ਮੋਸਟ ਵਾਂਟੇਡ ਗੈਂਗ ਦੇ ਲੋਕਾਂ ਨੇ ਅਕਾਲੀ ਆਗੂ ’ਤੇ ਕੀਤਾ ਕਾਤਲਾਨਾ ਹਮਲਾ, ਹਾਲਤ ਗੰਭੀਰ

08/16/2017 2:05:35 PM

ਲੁਧਿਆਣਾ (ਪੰਕਜ) : ਥਾਣਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਮੁਹੱਲਾ ਪ੍ਰੀਤ ਨਗਰ ਵਿਚ ਪੁਰਾਣੀ ਰੰਜਿਸ਼ ਕਾਰਨ ਬਾਕਸਰ ਗੈਂਗ ਦੇ ਹਥਿਆਰਬੰਦ ਗੁੰਡਿਆਂ ਨੇ ਸਰਗਰਮ ਅਕਾਲੀ ਆਗੂ ’ਤੇ ਕਾਤਲਾਨਾ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਭਰਾ ’ਤੇ ਹੋਏ ਹਮਲੇ ਦਾ ਬਦਲਾ ਲੈਣ ਪੁੱਜੇ ਵੱਖ-ਵੱਖ ਥਾਣਿਆਂ ਦੇ ਮੋਸਟ ਵਾਂਟੇਡ ਦੋਸ਼ੀਆਂ ਨੇ ਸਾਥੀਆਂ ਸਮੇਤ ਇਲਾਕੇ ਵਿਚ ਹੰਗਾਮਾ ਕਰਦੇ ਹੋਏ ਘਰਾਂ ਵਿਚ ਭੰਨ-ਤੋੜ ਸ਼ੁਰੂ ਕਰ ਦਿੱਤੀ। ਇਲਾਕੇ ’ਚ ਗੁੱਟਾਂ ਵਿਚ ਗੈਂਗਵਾਰ ਦੇ ਸ਼ੱਕ ਦੇ ਕਾਰਨ ਭਾਰੀ ਗਿਣਤੀ ’ਚ ਪੁਲਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਉਧਰ ਗੰਭੀਰ ਹਾਲਾਤ ਵਿਚ ਜ਼ੇਰੇ ਇਲਾਜ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਪੁਲਸ ਨੇ ਦੋ ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਸੋਮਵਾਰ ਸਵੇਰ ਦੀ ਹੈ। ਜਦੋਂ ਪ੍ਰੀਤ ਨਗਰ ਸਥਿਤ ਰਾਜ ਹਲਵਾਈ ਦੀ ਦੁਕਾਨ ’ਤੇ ਕਿਸੇ ਕੰਮ ਲਈ ਪੁੱਜੇ ਅਕਾਲੀ ਆਗੂ ਬਬਲੂ ਦਿਸਾਵਰ ’ਤੇ ਦੋ ਮੋਟਰਸਾਈਕਲਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਪੁੱਜੇ ਅੱਧਾ ਦਰਜਨ ਦੇ ਕਰੀਬ ਨੌਜਵਾਨਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਅਚਾਨਕ ਹੋਏ ਇਸ ਹਮਲੇ ਕਾਰਨ ਬਬਲੂ ਘਬਰਾ ਕੇ ਦੁਕਾਨ ਦੀ ਛੱਤ ’ਤੇ ਭੱਜ ਗਿਆ ਪਰ ਹਮਲਾਵਰ ਉਸ ਦੇ ਪਿੱਛੇ ਛੱਤ ’ਤੇ ਪਹੁੰਚ ਗਏ। ਜਾਨ ਬਚਾਉਣ ਲਈ ਉਸ ਨੇ ਛੱਤ ਤੋਂ ਗਲੀ ਵਿਚ ਛਾਲ ਮਾਰ ਦਿੱਤੀ ਅਤੇ ਭੱਜਣ ਦਾ ਯਤਨ ਕੀਤਾ। ਮੋਟਰਸਾਈਕਲ ’ਤੇ ਥੱਲੇ ਖੜ੍ਹੇ ਹਮਲਾਵਰਾਂ ਨੇ ਘੇਰ ਕੇ ਉਸ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਪੀ. ਸੀ. ਆਰ. ਕਰਮਚਾਰੀ ਮਲਕੀਤ ਸਿੰਘ ਦੀ ਡਿਊਟੀ ’ਤੇ ਜਾਂਦੇ ਸਮੇਂ ਉਨ੍ਹਾਂ ’ਤੇ ਨਿਗਾਹ ਪੈ ਗਈ, ਜਿਸ ਦੇ ਧਮਕਾਉਣ ’ਤੇ ਦੋਸ਼ੀ ਉਥੋਂ ਫਰਾਰ ਹੋ ਗਏ, ਜਿਸ ’ਤੇ ਬੁਰੀ ਤਰ੍ਹਾਂ ਲਹੂ-ਲੁਹਾਨ ਬਬਲੂ ਦਿਸ਼ਾਵਰ ਨੂੰ ਡੀ. ਐ¤ਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਸ਼ਿਮਲਾਪੁਰੀ ਪੁਲਸ ਨੇ ਉਸ ਦੇ ਬਿਆਨਾਂ ’ਤੇ ਬਾਕਸਰ ਗੈਂਗ ਦੇ ਕਾਲੀ, ਗੱਗੂ, ਅਮਨ ਡੌਕੀ, ਭੋਲਾ, ਗਗਨ ਆਦਿ ਦੇ ਖਿਲਾਫ ਕੇਸ ਦਰਜ ਕਰ ਕੇ ਕਾਲੀ ਅਤੇ ਅਮਨ ਨੂੰ ਹਿਰਾਸਤ ਵਿਚ ਲੈ ਲਿਆ ਹੈ।


Related News