ਡੇਰਾ ਪ੍ਰੇਮੀ ਪਿਓ-ਪੁੱਤ ਕਤਲ ਮਾਮਲੇ ''ਚ ਜਿੰਮੀ ਦੋ ਦਿਨ ਦੇ ਪੁਲਸ ਰਿਮਾਂਡ ''ਤੇ

12/12/2017 7:14:38 PM

ਪਾਇਲ (ਬਰਮਾਲੀਪੁਰ) : ਸਬ ਡਿਵੀਜ਼ਨ ਪਾਇਲ ਦੇ ਪਿੰਡ ਨਾਨਕਪੁਰ ਜਗੇੜਾ ਵਿਚ 25 ਫ਼ਰਵਰੀ 2017 ਨੂੰ ਕਤਲ ਕਰ ਦਿੱਤੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੇ ਪਿਓ-ਪੁੱਤ ਸੇਵਾਦਾਰ ਦੇ ਮਾਮਲੇ ਵਿਚ ਕਥਿਤ 4 ਦੋਸ਼ੀਆਂ ਨੂੰ ਵੱਖਰੇ-ਵੱਖਰੇ ਤੌਰ 'ਤੇ ਪਾਇਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ 3 ਦੋਸ਼ੀਆਂ ਨੂੰ 22 ਦਸੰਬਰ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਜਦ ਕਿ ਇਕ ਹੋਰ ਕਥਿਤ ਦੋਸ਼ੀ ਦੇ ਪੁਲਸ ਰਿਮਾਂਡ ਵਿਚ 2 ਦਿਨ ਦਾ ਵਾਧਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਤਲ ਸਮੇਤ ਹੋਰ ਕਤਲਾਂ ਵਿਚ ਸ਼ਾਮਿਲ ਜੰਮੂ ਨਿਵਾਸੀ ਤਲਜੀਤ ਸਿੰਘ ਜਿੰਮੀ ਨੂੰ ਥਾਣਾ ਮਲੌਦ ਦੀ ਪੁਲਸ ਨੇ 5 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਣਯੋਗ ਜੱਜ ਗੁਰਮਹਿਤਾਬ ਸਿੰਘ ਦੀ ਅਦਾਲਤ ਵਿਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ। ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸੋਹਲ ਨੇ ਹੋਰ ਪੁਲਸ ਰਿਮਾਂਡ ਦਾ ਵਿਰੋਧ ਕੀਤਾ ਤੇ ਆਖਿਆ ਕਿ ਰਿਮਾਂਡ ਪਹਿਲਾਂ ਹੀ 2 ਵਾਰ ਦਿੱਤਾ ਜਾ ਚੁੱਕਾ ਹੈ।
ਪੁਲਸ ਦੀ ਦਲੀਲ ਸੀ ਕਿ ਇਸ ਮਾਮਲੇ ਵਿਚ ਹੋਰ ਲੋੜੀਂਦੇ ਤੱਥ ਤੇ ਬਰਾਮਦਗੀਆਂ ਕਰਨੀਆਂ ਬਾਕੀ ਹਨ, ਇਸ ਲਈ ਰਿਮਾਂਡ ਵਿਚ ਵਾਧਾ ਕੀਤਾ ਜਾਵੇ। ਅਦਾਲਤ ਵੱਲੋਂ ਜਿੰਮੀ ਦੇ ਪੁਲਸ ਰਿਮਾਂਡ ਵਿਚ 2 ਦਿਨ ਦਾ ਵਾਧਾ ਕਰਨ ਸਮੇਤ ਪੁਲਸ ਨੂੰ ਢੁਕਵੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਇਸ ਵੇਲੇ ਪਾਇਲ ਦੇ ਡੀ.ਐਸ.ਪੀ.ਰਛਪਾਲ ਸਿੰਘ ਢੀਂਡਸਾ,ਹਰਦੀਪ ਸਿੰਘ ਚੀਮਾ ਥਾਣਾ ਮੁਖੀ ਮਲੌਦ,ਸਤਵਿੰਦਰ ਸਿੰਘ,ਨਛੱਤਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀਆਂ ਦੀ ਦੇਖ ਰੇਖ ਹੇਠ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
3 ਹੋਰ ਦੋਸ਼ੀਆਂ ਦਾ ਜੁਡੀਸ਼ੀਅਲ ਰਿਮਾਂਡ ਵਧਾਇਆ
ਇਸੇ ਮਾਮਲੇ ਵਿਚ ਗ੍ਰਿਫਤਾਰ ਕੀਤੇ 3 ਹੋਰ ਕਥਿਤ ਮੁਲਜ਼ਮਾਂ ਨੂੰ ਵੀ ਇੱਥੇ ਹੀ ਮਾਨਯੋਗ ਜੱਜ ਗੁਰਮਹਿਤਾਬ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਕਥਿਤ ਦੋਸ਼ੀਆਂ ਵਿਚ ਅਮਨਿੰਦਰ ਸਿੰਘ ਮਿੰਦੂ ਵਾਸੀ ਸਲਾਣਾ ਦੁਲਾ ਸਿੰਘ ਵਾਲਾ, ਮਨਪ੍ਰੀਤ ਸਿੰਘ ਮਨੀ ਵਾਸੀ ਗੰਢੂਆਂ, ਰਾਵਿਪਾਲ ਸਿੰਘ ਭੂੰਡਾਂ ਵਾਸੀ ਪਾਇਲ ਸ਼ਾਮਿਲ ਸਨ ਜਿਨ੍ਹਾਂ ਨੂੰ ਜੇਲ 'ਚੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਬਚਾਅ ਪੱਖ ਦੇ ਵਕੀਲ ਗੁਰਸੇਵਕ ਸਿੰਘ ਮਠਾੜੂ ਪੇਸ਼ ਹੋਏ ਤੇ ਅਦਾਲਤ ਵੱਲੋਂ ਤਿੰਨਾਂ ਹੀ ਦੋਸ਼ੀਆਂ ਨੂੰ ਮੁੜ 22 ਦਸੰਬਰ ਤੱਕ ਜੇਲ ਭੇਜ ਦਿੱਤਾ ਗਿਆ।
ਵੱਖ ਵੱਖ ਜ਼ਿਲਿਆਂ 'ਚ ਹੋਈ ਸੀ ਗ੍ਰਿਫਤਾਰੀ
ਅੱਜ ਪਾਇਲ ਅਦਾਲਤ ਵਿੱਚ ਪੇਸ਼ ਕੀਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਵੱਖ-ਵੱਖ ਜ਼ਿਲਿਆਂ ਦੀ ਪੁਲਸ ਨੇ ਕੀਤੀ ਸੀ। ਤਲਜੀਤ ਸਿੰਘ ਜਿੰਮੀ ਨੂੰ ਲੁਧਿਆਣਾ ਪੁਲਸ ਨੇ ਹਿੰਦੂ ਨੇਤਾਵਾਂ ਦੀ ਹੱਤਿਆਵਾਂ ਲਈ ਦੋਸ਼ੀ ਹਰਦੀਪ ਸ਼ੇਰਾ ਤੇ ਸਾਥੀਆਂ ਦੀ ਪੈੜ ਨੱਪਦਿਆਂ ਫੜਿਆ ਸੀ ਤੇ ਇਸੇ ਕੜੀ ਅਧੀਨ ਅਮਨਇੰਦਰ, ਮਨਪ੍ਰੀਤ ਅਤੇ ਰਵੀਪਾਲ ਨੂੰ ਖੰਨਾ ਪੁਲਸ ਨੇ ਲੰਮੀ ਯੋਜਨਾਬੰਦੀ ਤੋਂ ਬਾਅਦ ਕਾਬੂ ਕੀਤਾ ਸੀ।


Related News