ਫਿਰੋਜ਼ਪੁਰ ''ਚ ਦਿਵਾਲੀ ਦੀ ਰਾਤ ਆਤਿਸ਼ਬਾਜ਼ੀ ਨਾਲ 5 ਜਗ੍ਹਾ ਅੱਗ ਲੱਗੀ

10/20/2017 5:42:09 PM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਸ਼ਹਿਰ ਛਾਉਣੀ 'ਚ ਦੀਵਾਲੀ ਦੀ ਰਾਤ 5 ਜਗ੍ਹਾ 'ਤੇ ਅੱਗ ਲੱਗੀ ਅਤੇ ਇਕ ਗਰੀਬ ਵਿਅਕਤੀ ਦਾ ਘਰ ਸੜ ਕੇ ਸਵਾਹ ਹੋ ਗਿਆ। ਇਸ ਵਾਰ ਮਾਰਕੀਟ ਵਿਚ ਚਾਈਨਾ ਦੇ ਪਟਾਕੇ ਚੱਲਣ 'ਤੇ ਕਈ ਲੋਕਾਂ ਦੇ ਹੱਥ ਸੜ ਗਏ ਅਤੇ ਕਈ ਬੱਚਿਆਂ ਨੂੰ ਵੀ ਇਨ੍ਹਾਂ ਪਟਾਕਿਆਂ ਦਾ ਨੁਕਸਾਨ ਝੱਲਣਾ ਪਿਆ। ਫਾਇਰ ਬ੍ਰਿਗੇਡ ਫਿਰੋਜ਼ਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਮੱਲਵਾਲ ਜਦੀਦ ਵਿਚ ਆਤਿਸ਼ਬਾਜੀ ਨਾਲ ਅੱਗ ਲੱਗਣ ਕਾਰਨ ਇਕ ਗਰੀਬ ਪਰਿਵਾਰ ਦਾ ਘਰ ਸੜ ਕੇ ਸਵਾਹ ਹੋ ਗਿਆ। ਘਰ ਦੇ ਮਾਲਿਕ ਲਖਵੀਰ ਕੌਰ ਪਤਨੀ ਸੁਖਚੈਨ ਸਿੰਘ ਦੇ ਅਨੁਸਾਰ ਅੱਗ ਲੱਗਣ ਨਾਲ ਉਨ੍ਹਾਂ ਦੇ ਬੈਡ, ਪੱਖੇ, ਟੀ. ਵੀ, ਬਿਸਤਰੇ, ਕੱਪੜੇ ਆਦਿ ਸਭ ਕੁਝ ਸੜ ਗਏ। ਇਸ ਨਾਲ ਕਮਰੇ ਦੀ ਛੱਤ ਡਿੱਗ ਗਈ ਅਤੇ ਦਰਵਾਜੇ ਆਦਿ ਵੀ ਸੜ ਕੇ ਰਾਖ ਹੋ ਗਏ। ਰੇਲਵੇ ਵਿਭਾਗ ਦੇ ਪਾਵਰ ਹਾਊਸ ਦੇ ਕੋਲ ਬਾਹਰ ਪਈਆਂ ਲੱਕੜ ਦੀਆਂ ਸ਼ਤੀਰੀਆਂ ਨੂੰ ਅੱਗ ਲੱਗ ਗਈ ਅਤੇ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਦੇ ਕੋਲ ਖੁੱਲੀ ਪਈ ਜਗ੍ਹਾ ਵਿਚ ਅਤੇ ਬਾਬਾ ਰਾਮ ਲਾਲ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਖੁੱਲੀ ਪਈ ਜਗ੍ਹਾ ਵਿਚ ਆਤਿਸ਼ਬਾਜ਼ੀ ਨਾਲ ਅੱਗ ਲੱਗੀ, ਜਿਸ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਰਮਚਾਰੀਆਂ ਦੀ ਮਿਹਨਤ ਨਾਲ ਕਾਬੂ ਪਾਇਆ ਗਿਆ। ਅਜੀਤ ਨਗਰ ਮੁਹੱਲਾ ਬੌਰੀਆਂ ਵਾਲਾ ਫਿਰੋਜ਼ਪੁਰ ਸ਼ਹਿਰ ਵਿਚ ਇਕ ਘਰ ਦੀ ਛੱਤ 'ਤੇ ਆਤਿਸ਼ਬਾਜ਼ੀ ਡਿੱਗਣ ਨਾਲ ਅੱਗ ਲੱਗ ਗਈ। ਦਿਵਾਲੀ ਦੇ ਤਿਉਹਾਰ 'ਤੇ ਫਿਰੋਜ਼ਪੁਰ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।


Related News