ਨਕਲੀ ਪ੍ਰੈੱਸ ਤੇ ਪੁਲਸ ਲਿਖਾ ਕੇ ਸੜਕਾਂ ''ਤੇ ਘੁੰਮਣ ਵਾਲਿਆਂ ''ਤੇ ਚੱਲਿਆ ਟ੍ਰੈਫਿਕ ਪੁਲਸ ਦਾ ਡੰਡਾ

08/14/2017 7:08:49 AM

ਕਪੂਰਥਲਾ, (ਭੂਸ਼ਣ)- ਪ੍ਰਾਈਵੇਟ ਵਾਹਨਾਂ 'ਤੇ ਵੱਡੀ ਗਿਣਤੀ ਵਿਚ ਫਰਜ਼ੀ ਲੋਕਾਂ ਵਲੋਂ ਪ੍ਰੈੱਸ ਤੇ ਪੁਲਸ ਸ਼ਬਦ ਲਿਖਾ ਕੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਵਲੋਂ ਇਸ ਸਬੰਧੀ ਜਾਰੀ ਹੁਕਮਾਂ ਨੂੰ ਅਮਲੀਜਾਮਾ ਪਹਿਨਾਉਣ ਦੇ ਮਕਸਦ ਨਾਲ ਟ੍ਰੈਫਿਕ ਪੁਲਸ ਕਪੂਰਥਲਾ ਨੇ ਐਤਵਾਰ ਨੂੰ ਸ਼ਹਿਰ ਵਿਚ ਵੱਡੇ ਪੱਧਰ 'ਤੇ ਨਾਕਾਬੰਦੀ ਕਰਕੇ ਜਿਥੇ ਪ੍ਰੈੱਸ ਤੇ ਪੁਲਸ ਸ਼ਬਦ ਦਾ ਦੁਰਪ੍ਰਯੋਗ ਕਰਨ ਵਾਲੇ 40 ਵਾਹਨ ਸਵਾਰਾਂ ਦੇ ਚਲਾਨ ਕੱਟੇ। ਉਥੇ ਹੀ ਕਈ ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ।   
ਡੀ. ਸੀ. ਨੇ ਧਾਰਾ 144 ਦੇ ਤਹਿਤ ਜਾਰੀ ਕੀਤੇ ਸਨ ਹੁਕਮ
ਸੂਬੇ ਵਿਚ ਵੱਖ-ਵੱਖ ਜ਼ਿਲਿਆਂ ਦੀ ਪੁਲਸ ਵਲਂੋ ਫਰਜ਼ੀ ਪ੍ਰੈੱਸ ਅਤੇ ਪੁਲਸ ਸ਼ਬਦ ਲਿਖਾ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਈ ਗੈਂਗ ਫੜਨ ਦੇ ਮਾਮਲੇ ਸਾਹਮਣੇ ਆਉਣ 'ਤੇ ਡੀ. ਸੀ. ਮੁਹੰਮਦ ਤਈਅਬ ਨੇ ਇਕ ਹੁਕਮ ਜਾਰੀ ਕਰਦੇ ਹੋਏ ਗੈਰ ਪੱਤਰਕਾਰਾਂ ਤੇ ਗੈਰ ਪੁਲਸ ਵਾਲਿਆਂ ਦੇ ਪ੍ਰਾਈਵੇਟ ਵਾਹਨਾਂ 'ਤੇ ਪੁਲਸ ਲਿਖਣ ਨੂੰ ਲੈ ਕੇ ਰੋਕ ਲਗਾ ਦਿੱਤੀ ਸੀ ਅਤੇ ਇਸ ਸਬੰਧੀ ਜ਼ਿਲਾ ਭਰ ਵਿਚ ਟ੍ਰੈਫਿਕ ਪੁਲਸ ਨੂੰ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ਸਬੰਧੀ ਲਗਾਤਾਰ ਸ਼ਿਕਾਇਤਾਂ ਆਉਣ 'ਤੇ ਟ੍ਰੈਫਿਕ ਪੁਲਸ ਦੀ ਟੀਮ ਨੇ ਐਤਵਾਰ ਨੂੰ ਕਈ ਘੰਟੇ ਨਾਕਾਬੰਦੀ ਕਰਕੇ ਵੱਡੇ ਪੱਧਰ 'ਤੇ ਮੁਹਿੰਮ ਚਲਾਈ ।  
40 ਵਾਹਨਾਂ ਦੇ ਚਲਾਨ ਕੱਟਣ ਨਾਲ ਕਈ ਵਾਹਨ ਕੀਤੇ ਇੰਪਾਊਂਡ
ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਚੱਲੀ ਇਸ ਪੂਰੀ ਕਾਰਵਾਈ ਦੇ ਦੌਰਾਨ ਟ੍ਰੈਫਿਕ ਪੁਲਸ ਨੇ ਡੀ. ਸੀ. ਚੌਕ, ਜਲੰਧਰ ਰੋਡ, ਕਰਤਾਰਪੁਰ ਰੋਡ, ਨਕੋਦਰ ਰੋਡ ਅਤੇ ਸੁਲਤਾਨਪੁਰ ਲੋਧੀ ਮਾਰਗ 'ਤੇ ਨਾਕਾਬੰਦੀ ਕਰਕੇ ਪ੍ਰੈੱਸ ਤੇ ਪੁਲਸ ਸ਼ਬਦ ਲਿਖੇ ਅਜਿਹੇ ਕਈ ਵਾਹਨਾਂ ਨੂੰ ਫੜਿਆ, ਜਿਨ੍ਹਾਂ ਦਾ ਪ੍ਰੈੱਸ ਜਾਂ ਪੁਲਸ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਪਰ ਇਨ੍ਹਾਂ 'ਚੋਂ ਕਈ ਲੋਕਾਂ ਨੇ ਸਟੇਟਸ ਸਿੰਬਲ ਦੀ ਖਾਤਰ ਆਪਣੇ ਵਾਹਨਾਂ 'ਤੇ ਇਹ ਸ਼ਬਦ ਲਿਖਾ ਰੱਖੇ ਸਨ। ਟ੍ਰੈਫਿਕ ਪੁਲਸ ਦੀ ਇਸ ਕਾਰਵਾਈ ਦੇ ਦੌਰਾਨ 40 ਵਾਹਨਾਂ ਦੇ ਚਲਾਨ ਕੱਟ ਕੇ ਕਈ ਵਾਹਨ ਪੁਲਸ ਲਾਈਨ 'ਚ ਬੰਦ ਕਰ ਦਿੱਤੇ ਗਏ। ਟ੍ਰੈਫਿਕ ਪੁਲਸ ਦੀ ਇਸ ਕਾਰਵਾਈ ਦੇ ਦੌਰਾਨ ਵੱਡੀ ਗਿਣਤੀ ਵਿਚ ਕਈ ਵਾਹਨ ਸਵਾਰ ਦੂਜੇ ਰਸਤਿਆਂ ਤੋਂ ਭੱਜਦੇ ਨਜ਼ਰ ਆਏ। 
ਕਈ ਥਾਣਾ ਖੇਤਰਾਂ ਦੀ ਪੁਲਸ ਫੜ ਚੁੱਕੀ ਹੈ ਵੱਡੇ ਅਪਰਾਧੀ ਗੈਂਗ
ਸੂਬੇ ਵਿਚ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਅਜਿਹੇ ਕਈ ਅਪਰਾਧੀ ਗੈਂਗ ਗ੍ਰਿਫਤਾਰ ਕਰ ਚੁੱਕੀ ਹੈ, ਜਿਨ੍ਹਾਂ ਨੇ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਆਪਣੇ ਵਾਹਨਾਂ 'ਤੇ ਪ੍ਰੈੱਸ ਜਾਂ ਪੁਲਸ ਲਿਖਾ ਰੱਖਿਆ ਹੈ। ਜਿਸ ਨੂੰ ਲੈ ਕੇ ਹੀ ਸੂਬੇ ਭਰ ਵਿਚ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਵੀ ਇਹ ਮੁਹਿੰਮ ਲਗਾਤਾਰ ਚੱਲਦੀ ਰਹੇਗੀ । 


Related News