂ ਦੇ ਖੇਤਾਂ 'ਚ ਲੱਗੇ ਬਿਜਲੀ ਟਰਾਂਸਫਾਰਮਰਾਂ 'ਚੋਂ ਰਾਤ ਸਮੇਂ ਤਾਂਬਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਗਿਰੋਹਾਂ ਨੇ ਕਿਸਾਨਾਂ ਵਿਚ ਭਾਰੀ ਦਹਿਸ਼ਤ ਫੈਲਾ ਰੱਖੀ ਸੀ। ਇਸ ਸਬੰਧੀ ਜਦੋਂ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਲੰਗੇਆਣਾ ਪੁਰਾਣਾ ਤੋਂ ਪਿੰਡ ਜੈਮਲਵਾਲਾ-ਭੇਖਾ ਰੋਡ 'ਤੇ ਜਾ ਰਹੇ ਸੀ ਤਾਂ ਜਦੋਂ ਉਹ ਸੇਮ ਦੇ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੇਮ ਨਾਲਾ ਜੈਮਲਵਾਲਾ 'ਤੇ ਕੁਝ ਸ਼ੱਕੀ ਵਿਅਕਤੀ ਬੈਠੇ ਹੋਏ ਹਨ, ਜੋ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਕਰ ਕੇ ਵੇਚਦੇ ਹਨ, ਜੇਕਰ ਤੁਰੰਤ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ 'ਤੇ ਪੁਲਸ ਪਾਰਟੀ ਨੇ ਉਕਤ ਦੱਸੇ ਪਤੇ 'ਤੇ ਛਾਪਾਮਾਰੀ ਕਰ ਕੇ ਗਿਰੋਹ ਦੇ ਮੁੱਖ ਸਰਗਨਾ ਗਗਨਦੀਪ ਸਿੰਘ ਉਰਫ ਟੁੰਡਾ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੋਨੀ ਸਾਰੇ ਨਿਵਾਸੀ ਧਰਮਕੋਟ ਨੂੰ ਜਾ ਦਬੋਚਿਆ, ਜਦਕਿ ਸਾਜਨ ਨਿਵਾਸੀ ਧਰਮਕੋਟ ਪੁਲਸ ਦੇ ਕਾਬੂ ਨਹੀਂ ਆ ਸਕਿਆ। ਪੁਲਸ ਨੇ ਉਕਤ ਗਿਰੋਹ ਕੋਲੋਂ ਚੋਰੀ ਸਮੇਂ ਪ੍ਰਯੋਗ ਕੀਤੇ ਜਾਣ ਵਾਲੇ ਮੋਟਰਸਾਈਕਲ ਸਮੇਤ 50 ਕਿਲੋ ਤਾਂਬੇ ਦੀ ਤਾਰ ਤੋਂ ਇਲਾਵਾ ਟਰਾਂਸਫਾਰਮਰ ਖੋਲ੍ਹਣ ਵਾਲੇ ਔਜਾਰ ਬਰਾਮਦ ਕੀਤੇ ਹਨ। 

ਇਨ੍ਹਾਂ ਪਿੰਡਾਂ ਨੂੰ ਬਣਾਇਆ ਗਿਆ ਨਿਸ਼ਾਨਾ
ਜੈਮਲਵਾਲਾ, ਭੇਖਾ, ਡੇਮਰੂ ਖੁਰਦ, ਡੈਮਰੂ ਕਲਾਂ, ਜੈ ਸਿੰਘ ਵਾਲਾ, ਲੰਘੇਆਣਾ, ਗੱਜਣਵਾਲ ਅਤੇ ਰੋਡੇ।

ਕਿਸਾਨਾਂ ਕੀਤੀ ਸੀ ਗਿਰੋਹ ਨੂੰ ਕਾਬੂ ਕਰਨ ਦੀ ਮੰਗ
ਥਾਣਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡਾਂ ਦੇ ਕਿਸਾਨਾਂ ਨੇ ਥਾਣਾ ਬਾਘਾਪੁਰਾਣਾ ਦੇ ਇੰਚਾਰਜ ਨਾਲ ਮਿਲ ਕੇ ਮੰਗ ਕੀਤੀ ਸੀ ਕਿ ਬਿਜਲੀ ਟਰਾਂਸਫਾਰਮਰ ਚੋਰੀ ਕਰਨ ਵਾਲੇ ਗਿਰੋਹਾਂ ਨੇ ਕਿਸਾਨਾਂ ਦੀ ਨੀਂਦ ਹਰਾਮ ਕਰ ਕੇ ਰੱਖੀ ਹੋਈ ਹੈ। ਉਹ ਆਪਣੇ ਖੇਤਾਂ 'ਚ ਰਾਤ ਸਮੇਂ ਪਹਿਰਾ ਦੇ ਰਹੇ ਹਨ। ਇਸ ਲਈ ਤੁਰੰਤ ਉਕਤ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਜਾਵੇ ਅਤੇ ਕਿਸਾਨਾਂ ਦੇ ਖੇਤਾਂ 'ਚੋਂ ਚੋਰੀ ਹੋਏ ਟਰਾਂਸਫਾਰਮਰ ਅਤੇ ਹੋਰ ਸਾਮਾਨ ਬਰਾਮਦ ਕਰ ਕੇ ਕਿਸਾਨਾਂ ਨੂੰ ਸੌਂਪਿਆ ਜਾਵੇ।

ਕੀ ਹੋਈ ਪੁਲਸ ਕਾਰਵਾਈ
ਇਸ ਬਾਰੇ ਜਾਂਚ ਅਧਿਕਾਰੀ ਨੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੰਜਾਂ ਦੋਸ਼ੀਆਂ ਖਿਲਾਫ ਚੋਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਉਕਤ ਗਿਰੋਹ ਦੇ ਭਗੌੜੇ ਦੋਸ਼ੀ ਸਾਜਨ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ ਅਤੇ ਕਾਬੂ ਕੀਤੇ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News