ਯੂਨੀਵਰਸਿਟੀ ਦੇ ਕਰਮਚਾਰੀਆਂ ''ਘੜਾ'' ਭੰਨ ਕੇ ਮਨਾਈ ਕਾਲੀ ਦੀਵਾਲੀ

10/19/2017 7:46:36 AM

ਫ਼ਰੀਦਕੋਟ  (ਹਾਲੀ) - ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਿਖੇ ਪਿਛਲੇ 5 ਤੋਂ 12 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਸਿਰਫ਼ ਕੰਟਰੈਕੁਚਅਲ ਕਰਮਚਾਰੀਆਂ ਨਾਲ ਕੀਤੇ ਜਾ ਰਹੇ ਇਕਪਾਸੜ ਰਵੱਈਏ ਤੋਂ ਅੱਕ ਕੇ ਯੂਨੀਵਰਸਿਟੀ ਵਿਖੇ ਇਕੱਠੇ ਹੋ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ ਗੁਰਇਕਬਾਲ ਸਿੰਘ ਬਰਾੜ, ਵਿਕਾਸ ਅਰੋੜਾ, ਗਗਨ ਜਸਵਾਲ ਤੇ ਗੁਰਮੀਤ ਸਿੰਘ ਮੁੱਖਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਪਿਛਲੇ ਕਈ ਸਾਲਾਂ ਤੋਂ ਡਾਕਟਰਾਂ ਤੇ ਹੋਰ ਅਮਲੇ ਦੀ ਭਰਤੀ ਰੈਗੂਲਰ ਤੌਰ 'ਤੇ ਲਗਾਤਾਰ ਕੀਤੀ ਜਾ ਰਹੀ ਹੈ ਪਰ ਇਥੇ ਪਿਛਲੇ ਕਈ ਸਾਲਾਂ ਤੋਂ ਕੰਟਰੈਕਟ 'ਤੇ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਪੱਲਾ ਝਾੜ ਰਿਹਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਉਹ ਅਨੇਕਾਂ ਵਾਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾ ਚੁੱਕੇ ਹਨ ਪਰ ਉਹ ਜਾਣਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨਾਲ ਜੋੜ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਯੂਨੀਵਰਸਿਟੀ ਕਰਮਚਾਰੀਆਂ ਨੇ ਯੂਨੀਵਰਸਿਟੀ ਅੱਗੇ ਇਕੱਠੇ ਹੋ ਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਮੁਲਾਜ਼ਮ ਮਾਰੂ ਰਵੱਈਏ ਦਾ ਘੜਾ ਭੰਨਿਆ ਤੇ ਸਮੂਹਿਕ ਪ੍ਰਣ ਕੀਤਾ ਕਿ ਉਹ ਇਸ ਵਾਰ ਆਪਣੇ ਘਰਾਂ 'ਚ ਦੀਵਾਲੀ ਨਹੀਂ ਮਨਾਉਣਗੇ, ਜਿਸ ਦੇ ਰੋਸ ਵਜੋਂ ਘਰਾਂ 'ਚ ਨਾ ਦੀਪਮਾਲਾ ਕੀਤੀ ਜਾਵੇਗੀ ਤੇ ਜਸ਼ਨ ਮਨਾਉਣ ਤੋਂ ਵੀ ਪ੍ਰਹੇਜ਼ ਕੀਤਾ ਜਾਵੇਗਾ।
ਇਸ ਮੌਕੇ ਯੂਨੀਵਰਸਿਟੀ ਤੋਂ ਉਪ ਕੁਲਪਤੀ ਡਾ. ਰਾਜ ਬਹਾਦਰ ਦੇ ਘਰ ਤੱਕ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕੀਤਾ ਗਿਆ ਤੇ ਉਨ੍ਹਾਂ ਦੇ ਘਰ ਅੱਗੇ ਬੈਠ ਕੇ ਮੋਮਬੱਤੀਆਂ ਬਾਲ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਹਰਜਿੰਦਰ ਸਿੰਘ ਸੇਖੋਂ, ਪਵਨ ਕੁਮਾਰ, ਪਰਮਿੰਦਰ ਸਿੰਘ, ਹਰਿੰਦਰ ਸਿੰਘ, ਰਮਨਦੀਪ ਕੌਰ, ਅਜੈ ਬੱਬਰ, ਅਸ਼ਵਨੀ ਕੁਮਾਰ, ਇਕਬਾਲ ਸਿੰਘ ਮਲੂਕਾ, ਜਸਵੀਰ ਕੌਰ, ਨਿਸ਼ਾ ਕਟਾਰੀਆ, ਸਿਕੰਦਰ ਸਿੰਘ, ਤਿਲਕ ਰਾਜ ਤੇ ਮਿੰਟੂ ਹਾਜ਼ਰ ਸਨ।


Related News