ਪੰਜਾਬ ਦੇ ਲੋਕ ਗੱਦਾਰੀ ਕਰਨ ਵਾਲੇ ਲੋਕਾਂ ਨੂੰ ਕਦੇ ਮਾਫ਼ ਨਹੀਂ ਕਰਨਗੇ: ਸੁਖਜਿੰਦਰ ਸਿੰਘ ਰੰਧਾਵਾ
Thursday, Mar 28, 2024 - 12:38 AM (IST)
ਪਠਾਨਕੋਟ (ਅਦਿਤਿਆ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਸੁਨੀਲ ਜਾਖੜ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਨਾਲ ਨਾ ਭੁੱਲਣ ਯੋਗ ਵਾਲੀ ਗੱਦਾਰੀ ਕੀਤੀ ਹੈ। ਕਾਂਗਰਸ ਪਾਰਟੀ ਨੇ ਬਿੱਟੂ ਦੇ ਦਾਦਾ ਸਰਦਾਰ ਬੇਅੰਤ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਸੌਪਿਆਂ ਅਤੇ ਉਸ ਦੀ ਭੁਆ ਗੁਰਕੰਵਲ ਕੌਰ ਨੂੰ ਪੰਜਾਬ ਦੀ ਕੈਬਨਿਟ ਵਿਚ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਮੰਤਰੀ ਬਣਾਇਆ। ਇੰਨਾ ਹੀ ਨਹੀਂ ਬਿੱਟੂ ਦੇ ਤਾਇਆਂ ਤੇਜ ਪ੍ਰਕਾਸ਼ ਸਿੰਘ ਨੂੰ ਸਰਦਾਰ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਵਿਧਾਇਕ ਨਾ ਹੋਣ ਦੀ ਸੂਰਤ ਵਿਚ ਵੀ ਸਰਦਾਰ ਹਰਚਰਨ ਸਿੰਘ ਬਰਾੜ ਦੀ ਵਜਾਰਤ ਵਿਚ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਨਿਵਾਜਿਆ। ਉਸ ਦੇ ਭਰਾ ਗੁਰਕੀਰਤ ਸਿੰਘ ਕੋਟਲੀ ਨੂੰ ਤਿੰਨ ਵਾਰ ਵਿਧਾਨ ਸਭਾ ਦੀ ਟਿਕਟ ਦੇ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਵਜਾਰਤ ਵਿੱਚ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ।
ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੂਰਾਲ ਮੋਦੀ ਦੇ ਪਰਿਵਾਰ 'ਚ ਹੋਏ ਸ਼ਾਮਲ, ਫੇਸਬੁੱਕ 'ਤੇ ਬਦਲੀ ਕਵਰ ਫੋਟੋ
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ ਲੜਦੇ 35000 ਦੇ ਕਰੀਬ ਸ਼ਹੀਦਾਂ ਦੀਆਂ ਆਤਮਾਵਾਂ ਵੀ ਤਹਾਨੂੰ ਫਿਟਕਾਰ ਪਾਉਂਦੀਆਂ ਹੋਣਗੀਆਂ। ਰੰਧਾਵਾ ਨੇ ਕਿਹਾ ਕਿ ਤੁਹਾਨੂੰ ਸਿਰਫ ਅਤੇ ਸਿਰਫ ਸਰਦਾਰ ਬੇਅੰਤ ਸਿੰਘ ਦਾ ਪੋਤਰਾ ਹੋਣ ਦੇ ਬਾਵਜੂਦ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਫਿਰ ਦੋ ਵਾਰ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦੇ ਕਾਂਗਰਸ ਪਾਰਟੀ ਨੇ ਤੁਹਾਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਦਾ ਦਰਜਾ ਦਿਵਾਇਆ ਪਰ ਕੱਲ ਅਚਾਨਕ ਤੁਹਾਡੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਜਾਣ ਕਰਕੇ ਸਵਰਗੀ ਬੇਅੰਤ ਸਿੰਘ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕ ਆਪਣੇ ਆਪ ਨੂੰ ਠੱਗਿਆ ਜਿਹਿਆ ਮਹਿਸੂਸ ਕਰ ਰਹੇ ਹਨ। ਤੁਸੀ ਸਰਦਾਰ ਬੇਅੰਤ ਸਿੰਘ ਦੇ ਨਾਮ ਨੂੰ ਭਾਜਪਾ ਵਿੱਚ ਜਾ ਕੇ ਕਲੰਕਿਤ ਕਰ ਦਿੱਤਾ ਹੈ, ਜਿਸ ਦਾ ਖਮਿਆਜ਼ਾ ਤਹਾਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ- ਕਾਂਗਰਸ ਨੇ 8ਵੀਂ ਸੂਚੀ ਕੀਤੀ ਜਾਰੀ, 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
ਸਰਦਾਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਸਮੁੰਦਰ ਹੈ ਇਸ ਵਿਚੋਂ ਦੋ ਚਾਰ ਬਾਲਟੀਆਂ ਪਾਣੀ ਦੀਆਂ ਕੱਢਣ ਨਾਲ ਸਮੁੰਦਰ ਦੀ ਹੋਂਦ ਨਹੀ ਮਿੱਟਦੀ, ਉਹ ਬਰਕਰਾਰ ਰਹਿੰਦੀ ਹੈ। ਪੰਜਾਬ ਦਾ ਹਰ ਸੱਚਾ ਸੁੱਚਾ ਕਾਂਗਰਸੀ ਤੁਹਾਡੇ ਭਾਜਪਾ ਵਿਚ ਜਾਣ ਕਰਕੇ ਤੁਹਾਨੂੰ ਲਾਹਨਤਾਂ ਪਾ ਰਿਹਾ ਹੈ। ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਉਨ੍ਹਾਂ ਦੇ ਅਤਿ ਨਜ਼ਦੀਕੀ ਸਾਥੀ ਅਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਦਿੱਤੀ।
ਇਹ ਵੀ ਪੜ੍ਹੋ- ਜੇਲ੍ਹ ਤੋਂ ਨਹੀਂ ਚੱਲੇਗੀ ਸਰਕਾਰ, ਸਿਰਸਾ ਨੇ ਕੀਤੀ ਕੇਜਰੀਵਾਲ ’ਤੇ FIR ਦਰਜ ਕਰਨ ਦੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e