ਬਾਹਰੀ ਵਿਦਿਆਰਥੀਆਂ ਲਈ ਹੁਣ ਸਮਾਨਤਾ ਪੱਤਰ ਲੈਣਾ ਲਾਜ਼ਮੀ ਨਹੀਂ

09/22/2017 11:56:46 PM

ਮੋਹਾਲੀ (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਨੇ ਚਾਲੂ ਅਕਾਦਮਿਕ ਸਾਲ 2017-18 ਤੋਂ ਹੀ ਸੀ. ਬੀ. ਐੱਸ. ਈ., ਸੀ. ਆਈ. ਐੱਸ. ਸੀ. ਈ., ਐੱਨ. ਆਈ. ਓ. ਐੱਸ. ਅਤੇ ਭਾਰਤ ਦੇ ਦੂਜੇ ਰਾਜਾਂ ਦੇ ਬੋਰਡਾਂ ਦੇ ਵਿਦਿਆਰਥੀਆਂ ਲਈ ਹੁਣ ਸਮਾਨਤਾ ਪੱਤਰ ਲੈਣਾ ਬੰਦ ਕਰ ਦਿੱਤਾ ਹੈ। ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਬੋਰਡ ਤੋਂ ਬਾਹਰਲੇ ਬੋਰਡਾਂ ਦੇ ਜਿਹੜੇ ਵਿਦਿਆਰਥੀਆਂ ਨੇ ਅਗਲੀ ਪੜ੍ਹਾਈ ਲਈ (9ਵੀਂ ਤੋਂ 12ਵੀਂ ਸ਼੍ਰੇਣੀ) ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਦਾਖਲਾ ਲੈਣਾ ਹੈ ਜਾਂ 10ਵੀਂ/12ਵੀਂ ਦੀ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣੀ ਚਾਹੁੰਦੇ ਹਨ, ਨੂੰ ਸਮਾਨਤਾ ਪੱਤਰ ਪ੍ਰਾਪਤ ਕਰਨਾ ਲਾਜ਼ਮੀ ਨਹੀਂ ਹੋਵੇਗਾ। 
ਇਸ ਤੋਂ ਇਲਾਵਾ ਬੋਰਡ ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਵਿਦੇਸ਼ਾਂ ਤੋਂ ਕੀਤੀ ਪੜ੍ਹਾਈ ਉਪਰੰਤ ਅਗਲੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰਨ ਵਾਲੇ ਵਿਦਿਆਰਥੀਆਂ ਲਈ ਚਾਲੂ ਪ੍ਰਥਾ ਅਨੁਸਾਰ ਸਮਾਨਤਾ ਪੱਤਰ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।


Related News