ਅਨਾਜ ਦੀ ਵੰਡ ਨੂੰ ਲੈ ਕੇ ਹੋਇਆ ਖੂਨੀ ਟਕਰਾਅ, ਚੱਲੀ ਗੋਲੀ

11/18/2017 7:30:26 PM

ਬਟਾਲਾ/ਫਤਿਹਗੜ੍ਹ ਚੂੜੀਆਂ (ਬੇਰੀ, ਬਿਕਰਮਜੀਤ) : ਕਸਬੇ ਦੇ ਨਜ਼ਦੀਕੀ ਪਿੰਡ ਬੱਦੋਵਾਲ ਖੁਰਦ ਵਿਖੇ ਸਰਕਾਰੀ ਅਨਾਜ ਦੀ ਵੰਡ ਸਮੇਂ ਦਿੱਤੀਆਂ ਜਾਣ ਵਾਲੀਆਂ ਪਰਚੀਆਂ ਕੱਟਣ ਦੌਰਾਨ ਪਿੰਡ ਦੀਆਂ ਹੀ ਦੋ ਧਿਰਾਂ ਵਿਚਕਾਰ ਆਪਸੀ ਤਕਰਾਰ ਹੋ ਜਾਣ ਦੌਰਾਨ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬੱਦੋਵਾਲ ਖੁਰਦ ਨੇ ਦੱਸਿਆ ਕਿ ਸਰਕਾਰੀ ਡੀਪੂ ਦੀ ਕਣਕ ਵੰਡਣ ਲਈ ਬਲਕਾਰ ਸਿੰਘ ਦੀ ਹਵੇਲੀ 'ਚ ਪਰਚੀਆਂ ਕੱਟਣ ਦਾ ਸਿਲਸਿਲਾ ਚੱਲ ਰਿਹਾ ਸੀ, ਇਸ ਦੌਰਾਨ ਜਸਮੀਤ ਸਿੰਘ ਪੁੱਤਰ ਨਛੱਤਰ ਸਿੰਘ ਆਪਣੇ ਸਾਥੀ ਸਮੇਤ ਉਕਤ ਬਲਕਾਰ ਸਿੰਘ ਦੀ ਹਵੇਲੀ ਵਿਚ ਆ ਗਿਆ, ਜਿੱਥੇ ਬਲਕਾਰ ਸਿੰਘ ਅਤੇ ਜਸਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੱਦੋਵਾਲ ਖੁਰਦ ਵਿਚ ਕਣਕ ਵੰਡ ਦੀਆਂ ਪਰਚੀਆਂ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ ਅਤੇ ਗਾਲੀ-ਗਲੋਚ ਕਰਦਿਆਂ ਇਕ-ਦੂਜੇ ਦੀਆਂ ਪੱਗਾਂ ਲਾਉਣ ਤੱਕ ਨੌਬਤ ਆ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਮਾਮਲਾ ਇਥੋਂ ਤੱਕ ਵੱਧ ਗਿਆ ਕਿ ਦੂਜੀ ਧਿਰ ਨਾਲ ਸਬੰਧਤ ਉਕਤ ਜਸਮੀਤ ਸਿੰਘ ਅਤੇ ਉਸਦੇ ਨਾਲ ਆਏ ਅਣਪਛਾਤੇ ਵਿਅਕਤੀ ਨੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਕਿ ਗੁਰਦਿਆਲ ਸਿੰਘ ਪੁੱਤਰ ਸਤਨਾਮ ਸਿੰਘ ਦੇ ਗੋਡੇ 'ਚ ਜਾ ਵੱਜੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਦਿਆਲ ਸਿੰਘ ਨੂੰ ਤੁਰੰਤ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫਤਿਹਗੜ੍ਹ ਚੂੜੀਆਂ ਦੇ ਐੱਸ.ਐੱਚ.ਓ. ਮਨਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ, ਜਿੱਥੇ ਉਨ੍ਹਾਂ ਮਾਮਲੇ ਦੀ ਜਾਂਚ ਕਰਦਿਆਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਉਕਤ ਮਾਮਲੇ ਸਬੰਧੀ ਜਦੋਂ ਦੂਜੀ ਧਿਰ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਕਰਨਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਵ੍ਹੀਲਾ ਤੇਜਾ ਨੇ ਦੱਸਿਆ ਕਿ ਮੈਂ ਤੇ ਮੇਰਾ ਸਾਥੀ ਜਸਮੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੱਦੋਵਾਲ ਖੁਰਦ ਹਮੇਸ਼ਾ ਇਕੱਠੇ ਰਹਿੰਦੇ ਹਨ ਅਤੇ ਅੱਜ ਜਦੋਂ ਪਿੰਡ ਬੱਦੋਵਾਲ ਖੁਰਦ ਦੇ ਰਹਿਣ ਵਾਲੇ ਬਲਕਾਰ ਸਿੰਘ ਦੀ ਹਵੇਲੀ ਵਿਚ ਕਣਕ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ ਜਿਸ 'ਤੇ ਅਸੀਂ ਉਥੇ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਨਤਕ ਜਗ੍ਹਾ 'ਤੇ ਸਰਕਾਰੀ ਅਨਾਜ ਦੀਆਂ ਪਰਚੀਆਂ ਵੰਡੋ ਜਿਸ 'ਤੇ ਬਲਕਾਰ ਸਿੰਘ ਨਾਲ ਤਕਰਾਰ ਹੋ ਗਈ ਤਾਂ ਬਲਕਾਰ ਸਿੰਘ ਤੇ ਨਿਰਪਾਲ ਸਿੰਘ ਨੇ ਆਪਣੀ 12 ਬੋਰ ਬੰਦੂਕ ਨਾਲ ਸਾਡੇ 'ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ।
ਇਸ ਸਬੰਧੀ ਜਦੋਂ ਐੱਸ.ਐੱਚ.ਓ ਫਤਿਹਗੜ੍ਹ ਚੂੜੀਆਂ ਮਨਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਅਤੇ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Related News