ਚੋਰਾਂ ਘਰ ''ਚੋਂ ਉਡਾਇਆ ਸਾਮਾਨ ਤੇ ਨਕਦੀ

06/25/2017 2:20:44 AM

ਬਟਾਲਾ,   (ਬੇਰੀ)- ਮੁਹੱਲਾ ਪ੍ਰੇਮ ਨਗਰ ਦਾਰਾ ਸਲਾਮ ਵਿਖੇ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਤੇ ਸਾਮਾਨ 'ਤੇ ਹੱਥ ਸਾਫ ਕੀਤਾ ਹੈ।  ਮਧੂ ਸੂਦਣ ਪੁੱਤਰ ਅਵਿਨਾਸ਼ ਚੰਦਰ ਵਾਸੀ ਪ੍ਰੇਮ ਨਗਰ ਦਾਰਾ ਸਲਾਮ ਨੇ ਦੱਸਿਆ ਕਿ ਉਹ 20 ਜੂਨ ਨੂੰ ਪਰਿਵਾਰ ਸਮੇਤ ਡਲਹੌਜ਼ੀ ਗਏ ਸਨ ਤੇ ਕੱਲ 23 ਜੂਨ ਨੂੰ ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਤੇ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਕਾਰਨ ਉਹ ਗੁਆਂਢੀਆਂ ਦੇ ਘਰ ਰਾਹੀਂ ਆਪਣੇ ਘਰ ਦਾਖਲ ਹੋਏ ਤਾਂ ਦੇਖਿਆ ਕਿ ਘਰ ਦਾ ਸਾਮਾਨ ਖਿੱਲਰਿਆ ਹੋਇਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਚੋਰਾਂ ਵੱਲੋਂ ਲੈਪਟਾਪ, 2600 ਰੁਪਏ ਨਕਦੀ ਤੇ ਇਕ ਕਾਲਾ ਬੈਗ ਜਿਸ 'ਚ ਜ਼ਰੂਰੀ ਕਾਗਜ਼ਾਤ ਸਨ, ਚੋਰੀ ਹੋਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਚੋਰੀ ਕਰਦੇ ਸਮੇਂ ਸੱਟ ਲੱਗੀ ਹੈ ਕਿਉਂਕਿ ਘਰ ਵਿਚ ਖੂਨ ਦੇ ਨਿਸ਼ਾਨ ਪਏ ਸਨ, ਜਿਸ ਕਾਰਨ ਉਨ੍ਹਾਂ ਨੇ ਸਿਟੀ ਪੁਲਸ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਮੁਹੱਲੇ ਵਿਚੋਂ ਇਕ ਨੌਜਵਾਨ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਗਿਆ ਸੀ, ਜਿਸ ਨੂੰ 2-3 ਦਿਨ ਪਹਿਲਾਂ ਕਾਫੀ ਸੱਟਾਂ ਲੱਗੀਆਂ ਸਨ। ਖਬਰ ਲਿਖੇ ਜਾਣ ਤੱਕ ਪੁਲਸ ਜਾਂਚ ਜਾਰੀ ਸੀ।


Related News