ਭੇਤਭਰੀ ਹਾਲਤ ''ਚ ਬਜ਼ੁਰਗ ਦਾ ਕਤਲ

10/18/2017 5:25:55 AM

ਅੰਮ੍ਰਿਤਸਰ,   (ਜ. ਬ.)-  ਅਧਰੰਗ ਦੇ ਮਰੀਜ਼ ਇਕ 60 ਸਾਲਾ ਬਜ਼ੁਰਗ ਦੀ ਕਤਲ ਕੀਤੀ ਲਾਸ਼ ਪੁਲਸ ਨੂੰ ਸਕੱਤਰੀ ਬਾਗ 'ਚ ਲਾਵਾਰਸ ਪਈ ਮਿਲੀ। ਮ੍ਰਿਤਕ ਦੀ ਪਤਨੀ ਕ੍ਰਿਸ਼ਨਾ ਨੇ ਸੀ-ਡਵੀਜ਼ਨ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਤੀ ਜੋ ਅਧਰੰਗ ਦਾ ਮਰੀਜ਼ ਸੀ, 15 ਅਕਤੂਬਰ ਦੀ ਸ਼ਾਮ ਸੋਟੀ ਦੇ ਸਹਾਰੇ ਘਰੋਂ ਗਿਆ ਸੀ, ਜੋ ਵਾਪਸ ਘਰ ਨਹੀਂ ਪਰਤਿਆ। ਰਿਸ਼ਤੇਦਾਰਾਂ ਸਮੇਤ ਉਸ ਦੀ ਭਾਲ ਕਰਨ 'ਤੇ ਉਸ ਦੇ ਪਤੀ ਦੀ ਲਾਸ਼ ਸਕੱਤਰੀ ਬਾਗ 'ਚ ਪਈ ਮਿਲੀ, ਜਿਸ ਦੇ ਸਿਰ ਵਿਚ ਕਿਸੇ ਅਣਪਛਾਤੇ ਵੱਲੋਂ ਪੱਥਰ ਨਾਲ ਵਾਰ ਕੀਤਾ ਜਾਪਦਾ ਸੀ। ਲਾਸ਼ ਕਬਜ਼ੇ ਵਿਚ ਲੈ ਕੇ ਪੁਲਸ ਨੇ ਅੰਨ੍ਹੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 
ਅਸਲਾ ਭੰਡਾਰ ਨੇੜੇ ਉਸਾਰੀ ਕਰਨ 'ਤੇ ਮਾਮਲਾ ਦਰਜ- ਵੱਲਾ ਸਥਿਤ ਸੈਨਾ ਦੇ ਅਸਲਾ ਭੰਡਾਰ ਦੇ ਮਨਾਹੀਸ਼ੁਦਾ ਖੇਤਰ 'ਚ ਉਸਾਰੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸੂਬੇਦਾਰ ਵਿਜੇ ਡੋਗਰਾ ਦੀ ਸ਼ਿਕਾਇਤ 'ਤੇ ਇਕ ਹਜ਼ਾਰ ਵਰਗ ਗਜ਼ ਦੇ ਮਨਾਹੀਸ਼ੁਦਾ ਖੇਤਰ ਵਿਚ ਉਸਾਰੀ ਕਰਨ ਵਾਲੇ ਕਰਮਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਵੱਲਾ ਤੇ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮਹਿਤਾ ਰੋਡ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ। 
ਮਾਮੂਲੀ ਤਕਰਾਰ ਕਾਰਨ ਕੁੱਟਮਾਰ- ਰੇਲਵੇ ਸਟੇਸ਼ਨ ਸਾਹਮਣੇ ਸਥਿਤ ਪ੍ਰੀਤਮ ਢਾਬੇ 'ਤੇ ਰੋਟੀ ਖਾ ਕੇ ਨਿਕਲੇ ਇਕ ਵਿਅਕਤੀ ਨੂੰ ਬਾਹਰ ਆਟੋ 'ਚ ਬੈਠੇ ਕੁਝ ਨੌਜਵਾਨਾਂ ਨੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਝਗੜੇ ਦੀ ਵਜ੍ਹਾ ਮਾਮੂਲੀ ਕਿਹਾ-ਸੁਣੀ ਦੱਸੀ ਜਾ ਰਹੀ ਹੈ। ਬਿਕਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਸਿਰ 'ਚ ਸੱਟਾਂ ਮਾਰ ਕੇ ਉਸ ਨੂੰ ਜ਼ਖਮੀ ਕਰ ਕੇ ਦੌੜੇ ਆਟੋ ਸਵਾਰ ਜੋ ਬਾਅਦ ਵਿਚ ਆਪਣਾ ਥ੍ਰੀ-ਵ੍ਹੀਲਰ ਅਤੇ ਇਕ ਐਕਟਿਵਾ ਮੌਕੇ 'ਤੇ ਛੱਡ ਕੇ ਦੌੜ ਗਏ, ਮੁਲਜ਼ਮ ਕਿਸ਼ਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੋਟ ਖਾਲਸਾ, ਵਿੱਕੀ ਵਾਸੀ ਪ੍ਰੇਮ ਨਗਰ ਅਤੇ ਵਿੱਕੀ ਵਾਸੀ ਕੋਟ ਖਾਲਸਾ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਮੁਲਜ਼ਮ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਕਟ ਹਾਊਸ ਚੌਕੀ ਇੰਚਾਰਜ ਏ. ਐੱਸ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਾਕੀ ਰਹਿੰਦੇ ਦੋਵੇਂ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 
ਹਥਿਆਰਬੰਦ ਲੁਟੇਰਿਆਂ ਨੇ ਲੁੱਟੀ ਪੈਟਰੋਲ ਪੰਪ ਤੋਂ ਨਕਦੀ- ਮਾਨਾਂਵਾਲਾ ਸਥਿਤ ਇਕ ਪੈਟਰੋਲ ਪੰਪ 'ਤੇ ਦੇਰ ਰਾਤ ਪੁੱਜੇ 5 ਅਣਪਛਾਤੇ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ 25 ਹਜ਼ਾਰ ਦੀ ਰਕਮ ਲੁੱਟ ਲਈ। ਏ-ਵਨ ਪੈਟਰੋਲ ਪੰਪ ਦੇ ਕਰਿੰਦੇ ਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਰਾਤ ਕਰੀਬ 2 ਵਜੇ ਪੈਟਰੋਲ ਪੰਪ 'ਤੇ ਪੁੱਜੇ 5 ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ 25 ਹਜ਼ਾਰ ਦੀ ਰਕਮ ਲੁੱਟ ਕੇ ਲਿਜਾਣ ਸਬੰਧੀ ਥਾਣਾ ਲੋਪੋਕੇ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 
ਘਰ 'ਚ ਦਾਖਲ ਹੋ ਭੰਨਤੋੜ ਤੇ ਕੁੱਟਮਾਰ - ਰੰਜਿਸ਼ ਕਾਰਨ ਘਰ 'ਚ ਦਾਖਲ ਹੋ ਕੇ ਭੰਨਤੋੜ ਤੇ ਕੁੱਟਮਾਰ ਕਰ ਕੇ ਦੌੜੇ ਕਰੀਬ ਅੱਧੀ ਦਰਜਨ ਹਮਲਾਵਰਾਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਗ੍ਰੰਥਗੜ੍ਹ ਵਾਸੀ ਪਰਮਜੀਤ ਕੌਰ ਦੀ ਸ਼ਿਕਾਇਤ 'ਤੇ ਗਰਭÎਵਤੀ ਹਾਲਤ ਵਿਚ ਉਸ ਨਾਲ ਕੁੱਟਮਾਰ ਕਰਦਿਆਂ ਘਰ ਦੇ ਸਾਮਾਨ ਦੀ ਭੰਨਤੋੜ ਕਰ ਕੇ ਦੌੜੇ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਸਰਵਣ ਸਿੰਘ ਪੁੱਤਰ ਦਿਆਲ ਸਿੰਘ, ਮੰਗਾ ਸਿੰਘ ਪੁੱਤਰ ਲਖਬੀਰ ਸਿੰਘ ਤੇ 3-4 ਹੋਰ ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਘਰ ਦੇ ਤਾਲੇ ਤੋੜ ਕੇ ਨਕਦੀ ਤੇ ਗਹਿਣੇ ਚੋਰੀ - ਰਾਜਾਸਾਂਸੀ ਸਥਿਤ ਇਕ ਘਰ ਦੇ ਤਾਲੇ ਤੋੜ ਕੇ ਕੀਮਤੀ ਸਾਮਾਨ ਚੋਰੀ ਕਰ ਕੇ ਦੌੜੇ ਅਣਪਛਾਤੇ ਚੋਰਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਕਿਰਾਏਦਾਰ ਸੰਦੀਪ ਸਿੰਘ ਦੀ ਸ਼ਿਕਾਇਤ 'ਤੇ ਘਰ ਦੇ ਤਾਲੇ ਤੋੜ ਕੇ ਸੋਨੇ ਦੇ ਗਹਿਣੇ ਤੇ 35 ਹਾਜ਼ਾਰ ਦੀ ਨਕਦੀ ਚੋਰੀ ਕਰ ਕੇ ਦੌੜੇ ਅਣਪਛਾਤੇ ਚੋਰਾਂ ਖਿਲਾਫ ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਕਾਰ ਹਾਦਸੇ 'ਚ ਬਜ਼ੁਰਗ ਔਰਤ ਦੀ ਮੌਤ- ਨਵਾਂ ਬਾਈਪਾਸ ਬੰਡਾਲਾ ਨੇੜੇ ਸੜਕ ਪਾਰ ਕਰ ਰਹੀ ਇਕ ਬਜ਼ੁਰਗ ਔਰਤ ਨੂੰ ਇਕ ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਲਪੇਟ ਵਿਚ ਲੈ ਲਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਕੁਲਵੰਤ ਕੌਰ ਦੇ ਲੜਕੇ ਸ਼ਮਸ਼ੇਰ ਸਿੰਘ ਵਾਸੀ ਬੁੱਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। 
ਬਾਈਕ ਸਵਾਰ ਝਪਟਮਾਰ ਨੇ ਖੋਹਿਆ ਔਰਤ ਦਾ ਪਰਸ- ਅੱਡਾ ਮੁੱਛਲ ਨੇੜੇ ਥ੍ਰੀ-ਵ੍ਹੀਲਰ ਦੀ ਉਡੀਕ ਕਰ ਰਹੀ ਇਕ ਔਰਤ ਹੱਥੋਂ ਬਾਈਕ ਸਵਾਰ ਲੁਟੇਰਾ ਪਰਸ ਖੋਹ ਕੇ ਦੌੜ ਗਿਆ। ਪਿੰਡ ਮੁੱਛਲ ਵਾਸੀ ਕੰਸ ਕੌਰ ਦੀ ਸ਼ਿਕਾਇਤ 'ਤੇ ਉਸ ਕੋਲੋਂ ਨਕਦੀ ਤੇ ਮੋਬਾਇਲ ਵਾਲਾ ਪਰਸ ਖੋਹ ਕੇ ਦੌੜੇ ਅਣਪਛਾਤੇ ਬਾਈਕ ਸਵਾਰ ਖਿਲਾਫ ਥਾਣਾ ਤਰਸਿੱਕਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। 


Related News