ਵਕੀਲਾਂ ਵੱਲੋਂ ਐੱਸ. ਐੱਸ. ਪੀ. ਦਫਤਰ ਸਾਹਮਣੇ ਧਰਨਾ

Friday, October 13, 2017 7:34 AM
ਵਕੀਲਾਂ ਵੱਲੋਂ ਐੱਸ. ਐੱਸ. ਪੀ. ਦਫਤਰ ਸਾਹਮਣੇ ਧਰਨਾ

ਰੂਪਨਗਰ, (ਕੈਲਾਸ਼)- ਜ਼ਿਲਾ ਬਾਰ ਐਸੋਸੀਏਸ਼ਨ ਰੂਪਨਗਰ ਤੇ ਸੀ. ਆਈ. ਏ. ਸਟਾਫ ਦੇ ਅਧਿਕਾਰੀ ਵਿਚਕਾਰ ਚੱਲ ਰਹੇ ਝਗੜੇ ਕਾਰਨ ਅੱਜ ਚੌਥੇ ਦਿਨ ਵੀ ਵਕੀਲਾਂ ਨੇ ਆਪਣਾ ਕੰਮ ਠੱਪ ਕਰ ਕੇ ਐਸੋਸੀਏਸ਼ਨ ਦੇ ਪ੍ਰਧਾਨ ਅਮਰਰਾਜ ਸੈਣੀ ਦੀ ਪ੍ਰਧਾਨਗੀ 'ਚ ਜ਼ਿਲਾ ਪੁਲਸ ਮੁਖੀ ਦਫਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਸੀ.ਆਈ.ਏ. ਸਟਾਫ ਦੇ ਇਕ ਅਧਿਕਾਰੀ ਵੱਲੋਂ ਬਾਰ ਐਸੋਸੀਏਸ਼ਨ ਦੇ ਮੈਂਬਰ ਰਜਿੰਦਰ ਸਿੰਘ ਬਾਠ ਨੂੰ ਇਕ ਅਪਰਾਧਿਕ ਮਾਮਲੇ 'ਚ ਸ਼ਾਮਲ ਕਰਨ ਦੀ ਧਮਕੀ ਦੇਣ ਤੇ ਉਸ ਨਾਲ ਮਾੜਾ ਸਲੂਕ ਕਰਨ ਕਰਕੇ ਵਕੀਲਾਂ 'ਚ ਰੋਸ ਹੈ। ਵਕੀਲਾਂ ਦੀ ਮੀਟਿੰਗ 'ਚ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜੋ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰੇਗੀ।
ਇਸ ਕਮੇਟੀ 'ਚ ਪ੍ਰਧਾਨ ਅਮਰਰਾਜ ਸੈਣੀ ਤੋਂ ਇਲਾਵਾ ਸੰਬੰਧਤ ਵਕੀਲ ਰਜਿੰਦਰ ਸਿੰਘ ਬਾਠ, ਭਾਗ ਸਿੰਘ, ਤਾਰਾ ਸਿੰਘ ਚਾਹਲ, ਪਰਮਜੀਤ ਸਿੰਘ ਪੰਮਾ, ਦਿਨੇਸ਼ ਚੱਢਾ, ਕਮਲ ਸਿੰਘ ਕਟਲੀ ਤੇ ਜੀ. ਪੀ. ਐੱਸ. ਢੇਰ ਨੂੰ ਸ਼ਾਮਲ ਕੀਤਾ ਗਿਆ।
ਮੀਟਿੰਗ 'ਚ ਐਡਵੋਕੇਟ ਸ਼ੇਖਰ ਸ਼ੁਕਲਾ, ਚੇਤਨ ਸ਼ਰਮਾ, ਡੀ. ਐੱਸ. ਦਿਓਲ, ਮਨੀਸ਼ ਆਹੂਜਾ, ਉਮੇਸ਼ ਗੌਤਮ, ਇੰਦਰਪਾਲ ਵੋਹਰਾ, ਕੇਸਰ ਸਿੰਘ, ਏ. ਪੀ. ਐੱਸ. ਬਾਵਾ, ਆਰ. ਐੱਨ. ਮੌਦਗਿੱਲ ਆਦਿ ਮੌਜੂਦ ਸਨ।
ਦੇਰ ਸ਼ਾਮ ਵਕੀਲਾਂ ਤੇ ਸੀ. ਆਈ. ਏ. ਅਧਿਕਾਰੀ ਵਿਚਕਾਰ ਮਾਮਲਾ ਸੁਲਝਿਆ
ਵਕੀਲਾਂ ਤੇ ਸੀ.ਆਈ.ਏ. ਸਟਾਫ ਦੇ ਅਧਿਕਾਰੀ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਅੱਜ ਦੇਰ ਸ਼ਾਮ ਪੁਲਸ ਪ੍ਰਸ਼ਾਸਨ ਤੇ ਬਾਰ ਐਸੋਸੀਏਸ਼ਨ ਵੱਲੋਂ ਨਿਯੁਕਤ 7 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ। ਇਸ ਸੰਬੰਧੀ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਰਾਜ ਸੈਣੀ ਨੇ ਦੱਸਿਆ ਕਿ ਮੀਟਿੰਗ 'ਚ ਸੀ.ਆਈ.ਏ. ਸਟਾਫ ਦੇ ਇੰਚਾਰਜ ਅਤੁਲ ਸੋਨੀ ਵੀ ਪਹੁੰਚੇ ਹੋਏ ਸੀ। ਇਸ ਦੌਰਾਨ ਦੋਵਾਂ ਧਿਰਾਂ 'ਚ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤੋਂ ਬਾਅਦ ਅਤੁਲ ਸੋਨੀ ਅਤੇ ਐਡਵੋਕੇਟ ਰਜਿੰਦਰ ਸਿੰਘ ਬਾਠ ਵਿਚਕਾਰ ਪੈਦਾ ਹੋਈ ਗਲਤਫਹਿਮੀ ਨੂੰ ਆਪਸੀ ਰਜ਼ਾਮੰਦੀ ਨਾਲ ਦੂਰ ਕੀਤਾ ਗਿਆ। ਪ੍ਰਧਾਨ ਅਮਰਰਾਜ ਸੈਣੀ ਨੇ ਦੱਸਿਆ ਕਿ ਵਕੀਲਾਂ ਦੀ ਫੁੱਲ ਹਾਊਸ ਮੀਟਿੰਗ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਜਾਵੇਗਾ।