ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਡੀ. ਜੀ. ਪੀ. ਨੂੰ ਤੁਰੰਤ ਸਸਪੈਂਡ ਕਰਨ : ਕਿਸ਼ਨ ਲਾਲ ਸ਼ਰਮਾ

10/18/2017 10:09:07 AM

ਜਲੰਧਰ (ਜ. ਬ.)- ਅੱਜ ਲੁਧਿਆਣਾ ਵਿਚ ਆਰ. ਐੱਸ. ਐੱਸ. ਦੇ ਸਵੈਮ-ਸੇਵਕ ਰਵਿੰਦਰ ਗੋਸਾਈਂ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਹਰ ਵਰਗ ਦੇ ਲੋਕਾਂ ਵਿਚ ਵਿਰੋਧ ਦੀ ਲਹਿਰ ਚੱਲ ਰਹੀ ਹੈ। ਪੰਡਿਤ ਦੀਨ ਦਿਆਲ ਉਪਾਧਿਆਏ ਸਮ੍ਰਿਤੀ ਮੰਚ ਪੰਜਾਬ ਦੇ ਪ੍ਰਧਾਨ ਕਿਸ਼ਨ ਲਾਲ ਸ਼ਰਮਾ, ਮਹਾ ਮੰਤਰੀ ਅਸ਼ੋਕ ਸਰੀਨ ਹਿੱਕੀ ਨੇ ਪੰਜਾਬ ਪੁਲਸ ਦੇ ਡੀ. ਜੀ. ਪੀ. ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹਾ ਕੀਤਾ ਹੈ। ਮੰਚ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਗੁੰਡਾਗਰਦੀ, ਗੈਂਗਵਾਰ ਤੇ ਨਸ਼ਾਖੋਰੀ ਜਦੋਂ ਤੋਂ ਸੁਰੇਸ਼ ਅਰੋੜਾ ਪੰਜਾਬ ਪੁਲਸ ਦੇ ਮੁਖੀ ਬਣੇ ਹਨ, ਉਦੋਂ ਤੋਂ ਬਹੁਤ ਵਧ ਗਈ ਹੈ।
ਇੰਨਾ ਹੀ ਨਹੀਂ, ਜਦੋਂ ਆਰ. ਐੱਸ. ਐੱਸ. ਪੰਜਾਬ ਦੇ ਸਹਿ-ਸੰਘ ਸੰਚਾਲਕ ਜਗਦੀਸ਼ ਗਗਨੇਜਾ ਦੀ ਹੱਤਿਆ ਹੋਈ ਸੀ, ਉਸ ਵੇਲੇ ਵੀ ਅਰੋੜਾ ਪੰਜਾਬ ਪੁਲਸ ਦੇ ਮੁਖੀ ਸਨ ਤੇ ਅਜ ਤੱਕ ਦੋਸ਼ੀ ਫੜੇ ਨਹੀਂ ਜਾ ਸਕੇ। 
ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕੈਪਟਨ ਪੰਜਾਬ ਦੇ ਡੀ. ਜੀ. ਪੀ. ਨੂੰ ਤੁਰੰਤ ਸਸਪੈਂਡ ਕਰਨ ਕਿਉਂਕਿ ਗਗਨੇਜਾ ਹੱਤਿਆਕਾਂਡ ਤੋਂ ਬਾਅਦ ਆਰ. ਐੱਸ. ਐੱਸ. ਦੇ ਸਵੈਮ-ਸੇਵਕ ਰਵਿੰਦਰ ਗੋਸਾਈਂ ਦੀ ਹੱਤਿਆ ਨਾਲ ਪੰਜਾਬ ਪੁਲਸ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਅਰੋੜਾ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਜਨਤਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਪੰਜਾਬ ਵਿਚ ਪੁਲਸ ਸਿਰਫ ਆਮ ਜਨਤਾ ਦੇ ਸਕੂਟਰ, ਕਾਰਾਂ ਦੇ ਚਲਾਨ ਕੱਟਣ ਵਿਚ ਮਸਤ ਹੈ। ਆਗੂਆਂ ਨੇ ਕਿਹਾ ਕਿ ਜਲਦੀ ਹੀ ਇਸ ਮਾਮਲੇ 'ਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮੰਗ ਪੱਤਰ ਦੇ ਕੇ ਪੁਲਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੀ ਅਪੀਲ ਕਰਨਗੇ ਕਿਉਂਕਿ ਪੰਜਾਬ ਪੁਲਸ ਦੇ ਮੁਖੀ ਅਰੋੜਾ ਸਿਰਫ ਬਿਆਨਬਾਜ਼ੀ ਨਾਲ ਪੰਜਾਬ ਨੂੰ ਗੁੰਡਾਗਰਦੀ, ਨਸ਼ਾਖੋਰੀ ਤੋਂ ਮੁਕਤ ਹੋਣ ਦੇ ਦਾਅਵੇ ਕਰਦੇ ਹਨ, ਜਦੋਂਕਿ ਅਸਲੀਅਤ ਅਪਰਾਧਿਕ ਵਾਰਦਾਤਾਂ ਨਾਲ ਭਰੀ ਹੋਈ ਹੈ।


Related News