12 ਟਨ ਉਬਲਦਾ ਲੋਹਾ ਡਿੱਗਾ ਮਜ਼ਦੂਰਾਂ ''ਤੇ, 1 ਦੀ ਮੌਤ

06/27/2017 7:42:11 AM

ਮੰਡੀ ਗੋਬਿੰਦਗੜ੍ਹ(ਜ.ਬ)-  ਅਮਲੋਹ ਰੋਡ 'ਤੇ ਸਥਿਤ ਪਿੰਡ ਤੂਰਾ ਦੀ ਇਕ ਫਰਨੇਸ ਇਕਾਈ 'ਚ ਸ਼ਾਮ ਨੂੰ ਕਰੀਬ 4 ਵਜੇ  ਹੋਏ ਦਰਦਨਾਕ ਹਾਦਸੇ 'ਚ ਮਜ਼ਦੂਰ ਸ਼ਾਮ ਦੇਵ ਰਾਏ (21) ਪੁੱਤਰ ਕਪਿਲ ਦੇਵ ਰਾਏ ਨਿਵਾਸੀ ਪਿੰਡ ਬੈਨੀਪੁਰ ਥਾਣਾ ਪਰਸੋਨੀ ਜ਼ਿਲਾ ਸੀਤਾਮੜੀ ਬਿਹਾਰ ਦੀ ਮੌਤ ਹੋ ਗਈ, ਜਦ ਕਿ 4 ਹੋਰਨਾਂ ਦੇ ਜ਼ਖਮੀ ਹੋਣ ਦੀ  ਸੂਚਨਾ ਹੈ। ਇਨ੍ਹਾਂ ਵਿਚੋਂ 4 ਪ੍ਰਵਾਸੀ ਮਜ਼ਦੂਰਾਂ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ। 2 ਹੋਰ ਸਥਾਨਕ ਮਜ਼ਦੂਰਾਂ ਦੇ ਬਾਰੇ ਵਿਚ ਕੋਈ ਸੂਚਨਾ ਨਹੀਂ ਮਿਲ ਸਕੀ।
ਕੀ ਹੈ ਮਾਮਲਾ
ਮ੍ਰਿਤਕ ਪ੍ਰਵਾਸੀ ਮਜ਼ਦੂਰ ਸ਼ਾਮ ਦੇਵ ਰਾਏ ਦੇ ਸਕੇ ਭਰਾ ਵਿਕਾਸ ਯਾਦਵ (27) ਦਵਿੰਦਰ, ਸ਼ੇਰ ਬਹਾਦੁਰ , ਮੁਕੇਸ਼ ਅਤੇ ਉਪਦੇਸ਼ ਸ਼ਰਮਾ ਨੇ ਦੱਸਿਆ ਕਿ ਅਮਲੋਹ ਰੋਡ ਪਿੰਡ ਤੂਰਾ ਸਥਿਤ ਫਰਨੇਸ ਇਕਾਈ ਪੰਜਾਬ ਸਟੀਲ 'ਚ ਸ਼ਾਮ ਕਰੀਬ 4 ਵਜੇ ਗਰਮ ਹੋਏ ਲੋਹੇ ਨੂੰ ਕ੍ਰੇਨ ਅਤੇ ਲੋਡਰ ਦੀ ਮਦਦ ਨਾਲ ਇਕ ਭੱਠੀ ਤੋਂ ਦੂਸਰੀ ਭੱਠੀ ਤੱਕ ਲਿਜਾਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕ੍ਰੇਨ ਦੀ ਅਚਾਨਕ ਰੱਸੀ ਟੁੱਟ ਗਈ ਜਿਸ ਨਾਲ ਕ੍ਰੇਨ ਦੀ ਰੱਸੀ 'ਤੇ ਲਮਕ ਰਹੇ ਗਰਮ ਲੋਹੇ ਨਾਲ ਭਰਿਆ ਲੋਡਰ ਪਲਟ ਗਿਆ। ਇਸ ਦੌਰਾਨ ਕਰੀਬ 12 ਟਨ ਉਬਲਦਾ ਹੋਇਆ ਲੋਹਾ ਉਥੇ ਕੰਮ ਕਰ ਰਹੇ ਮਜ਼ਦੂਰਾਂ 'ਤੇ ਡਿੱਗ ਗਿਆ। ਜਿਸ ਨਾਲ ਇਕ ਪ੍ਰਵਾਸੀ ਸ਼ਾਮ ਦੇਵ ਰਾਏ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 2 ਹੋਰ ਪ੍ਰਵਾਸੀ ਮਜ਼ਦੂਰ ਬਲੀ ਰਾਮ ਅਤੇ ਰੋਸ਼ਨ ਅਤੇ 2 ਪੰਜਾਬੀ ਮਜ਼ਦੂਰਾਂ ਸਮੇਤ ਕੁੱਲ 4 ਮਜ਼ਦੂਰ ਝੁਲਸ ਗਏ।
ਟਰਾਲੀ 'ਚ ਲਿਆਂਦੀ ਗਈ ਹਸਪਤਾਲ 'ਚ ਲਾਸ਼
ਮ੍ਰਿਤਕ ਸ਼ਾਮ ਦੇਵ ਦੀ ਲਾਸ਼ ਨੂੰ ਉਦਯੋਗਿਕ ਇਕਾਈ 'ਚ ਸਕ੍ਰੈਪ ਦੀ ਢਲਾਈ ਲਈ ਇਸਤੇਮਾਲ 'ਤੇ ਲਿਆਂਦੀ ਜਾਂਦੀ ਟਰਾਲੀ 'ਚ ਹਸਪਤਾਲ ਲਿਆਂਦੀ ਗਈ, ਜਿਸ ਨੂੰ ਇਕ ਮੋਟੀ ਜਿਹੀ ਬੋਰੀ ਵਿਚ ਲਪੇਟਿਆ ਹੋਇਆ ਸੀ ਕਿ ਸ਼ਾਮ ਕੇਵਲ ਉਦਯੋਗਪਤੀ ਦੇ ਲਈ ਕਮਾਈ ਦਾ ਇਕ ਸਾਧਨ ਹੈ।
ਕੀ ਕਹਿਣਾ ਹੈ ਮਾਲਕ ਦਾ
ਇਸ ਹਾਦਸੇ ਸਬੰਧੀ ਜਦੋਂ ਪੰਜਾਬ ਸਟੀਲ ਫਰਨੇਸ ਦੇ ਮਾਲਕ ਚੰਦਰ ਪ੍ਰਕਾਸ਼ ਮਿੱਤਲ  (ਸੀ. ਪੀ.) ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਹਾਦਸੇ ਬਾਰੇ ਵਿਚ ਅਜੇ ਸੂਚਨਾ ਮਿਲੀ ਹੈ ਅਤੇ ਉਹ ਤਾਂ ਅਜੇ ਜਲੰਧਰ ਤੋਂ ਵਾਪਸ ਆ ਰਹੇ ਹਨ, ਇਸ ਲਈ ਉਨ੍ਹਾਂ ਨੂੰ ਅਜੇ ਇਸ ਮਾਮਲੇ ਵਿਚ ਪੂਰੀ ਜਾਣਕਾਰੀ ਨਹੀਂ ਹੈ।
ਕੀ ਕਹਿੰਦੇ ਹਨ ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੇਵਲ ਸਿੰਘ
ਇਸ ਮਾਮਲੇ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੇਵਲ ਸਿੰਘ ਅਤੇ ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਨੂੰ 6 ਵਜੇ ਤੱਕ ਇਕ ਮ੍ਰਿਤਕ ਮਜ਼ਦੂਰ ਦੀ ਹੀ ਸੂਚਨਾ ਮਿਲੀ ਹੈ। ਜਦੋਂਕਿ ਹੋਰ ਜ਼ਖ਼ਮੀਆਂ ਦੇ ਬਾਰੇ ਵਿਚ ਕੋਈ ਸੂਚਨਾ ਉਨ੍ਹਾਂ ਨੂੰ ਨਹੀਂ  ਮਿਲੀ।


Related News